ਦਲਿਤ ਅੰਦੋਲਨ ਸਮੁੱਚੇ ਕਿਰਤੀ ਵਰਗ ਲਈ : ਡੀ ਰਾਜਾ

0
133

ਹੈਦਰਾਬਾਦ (ਗਿਆਨ ਸੈਦਪੁਰੀ)-ਇੱਥੇ ਚੱਲ ਰਹੀ ਕੁਲ ਹਿੰਦ ਦਲਿਤ ਅਧਿਕਾਰ ਅੰਦੋਲਨ ਦੀ ਦੂਸਰੀ ਕੌਮੀ ਕਾਨਫਰੰਸ ਵਿੱਚ ‘ਲਾਲ ਸਲਾਮ-ਨੀਲ ਸਲਾਮ’ ਵਰਗੇ ਗੀਤਾਂ ਰਾਹੀਂ ਸਾਂਝ ਦੇ ਉਸਰਨ ਵਾਲੇ ਪੁਲ ਦੀ ਉਮੀਦ ਅਤੇ ਥੁੜਾਂ ਮਾਰੇ ਲੋਕਾਂ ਦੀਆਂ ਜਿਊਣ ਹਾਲਤਾਂ ਨੂੰ ਬਦਲ ਦੇਣ ਲਈ ਮਿਲ ਰਹੀ ਊਰਜਾ ਕਾਰਨ ਬਣੇ ਉਤਸ਼ਾਹੀ ਮਾਹੌਲ ਦੌਰਾਨ ਕਾਨਫਰੰਸ ਦੇ ਦੂਸਰੇ ਦਿਨ ਦੀ ਉਦਘਾਟਨੀ ਤਕਰੀਰ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਡੀ. ਰਾਜਾ ਨੇ ਆਰ.ਐੱਸ.ਐੱਸ. ਦੀ ਫਿਲਾਸਫੀ ਨੂੰ ਰੱਦ ਕਰਨ ਦਾ ਜ਼ੋਰਦਾਰ ਹੋਕਾ ਦਿੱਤਾ।ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਨਵੀਂ ਅੰਗੜਾਈ ਲੈ ਰਿਹਾ ਅੰਦੋਲਨ ਸਮੁੱਚੇ ਕਿਰਤੀ ਵਰਗ ਵਾਸਤੇ ਹੈ।ਉਨ੍ਹਾਂ ਕਿਹਾ ਕਿ ਅਸਲ ਵਿੱਚ ਦਲਿਤ ਅਤੇ ਖੇਤ ਮਜ਼ਦੂਰ ਦੇਸ਼ ਦੇ ਨਿਰਮਾਤਾ ਹਨ।ਉਨ੍ਹਾਂ ਕਿਹਾ ਕਿ ਮੁਲਕ ਅੰਦਰ ਵੱਡੀਆਂ ਚੁਣੌਤੀਆਂ ਦਰਪੇਸ਼ ਹੋਣ ਦੇ ਬਾਵਜੂਦ ਸਾਡੇ ਉਸ ਦਾਅਵੇ ਨੂੰ ਮਜ਼ਬੂਤੀ ਮਿਲ ਰਹੀ ਹੈ ਕਿ ਅਸੀਂ ਆਰ.ਐੱਸ.ਐੱਸ. ਅਤੇ ਭਾਰਤੀ ਜਨਤਾ ਪਾਰਟੀ ਨੂੰ ਹਰਾਵਾਂਗੇ।ਉਨ੍ਹਾਂ ਤਾਮਲਿਨਾਡੂ ਦੇ ਇੱਕ ਕਵੀ ਦੀ ਕਵਿਤਾ ਦੇ ਹਵਾਲੇ ਨਾਲ ਕਿਹਾ ਕਿ ਅਸੀਂ ਇੱਕ ਮੁਸਲਮਾਨ, ਹਿੰਦੂ ਅਤੇ ਦਲਿਤ ਮਾਂ ਦੇ ਬੱਚੇ ਅੰਦਰ ਪਾਏ ਜਾਂਦੇ ਵਿਤਕਰੇ ਨੂੰ ਖਤਮ ਕਰਾਂਗੇ।
