ਚੰਡੀਗੜ੍ਹ : ਮੋਦੀ ਸਰਕਾਰ ਵੱਲੋਂ ਚੰਡੀਗੜ੍ਹ ਯੂ ਟੀ ਦੇ ਐਡਵਾਈਜ਼ਰ ਦੇ ਅਹੁਦੇ ਨੂੰ ਬਦਲ ਕੇ ਚੀਫ ਸੈਕਟਰੀ ਬਣਾ ਦੇਣ ’ਤੇ ਪੰਜਾਬ ਸੀ ਪੀ ਆਈ ਨੇ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਅਤੇ ਕੇਂਦਰ ਸਰਕਾਰ ਨੂੰ ਇਸ ਨੂੰ ਤੁਰੰਤ ਵਾਪਸ ਲੈਣ ਲਈ ਆਖਿਆ ਹੈ।
ਪੰਜਾਬ ਸੀ ਪੀ ਆਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਵੀਰਵਾਰ ਆਖਿਆ ਕਿ ਮੋਦੀ ਸਰਕਾਰ ਪੰਜਾਬ ਸਰਕਾਰ ਨਾਲ ਬਿਨਾਂ ਸਲਾਹ ਕੀਤਿਆਂ ਹੀ ਅਜਿਹੇ ਪੰਜਾਬ ਵਿਰੋਧੀ ਕਦਮ ਚੁੱਕ ਰਹੀ ਹੈ, ਜਿਸ ਰਾਹੀਂ ਉਹ ਚੰਡੀਗੜ੍ਹ ਤੋਂ ਪੰਜਾਬ ਦੇ ਅਧਿਕਾਰਾਂ ਨੂੰ ਖ਼ਤਮ ਕਰਨ ਦੇ ਇਰਾਦੇ ਨਾਲ ਅਜਿਹੀਆਂ ਘਟੀਆ ਹਰਕਤਾਂ ਲਗਾਤਾਰ ਜਾਰੀ ਰੱਖ ਰਹੀ ਹੈ। ਚੰਡੀਗੜ੍ਹ ਕਾਡਰ ਦੇ ਪੰਜਾਬ ਅਤੇ ਹਰਿਆਣਾ ਦੇ 60:40 ਦੇ ਅਨੁਪਾਤ ਨੂੰ ਖਤਮ ਕੀਤਾ ਜਾ ਰਿਹਾ ਅਤੇ ਅਰੁਣਾਚਲ ਪ੍ਰਦੇਸ਼, ਗੋਆ, ਮੀਜ਼ੋਰਮ ਅਤੇ ਯੂਨੀਅਨ ਟੈਰੇਟਰੀ ਤੋਂ ਆਈ ਏ ਐੱਸ ਅਫਸਰਾਂ ਦੀ ਗਿਣਤੀ 9 ਤੋਂ ਵਧਾ ਕੇ 11 ਕਰ ਦਿੱਤੀ ਹੈ। ਪਹਿਲਾਂ ਹੀ ਚੰਡੀਗੜ੍ਹ ਯੂਨੀਵਰਸਿਟੀ ਦੀਆਂ ਸੈਨੇਟ ਦੀਆਂ ਚੋਣਾਂ ਨਾ ਕਰਾਉਣਾ ਅਤੇ ਹਰਿਆਣਾ ਵਿਧਾਨ ਸਭਾ ਲਈ ਚੰਡੀਗੜ੍ਹ ਵਿਚੋਂ ਜ਼ਮੀਨ ਦੇਣਾ ਆਦਿ ਅਨੇਕਾਂ ਕਦਮਾਂ ਰਾਹੀਂ ਚੰਡੀਗੜ੍ਹ ਤੋਂ ਪੰਜਾਬ ਦੇ ਹੱਕਾਂ ਨੂੰ ਘਟਾਉਣ ਦੀਆਂ ਸਾਜ਼ਿਸ਼ਾਂ ਜਾਰੀ ਹਨ।
ਉਹਨਾ ਭਾਜਪਾ ਤੋਂ ਸਿਵਾ ਸਾਰੀਆਂ ਰਾਜਸੀ ਪਾਰਟੀਆਂ ਵੱਲੋਂ ਮੋਦੀ ਸਰਕਾਰ ਦੇ ਅਜਿਹੇ ਕਦਮਾਂ ਦੇ ਵਿਰੋਧ ਦਾ ਸੁਆਗਤ ਕਰਦਿਆਂ ਸਾਰੀਆਂ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਕੇਂਦਰ ਵਿਰੁੱਧ ਇਕੱਠਿਆਂ ਹੋ ਕੇ ਜ਼ੋਰਦਾਰ ਵਿਰੋਧ ਕਰਨ।