ਗੁਹਾਟੀ : ਅਸਾਮ ਦੇ ਦੀਮਾਹਸਾਓ ਜ਼ਿਲ੍ਹੇ ’ਚ ਕੋਲਾ ਖਾਣ ਵਿੱਚ ਪਾਣੀ ਭਰਨ ਕਾਰਨ ਫਸੇ 9 ਮਜ਼ਦੂਰਾਂ ’ਚੋਂ ਇੱਕ ਦੀ ਲਾਸ਼ ਫੌਜ ਦੇ ਗੋਤਾਖੋਰਾਂ ਨੇ ਬੁੱਧਵਾਰ ਤੀਜੇ ਦਿਨ ਬਰਾਮਦ ਕਰ ਲਈ ਹੈ।
ਰਾਹਤ ਕਾਰਜ ਕਰ ਰਹੇ ਅਧਿਕਾਰੀਆਂ ਨੇ ਕਿਹਾ ਕਿ 8 ਹੋਰ ਲੋਕਾਂ ਦੇ ਬਚਣ ਦੀ ਸੰਭਾਵਨਾ ਗੰਭੀਰ ਜਾਪਦੀ ਹੈ, ਹਾਲਾਂਕਿ ਜਲ ਸੈਨਾ, ਥਲ ਸੈਨਾ, ਐੱਨ ਡੀ ਆਰ ਐੱਫ ਅਤੇ ਐੱਸ ਡੀ ਆਰ ਐੱਫ ਦੀ ਟੀਮ ਨੇ ਫਸੇ ਹੋਏ ਮਾਈਨਰਾਂ ਨੂੰ ਬਚਾਉਣ ਲਈ ਆਪਣੇ ਯਤਨ ਤੇਜ਼ ਕਰ ਦਿੱਤੇ ਹਨ।ਜ਼ਿਕਰਯੋਗ ਹੈ ਕਿ ਇਹ ਮਜ਼ਦੂਰ ਸੋਮਵਾਰ ਉਮਰਾਂਗਸੋ ਦੇ ਖੇਤਰ ’ਚ ਸਥਿਤ ਕੋਲੇ ਦੀ ਖਾਣ ਵਿੱਚ ਅਚਾਨਕ ਪਾਣੀ ਭਰਨ ਕਾਰਨ ਫਸ ਗਏ ਸਨ।ਅਧਿਕਾਰੀਆਂ ਨੇ ਦੱਸਿਆ ਕਿ ਗੋਤਾਖੋਰਾਂ ਨੇ ਸਵੇਰੇ ਖਾਣ ਦੇ ਅੰਦਰ ਲਾਸ਼ ਲੱਭੀ ਅਤੇ ਇਸ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ।ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਐੱਕਸ ’ਤੇ ਪੋਸਟ ਕਰਦਿਆਂ ਇਸ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਬਚਾਅ ਕਾਰਜ ਜਾਰੀ ਹਨ।