ਕਾਮਰੇਡ ਡੀ. ਰਾਜਾ ਨੇ ਕੇਰਲ ਵਿੱਚ ਕੁਲ ਹਿੰਦ ਦਲਿਤ ਅਧਿਕਾਰ ਅੰਦੋਲਨ ਦੇ ਇੱਕ ਲੱਖ ਮੈਂਬਰ ਬਣ ਜਾਣ ਦੇ ਹਵਾਲੇ ਨਾਲ ਬਾਕੀ ਸੂਬਿਆਂ ਨੂੰ ਵੀ ਜਥੇਬੰਦੀ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵੋਮੈਨ ਦੀ ਕੌਮੀ ਆਗੂ ਕਾਮਰੇਡ ਐਨੀ ਰਾਜਾ ਨੇ ਆਪਣੀ ਤਕਰੀਰ ਵਿੱਚ ਦਲਿਤ, ਆਦਿਵਾਸੀ ਲੋਕਾਂ ਦੀ ਤਰਸਯੋਗ ਹਾਲਤ ਦਾ ਵਿਸਥਾਰ ਨਾਲ ਵਰਣਨ ਕੀਤਾ।ਉਨ੍ਹਾਂ ਕਿਹਾ ਕਿ ਮੁਲਕ ਅੰਦਰ ਆਰਟੀਫੀਸ਼ਲ ਇੰਟੈਲੀਜੰਸੀ ਤਾਂ ਪੈਦਾ ਕਰ ਲਈ ਗਈ ਹੈ, ਪਰ ਦਲਿਤਾਂ ਪ੍ਰਤੀ ਰਵੱਈਆ ਨਹੀਂ ਬਦਲਿਆ ਗਿਆ।ਉਨ੍ਹਾਂ ਕਮਿਊਨਿਸਟਾਂ ਦੇ ਦਿਲਾਂ ਅੰਦਰ ਦਲਿਤਾਂ ਦੇ ਦਰਦ ਦੀ ਗੱਲ ਕੇਰਲਾ ਦੇ ਇੱਕ ਵਿਸ਼ੇਸ਼ ਮੰਦਰ ਦੇ ਹਵਾਲੇ ਨਾਲ ਕੀਤੀ।ਉਨ੍ਹਾਂ ਦੱਸਿਆ ਕਿ ਕਿਸੇ ਵੇਲੇ ਇੱਕ ਮੰਦਰ ਅੰਦਰ ਜਾਣਾ ਤਾਂ ਕੀ, ਉਸ ਵੱਲ ਵੇਖਣਾ ਵੀ ਮਨ੍ਹਾ ਸੀ।ਜਦੋਂ ਕੇਰਲ ਵਿੱਚ ਕਾਮਰੇਡ ਪਿਨਰਾਏ ਵਿਜਯਨ ਦੀ ਸਰਕਾਰ ਬਣੀ ਤਾਂ ਉਸੇ ਮੰਦਰ ਦਾ ਮੁੱਖ ਪੁਜਾਰੀ ਇੱਕ ਦਲਿਤ ਨੂੰ ਬਣਾਇਆ ਗਿਆ। ਉਨ੍ਹਾਂ ਭਾਜਪਾ ’ਤੇ ਦੋਸ਼ ਲਾਇਆ ਕਿ ਉਹ ਦੇਸ਼ ਵਿੱਚ ਚਾਰ ਵਰਣ ਵਿਵਸਥਾ ਕਾਇਮ ਰੱਖਣਾ ਚਾਹੁੰਦੀ ਹੈ, ਇਸੇ ਲਈ ਉਹ ਸੰਵਿਧਾਨ ’ਤੇ ਵਾਰ-ਵਾਰ ਹਮਲੇ ਕਰਦੀ ਹੈ।ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੇਸ਼ ਅੰਦਰ ਜਾਤ-ਪਾਤ ਦਾ ਦੈਂਤ ਪਿੱਛਾ ਨਹੀਂ ਛੱਡ ਰਿਹਾ।ਅਸੀਂ ਇਸ ਦਿ੍ਰੜ੍ਹਤਾ ’ਤੇ ਕਾਇਮ ਹਾਂ ਕਿ ਜਨਮ ਅਧਾਰਤ ਵਿਅਕਤੀ ਦੀ ਪਛਾਣ ਖਤਮ ਹੋਣੀ ਚਾਹੀਦੀ ਹੈ।
ਇਸ ਤੋਂ ਪਹਿਲਾਂ ਕਾਨਫਰੰਸ ਦੇ ਦੂਸਰੇ ਦਿਨ ਦੀ ਸ਼ੁਰੂਆਤ ਝੰਡਾ ਲਹਿਰਾਉਣ ਦੀ ਰਸਮ ਨਾਲ ਹੋਈ।ਇਸ ਉਪਰੰਤ ਸਟੇਜ ਦੀ ਕਾਰਵਾਈ ਲਈ ਵੀ.ਐੱਸ. ਨਿਰਮਲ ਨੇ ਡੈਲੀਗੇਟਾਂ ਕੋਲ਼ੋਂ ਇਜਾਜ਼ਤ ਮੰਗੀ।ਤਾਮਿਲਨਾਡੂ ਦੇ ਕਮਿਊਨਿਸਟ ਆਗੂ ਵੀਰਾਂ ਪਾਂਡੀਅਨ ਨੇ ਸ਼ੋਕ ਮਤਾ ਪੇਸ਼ ਕੀਤਾ।ਇਸ ਮਤੇ ਵਿੱਚ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਸਾਬਕਾ ਐੱਮ. ਪੀ. ਸਿਲਕ ਰਾਜ, ਸੀ.ਪੀ.ਐੱਮ ਆਗੂ ਸੀਤਾ ਰਾਮ ਯੇਚੁੁਰੀ, ਸੀ.ਪੀ.ਆਈ ਪੰਜਾਬ ਦੇ ਸਾਬਕਾ ਸੂਬਾ ਸਕੱਤਰ ਡਾ. ਜੁਗਿੰਦਰ ਦਿਆਲ, ਕਿਸਾਨ ਆਗੂ ਅਤੁਲ ਕੁਮਾਰ ਅਨਜਾਨ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਸਰਪ੍ਰਸਤ ਬਾਪੂ ਸਵਰਨ ਸਿੰਘ ਨਾਗੋਕੇ ਆਦਿ ਦੇ ਨਾਂਅ ਸ਼ਾਮਲ ਹਨ।ਇਨ੍ਹਾਂ ਸਾਰੇ ਸਾਥੀਆਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਇਸੇ ਦੌਰਾਨ ਦਲਿਤ ਸਟੱਡੀ ਸੈਂਟਰ ਹੈਦਰਾਬਾਦ ਦੇ ਪ੍ਰਧਾਨ ਕਾਮਰੇਡ ਲਕਸ਼ਮਈਆਂ ਸਮੇਤ ਵੱਖ-ਵੱਖ ਆਗੂਆਂ ਨੇ ਭਰਾਤਰੀ ਸੰਦੇਸ਼ਾਂ ਵਿੱਚ ਕੁਲ ਹਿੰਦ ਦਲਿਤ ਅਧਿਕਾਰ ਅੰਦੋਲਨ ਨਾਲ ਯਕਯਹਿਤੀ ਦਾ ਪ੍ਰਗਟਾਵਾ ਕੀਤਾ।ਅੰਦੋਲਨ ਦੀ ਲੀਡਰਸ਼ਿੱਪ ਵੱਲੋਂ ਕਾਮਰੇਡ ਡੀ. ਰਾਜਾ, ਐਨੀ ਰਾਜਾ, ਕੇਰਲਾ ਤੋਂ ਕਾਮਰੇਡ ਰਾਧਾ �ਿਸ਼ਨ ਸਮੇਤ ਹੋਰ ਆਗੂਆਂ ਨੂੰ ਸਨਮਾਨਿਤ ਕੀਤਾ।
ਕਾਨਫਰੰਸ ਦਾ ਅਗਲਾ ਸੈਸ਼ਨ ਇਪਟਾ ਦੇ ਕਲਾਕਾਰਾਂ ਵੱਲੋਂ ਪੇਸ਼ ਇਨਕਲਾਬੀ ਗੀਤਾਂ ਨਾਲ ਸ਼ੁਰੂ ਹੋਇਆ। ਅੰਦੋਲਨ ਦੇ ਪ੍ਰਧਾਨ ਕਾਮਰੇਡ ਰਾਮਾ ਮੂਰਤੀ ਨੇ ਪ੍ਰਧਾਨਗੀ ਭਾਸ਼ਨ ਵਿੱਚ ਜਥੇਬੰਦੀ ਦੇ ਕਾਰਜ ਖੇਤਰ ਦਾ ਵਿਸਥਾਰ ਨਾਲ ਵਰਣਨ ਕੀਤਾ। ਕਾਮਰੇਡ ਵਿਜੇਂਦਰ ਸਿੰਘ ਨਿਰਮਲ ਨੇ ਰਿਪੋਰਟ ਪੇਸ਼ ਕੀਤੀ। ਖ਼ਬਰ ਲਿਖੇ ਜਾਣ ਵੇਲੇ ਤੱਕ ਰਿਪੋਰਟ ’ਤੇ ਚਰਚਾ ਜਾਰੀ ਸੀ।