12.1 C
Jalandhar
Wednesday, January 8, 2025
spot_img

ਦਿੱਲੀ ਅਸੈਂਬਲੀ ਚੋਣਾਂ 5 ਨੂੰ, ਮੋਦੀ ਤੇ ਕੇਜਰੀਵਾਲ ਦਾ ਬਰਾਂਡ ਦਾਅ ’ਤੇ

ਨਵੀਂ ਦਿੱਲੀ : ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ 70 ਮੈਂਬਰੀ ਦਿੱਲੀ ਅਸੈਂਬਲੀ ਦੀਆਂ ਚੋਣਾਂ 5 ਫਰਵਰੀ ਨੂੰ ਕਰਾਉਣ ਦਾ ਮੰਗਲਵਾਰ ਐਲਾਨ ਕਰ ਦਿੱਤਾ। ਵੋਟਾਂ ਦੀ ਗਿਣਤੀ ਲਈ 8 ਫਰਵਰੀ ਨੂੰ ਹੋਵੇਗੀ। ਅਸੈਂਬਲੀ ਦੀ ਮਿਆਦ 23 ਫਰਵਰੀ ਨੂੰ ਖਤਮ ਹੋ ਰਹੀ ਹੈ। ਰਾਜੀਵ ਕੁਮਾਰ ਨੇ ਸਿਆਸੀ ਪਾਰਟੀਆਂ ਨੂੰ ਚੋਣਾਂ ਦੌਰਾਨ ਮਰਿਆਦਾ ਬਰਕਰਾਰ ਰੱਖਣ ਦੀ ਅਪੀਲ ਕਰਦਿਆਂ ਕਿਹਾਅਸੀਂ ਪੈਸੇ-ਮੁਕਤ ਚੋਣਾਂ ਨੂੰ ਯਕੀਨੀ ਬਣਾਉਣ ਲਈ ਸਾਰਿਆਂ ਦੀ ਜਾਂਚ ਕਰਾਂਗੇ। ਹਾਲ ਹੀ ਦੀਆਂ ਚੋਣਾਂ ਦੌਰਾਨ ਰੌਲਾ ਪਾਇਆ ਗਿਆ ਕਿ ਕੁਝ ਹੈਲੀਕਾਪਟਰਾਂ ਦੀ ਜਾਂਚ ਕੀਤੀ ਗਈ। ਸਟਾਰ ਪ੍ਰਚਾਰਕਾਂ ਅਤੇ ਸਿਆਸੀ ਪ੍ਰਚਾਰ ਕਰਨ ਵਾਲਿਆਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਸ਼ਿਸ਼ਟਾਚਾਰ ਦੀ ਪਾਲਣਾ ਕੀਤੀ ਜਾਵੇ, ਅਸੀਂ ਬਹੁਤ ਸਖਤ ਹੋਵਾਂਗੇ। ਸਟਾਰ ਪ੍ਰਚਾਰਕਾਂ ਨੂੰ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ, ਜਿਸ ਨਾਲ ਆਮ ਵੋਟਰਾਂ ਨੂੰ ਨਿਰਾਸ਼ ਕੀਤਾ ਜਾਵੇ।
ਮੁੱਖ ਚੋਣ ਕਮਿਸ਼ਨਰ ਨੇ ਯੂ ਪੀ ਦੇ ਮਿਲਕੀਪੁਰ ਅਤੇ ਤਾਮਿਲਨਾਡੂ ਦੇ ਇਰੋਡ ਅਸੈਂਬਲੀ ਹਲਕਿਆਂ ਲਈ ਵੀ ਜ਼ਿਮਨੀ ਚੋਣਾਂ 5 ਫਰਵਰੀ ਨੂੰ ਕਰਾਉਣ ਦਾ ਐਲਾਨ ਕੀਤਾ।
ਭਾਜਪਾ ਲੋਕ ਸਭਾ ਚੋਣਾਂ ਵਿੱਚ ਆਪਣੇ ਦਮ ’ਤੇ ਬਹੁਮਤ ਹਾਸਲ ਕਰਨ ’ਚ ਨਾਕਾਮ ਰਹਿਣ ਤੋਂ ਬਾਅਦ ਮਹਾਰਾਸ਼ਟਰ ਤੇ ਹਰਿਆਣਾ ਅਸੈਂਬਲੀ ਚੋਣਾਂ ’ਚ ਧਮਾਕੇਦਾਰ ਜਿੱਤ ਨਾਲ ਦਿੱਲੀ ਚੋਣਾਂ ਲੜੇਗੀ। ਇਨ੍ਹਾਂ ਚੋਣਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਬਰਾਂਡ ਵੈਲਿਊ ਦਾਅ ’ਤੇ ਲੱਗੇਗੀ। ਭਾਜਪਾ ਢਾਈ ਦਹਾਕਿਆਂ ਦਾ ਸੋਕਾ ਖਤਮ ਕਰਨ ਲਈ ਜ਼ੋਰ ਲਾਏਗੀ। ਕਾਂਗਰਸ ਇੱਕ ਦਹਾਕੇ ਬਾਅਦ ਚਮਤਕਾਰ ਲਈ ਪ੍ਰਾਰਥਨਾ ਕਰ ਰਹੀ ਹੈ, ਤਾਂ ਜੋ ਉਹ ਆਮ ਆਦਮੀ ਪਾਰਟੀ ਵੱਲੋਂ ਉਡਾ ਦੇਣ ਤੋਂ ਬਾਅਦ ਆਪਣੇ ਪੈਰ ਲਾ ਸਕੇ।
ਭਿ੍ਰਸ਼ਟਾਚਾਰ ਵਿਰੋਧੀ ਅੰਦੋਲਨ ’ਚੋਂ ਪੈਦਾ ਹੋਈ ਆਮ ਆਦਮੀ ਪਾਰਟੀ ਨੇ 2013 ਵਿੱਚ 70 ਵਿੱਚੋਂ 28 ਸੀਟਾਂ 29.49 ਫੀਸਦੀ ਵੋਟਾਂ ਨਾਲ ਜਿੱਤੀਆਂ ਸਨ। ਦੋ ਸਾਲ ਬਾਅਦ ਫਿਰ ਹੋਈਆਂ ਚੋਣਾਂ ਵਿੱਚ ਇਸ ਨੇ 54.34 ਫੀਸਦੀ ਵੋਟਾਂ ਨਾਲ 67 ਸੀਟਾਂ ਜਿੱਤ ਕੇ ਵਿਰੋਧੀਆਂ ਦੇ ਪੈਰ ਉਖਾੜ ਦਿੱਤੇ। ਭਾਜਪਾ ਨੂੰ ਤਿੰਨ ਸੀਟਾਂ ਹੀ ਮਿਲੀਆਂ, ਜਦਕਿ ਕਾਂਗਰਸ ਨੂੰ ਕੋਈ ਵੀ ਨਹੀਂ। 2020 ਵਿੱਚ ਇਸ ਨੇ 53.57 ਫੀਸਦੀ ਵੋਟਾਂ ਨਾਲ 62 ਸੀਟਾਂ ਜਿੱਤੀਆਂ।
ਜਿੱਥੋਂ ਤੱਕ ‘ਇੰਡੀਆ’ ਗੱਠਜੋੜ ਦਾ ਸੰਬੰਧ ਹੈ, ਆਮ ਆਦਮੀ ਪਾਰਟੀ ਇਸ ਦਾ ਹਿੱਸਾ ਹੈ, ਪਰ ਦੂਜੀ ਭਾਈਵਾਲ ਕਾਂਗਰਸ ਵੀ ਮੈਦਾਨ ’ਚ ਹੈ। ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਇੰਡੀਆ ਦੇ ਹੋਰਨਾਂ ਭਾਈਵਾਲਾਂ ਦੇ ਆਗੂਆਂ ਨਾਲ ਨਿੱਜੀ ਸੰਬੰਧ ਹਨ ਤੇ ਜੇ ਉਹ ਫਿਰ ਜਿੱਤਦੇ ਹਨ ਤਾਂ ਕਾਂਗਰਸ ’ਤੇ ਹੋਰ ਦਬਾਅ ਆ ਜਾਵੇਗਾ। ਜੇ ਆਪ ਹਾਰਦੀ ਹੈ ਤਾਂ ਕਾਂਗਰਸ ਨੂੰ ਸਾਹ ਆਵੇਗਾ। ਉੱਤਰੀ ਭਾਰਤ ਵਿੱਚ ਪੰਜਾਬ ਤੋਂ ਬਾਅਦ ਦਿੱਲੀ ਹੀ ਹੈ, ਜਿੱਥੇ ਭਾਜਪਾ ਨੇ ਕਾਫੀ ਚਿਰ ਤੋਂ ਜਿੱਤ ਦਾ ਸਵਾਦ ਨਹੀਂ ਚਖਿਆ ਹੈ, ਪਰ ਇਸ ਨੇ ਦਿੱਲੀ ਵਿੱਚ ਵੋਟ ਸ਼ੇਅਰ ਬਰਕਰਾਰ ਰੱਖਿਆ ਹੈ। 1998 ਤੋਂ ਉਹ 32 ਫੀਸਦੀ ਤੋਂ ਹੇਠਾਂ ਨਹੀਂ ਡਿੱਗੀ। 