ਸੜਕ ਹਾਦਸੇ ’ਚ 2 ਦੀ ਮੌਤ, 5 ਜ਼ਖਮੀ

0
170

ਫ਼ਤਿਹਗੜ੍ਹ ਸਾਹਿਬ  (ਪ੍ਰਮੋਦ ਭਾਰਦਵਾਜ)
ਸਰਹਿੰਦ ਨੇੜਲੇ ਪਿੰਡ ਸੌਂਢਾ ਨਜ਼ਦੀਕ ਵੀਰਵਾਰ ਵਾਪਰੇ ਇੱਕ ਸੜਕ ਹਾਦਸੇ ਵਿੱਚ ਅਰਟਿਗਾ ਕਾਰ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਔਰਤਾਂ ਸਮੇਤ ਪੰਜ ਵਿਅਕਤੀ ਜ਼ਖਮੀ ਹੋ ਗਏ। ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਜਸਮੇਰ ਸਿੰਘ ਨੇ ਦੱਸਿਆ ਕਿ ਸਰਦੂਲਗੜ੍ਹ (ਮਾਨਸਾ) ਦੇ ਵਸਨੀਕ ਸੱਤ ਵਿਅਕਤੀ ਵੀਰਵਾਰ ਸਵੇਰੇ ਅਰਟਿਗਾ ’ਚ ਸਵਾਰ ਹੋ ਕੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੇ ਫੁੱਲ ਪਾਉਣ ਲਈ ਕੀਰਤਪੁਰ ਸਾਹਿਬ ਜਾ ਰਹੇ ਸਨ। ਜਦੋਂ ਉਹ ਸਰਹਿੰਦ-ਭਾਦਸੋਂ ਰੋਡ ’ਤੇ ਸਥਿਤ ਪਿੰਡ ਸੌਂਢਾ ਤੋਂ ਥੋੜ੍ਹਾ ਪਿੱਛੇ ਸਨ ਤਾਂ ਸੰਘਣੀ ਧੁੰਦ ਕਾਰਨ ਗੱਡੀ ਦਾ ਚਾਲਕ ਸੜਕ ’ਤੇ ਪੈਂਦੇ ਮੋੜ ਦਾ ਅੰਦਾਜ਼ਾ ਨਹੀਂ ਲਾ ਸਕਿਆ ਤੇ ਕਾਰ ਸੜਕ ਕਿਨਾਰੇ ਇੱਕ ