ਨਵੀਂ ਦਿੱਲੀ : ਰਾਹੁਲ ਗਾਂਧੀ ਦਿੱਲੀ ’ਚ ਇੱਕ ਆਈਸਕ੍ਰੀਮ ਦੀ ਦੁਕਾਨ ’ਤੇ ਗਏ, ਜਿੱਥੇ ਉਨ੍ਹਾ ਕੋਲਡ ਕੌਫ਼ੀ ਬਣਾਈ। ਕੇਵੈਂਟਰਸ ਬ੍ਰਾਂਡ ਦੀ ਇਸ ਦੁਕਾਨ ’ਚ ਜਾਣਾ ਅਤੇ ਉਸ ਮਾਲਕ ਨਾਲ ਚਰਚਾ ਦਾ ਇੱਕ ਵੀਡੀਓ ਰਾਹੁਲ ਨੇ ਐੱਕਸ ’ਤੇ ਸ਼ੇਅਰ ਕੀਤਾ। ਰਾਹੁਲ ਨੇ ਲਿਖਿਆ ਕਿ ਤੁਸੀਂ ਨਵੀਂ ਪੀੜ੍ਹੀ ਅਤੇ ਨਵੇਂ ਬਾਜ਼ਾਰ ਲਈ ਵਿਰਾਸਤ ਬ੍ਰਾਂਡ ਨੂੰ ਕਿਸ ਤਰ੍ਹਾਂ ਬਦਲ ਸਕਦੇ ਹੋ। ਇਹ ਕੇਵੈਂਟਰਸ ਦੇ ਨੌਜਵਾਨ ਸੰਸਥਾਪਕ ਨੇ ਮੈਨੂੰ ਦੱਸਿਆ। ਇਸ ਦੌਰਾਨ ਕੇਵੈਂਟਰਸ ਦੇ ਮਾਲਕ ਅਮਨ ਅਤੇ ਗਸਤਿਆ ਨੇ ਉਨ੍ਹਾ ਨੂੰ ਫਿਊਚਰ ਇਨਵੈਸਟਮੈਂਟ ਪਲਾਨ ਬਾਰੇ ਪੁੱਛਿਆ ਤਾਂ ਉਨ੍ਹਾ ਜਵਾਬ ਦਿੱਤਾ-ਮੈਂ ਕੇਵੈਂਟਰਸ ਨੂੰ ਦੇਖ ਰਿਹਾ ਹਾਂ ਅਤੇ ਨਿਵੇਸ਼ ਦਾ ਫੈਸਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਚਰਚਾ ਦੌਰਾਨ ਯੂ ਪੀ ਦੇ ਸੁਲਤਾਨਪੁਰ ’ਚ ਮਿਲੇ ਮੋਚੀ ਰਾਮ ਚੇਤ ਬਾਰੇ ਵੀ ਗੱਲ ਕੀਤੀ। ਰਾਹੁਲ ਨੇ ਕਿਹਾ ਕਿ ਸਾਡੇ ਦੇਸ਼ ’ਚ ਬੈਂਕ ਵੱਡੇ ਬਿਜ਼ਨੈਸਮੈਨ ਨੂੰ ਤਾਂ ਅਸਾਨੀ ਨਾਲ ਕਰਜ਼ ਦੇ ਦਿੰਦੀ ਹੈ, ਪਰ ਛੋਟੇ ਕੰਮਕਾਜ ਕਰਨ ਵਾਲਿਆਂ ਨੂੰ ਪੈਸਾ ਨਹੀਂ ਮਿਲਦਾ।
ਵੀਕੈਂਡ ’ਤੇ ਬਦਲੇਗਾ ਮੌਸਮ ਦਾ ਮਿਜ਼ਾਜ
ਨਵੀਂ ਦਿੱਲੀ : ਮੌਸਮ ਵਿਭਾਗ ਨੇ ਆਪਣੀ ਤਾਜ਼ਾ ਭਵਿੱਖਬਾਣੀ ’ਚ ਇੱਕ ਨਵੀਂ ਪੱਛਮੀ ਗੜਬੜੀ ਦੀ ਗੱਲ ਕਹੀ ਹੈ, ਜੋ ਕਿ 10 ਤੋਂ 12 ਜਨਵਰੀ ਤੱਕ ਉਤਰ-ਪੱਛਮ ਭਾਰਤ ਨੂੰ ਪ੍ਰਭਾਵਿਤ ਕਰੇਗੀ। ਇਸ ਨਾਲ ਪੱਛਮੀ ਹਿਮਾਲਿਆ ’ਚ ਹਲਕੀ ਤੋਂ ਭਾਰੀ ਬਾਰਿਸ਼ ਅਤੇ ਬਰਫ਼ਬਾਰੀ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਉਤਰ-ਪੱਛਮ ਭਾਰਤ ਅਤੇ ਕੇਂਦਰੀ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਹਲਕੀ ਬਾਰਿਸ਼ ਹੋ ਸਕਦੀ ਹੈ।
ਮੌਸਮ ਵਿਭਾਗ ਮੁਤਾਬਕ 11 ਜਨਵਰੀ ਨੂੰ ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ, ਉਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਕੁਝ ਹਿੱਸਿਆ ’ਚ ਹਨੇਰੀ, ਤੂਫਾਨ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਉਥੇ ਹੀ ਰਾਜਸਥਾਨ ’ਚ 11 ਜਨਵਰੀ ਨੂੰ ਕਿਤੇ-ਕਿਤੇ ਗੜ੍ਹੇ ਵੀ ਪੈ ਸਕਦੇ ਹਨ। ਦੱਖਣੀ ਬੰਗਾਲ ਦੀ ਖਾੜੀ ’ਚ ਚਕਰਵਾਤ ਬਣ ਰਿਹਾ ਹੈ। ਇਸ ਕਾਰਨ 11 ਅਤੇ 12 ਜਨਵਰੀ ਨੂੰ ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਇਕਲ ’ਚ ਹਲਕੀ ਬਾਰਿਸ਼ ਦੇ ਨਾਲ ਹਨੇਰੀ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ।