2015 ਵਿੱਚ ਉਸ ਨੂੰ ਤਿੰਨ ਸੀਟਾਂ ਹੀ ਨਸੀਬ ਹੋਣ ਦੇ ਬਾਵਜੂਦ ਉਸ ਦਾ ਵੋਟ ਸ਼ੇਅਰ 32.19 ਸੀ। ਪੰਜ ਸਾਲ ਬਾਅਦ 8 ਸੀਟਾਂ ਜਿੱਤਣ ਵੇਲੇ 38.51 ਫੀਸਦੀ ਹੋ ਗਿਆ ਸੀ। ਭਾਜਪਾ ਦੇ ਹੱਕ ਵਿੱਚ ਇਹ ਤੱਥ ਵੀ ਜਾਂਦਾ ਹੈ ਕਿ ਉਹ 2014 ਤੋਂ ਦਿੱਲੀ ਦੀਆਂ ਸੱਤੇ ਲੋਕ ਸਭਾ ਸੀਟਾਂ ਜਿੱਤਦੀ ਆ ਰਹੀ ਹੈ। ਉਹ 1998 ਵਿੱਚ ਦਿੱਲੀ ਦੀ ਸੱਤਾ ਗੁਆਉਣ ਤੋਂ ਬਾਅਦ ਲਗਾਤਾਰ ਤਿੰਨ ਦਿੱਲੀ ਅਸੈਂਬਲੀ ਚੋਣਾਂ1998, 2003 ਤੇ 2008 ਕਾਂਗਰਸ ਨੂੰ ਅਤੇ ਤਿੰਨ ਚੋਣਾਂ2013, 2015 ਤੇ 2020 ਆਪ ਤੋਂ ਹਾਰੀ ਹੈ। ਇਸ ਦਾ ਵੱਡਾ ਕਾਰਨ ਸ਼ੀਲਾ ਦੀਕਸ਼ਤ ਤੇ ਕੇਜਰੀਵਾਲ ਦੇ ਮੁਕਾਬਲੇ ਪਾਰਟੀ ਕੋਲ ਪਾਪੂਲਰ ਚਿਹਰਾ ਨਾ ਹੋਣਾ ਰਿਹਾ ਹੈ। 2015 ਵਿੱਚ ਇਸ ਨੇ ਅੰਨਾ ਹਜ਼ਾਰੇ ਲਹਿਰ ਦੀ ਆਗੂ ਤੇ ਸਾਬਕਾ ਪੁਲਸ ਅਫਸਰ ਕਿਰਨ ਬੇਦੀ ’ਤੇ ਦਾਅ ਖੇਡਿਆ ਸੀ, ਪਰ ਕਾਮਯਾਬ ਨਹੀਂ ਰਿਹਾ। ਉੱਤਰ ਭਾਰਤ ਵਿੱਚ ਮੋਦੀ ਲਹਿਰ ਦੇ ਬਾਵਜੂਦ ਆਪ ਨੇ ਉਸ ਨੂੰ ਹੂੰਝ ਦਿੱਤਾ ਸੀ। ਇਸ ਵਾਰ ਮੋਦੀ ਨੇ ਖੁਦ ਕਮਾਨ ਸੰਭਾਲੀ ਹੈ। ਭਾਜਪਾ ਨੂੰ ਲੱਗਦਾ ਹੈ ਕਿ ਲੋਕ ਸਭਾ ਚੋਣਾਂ ਵਿੱਚ ਸਪੱਸ਼ਟ ਬਹੁਮਤ ਹਾਸਲ ਨਾ ਕਰ ਸਕਣ ਦੇ ਬਾਅਦ ਜਿਵੇਂ ਉਸ ਨੇ ਮਹਾਰਾਸ਼ਟਰ ਤੇ ਹਰਿਆਣਾ ਹਥਿਆਏ ਹਨ, ਦਿੱਲੀ ਵੀ ਹਥਿਆ ਲਵੇਗੀ।
ਕਾਂਗਰਸ ਨੇ 2008 ਵਿੱਚ 40.31 ਫੀਸਦੀ ਤੇ 2013 ਵਿੱਚ 24.55 ਫੀਸਦੀ ਵੋਟਾਂ ਹਾਸਲ ਕੀਤੀਆਂ ਸਨ, ਪਰ 2015 ਵਿੱਚ 10 ਫੀਸਦੀ ਤੋਂ ਹੇਠਾਂ ਆ ਗਈ। ਪਿਛਲੀਆਂ ਅਸੈਂਬਲੀ ਚੋਣਾਂ ਵਿੱਚ ਇਸ ਦਾ ਵੋਟ ਸ਼ੇਅਰ 4.26 ਫੀਸਦੀ ’ਤੇ ਆ ਗਿਆ ਸੀ ਤੇ ਇਸ ਦੇ 66 ਵਿੱਚੋਂ 63 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਸਨ। ਕਾਂਗਰਸ ਕੋਲ ਵੀ ਕੋਈ ਮੁਕਾਮੀ ਵੱਡਾ ਚਿਹਰਾ ਨਹੀਂ ਹੈ, ਜਿਸ ਦੇ ਨਾਂਅ ’ਤੇ ਉਹ ਵੋਟਾਂ ਬਟੋਰ ਸਕੇ। ਹਰਿਆਣਾ ਤੇ ਮਹਾਰਾਸ਼ਟਰ ਵਿੱਚ ਸ਼ਰਮਨਾਕ ਹਾਰ ਖਾਣ ਵਾਲੀ ਕਾਂਗਰਸ ਨੂੰ ਦਿੱਲੀ ਵਿੱਚ ਕੋਈ ਚਮਤਕਾਰ ਹੀ ਬਚਾਅ ਸਕਦਾ ਹੈ।

Related Articles

Latest Articles