ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਬਿਆਨਬਾਜ਼ੀ ਤਿੱਖੀ ਹੋ ਗਈ ਹੈ। ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਭਾਜਪਾ ’ਤੇ ਨਿਸ਼ਾਨਾ ਲਾਇਆ। ਉਨ੍ਹਾ ਗੋਵਿੰਦਪੁਰੀ ਇਲਾਕੇ ’ਚ ਆਮ ਆਦਮੀ ਪਾਰਟੀ ਦੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਇਸ ਦੌਰਾਨ ਆਤਿਸ਼ੀ ਨੇ ਕਿਹਾ ਕਿ ‘ਗਾਲੀ-ਗਲੋਚ’ ਵਾਲੀ ਭਾਜਪਾ ਦੇ ਕੋਲ ਜਨਤਾ ਦੇ ਵਿਕਾਸ ਲਈ ਕੋਈ ਵਿਜ਼ਨ ਨਹੀਂ। ਇਨ੍ਹਾਂ ਕੋਲ ਨਾ ਕੋਈ ਨੈਰੇਟਿਵ ਅਤੇ ਨਾ ਮੁੱਖ ਮੰਤਰੀ ਦਾ ਚਿਹਰਾ ਹੈ। ਭਾਜਪਾ ਦਾ ਕੰਮ ਸਿਰਫ਼ ਅਰਵਿੰਦ ਕੇਜਰੀਵਾਲ ਨੂੰ ਗਾਲ੍ਹਾਂ ਕੱਢਣਾ ਹੀ ਹੈ। ਆਤਿਸ਼ੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਦਿੱਲੀ ਦੇ ਲੋਕਾਂ ਲਈ ਨਿਰਣਾਇਕ ਫੈਸਲਾ ਲੈਣਾ ਬਹੁਤ ਅਸਾਨ ਹੋਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਐੱਕਸ ’ਤੇ ਪੋਸਟ ’ਚ ਲਿਖਿਆ ਕਿ ਕੜਕੜਾਉਂਦੀ ਠੰਢ ’ਚ ਭਾਜਪਾ ਦੀ ਕੇਂਦਰ ਸਰਕਾਰ ਨੇ ਨਰੇਲਾ ’ਚ ਝੁੱਗੀਆਂ ਢਾਹ ਦਿੱਤੀਆਂ। ਔਰਤਾਂ ਅਤੇ ਬੱਚੇ ਸੜਕ ’ਤੇ ਆ ਗਏ। ਭਾਜਪਾ ਵਾਲੇ ਝੁੱਗੀ ਵਾਲਿਆਂ ਨਾਲ ਏਨੀ ਨਫ਼ਰਤ ਕਿਉਂ ਕਰਦੇ ਹਨ?


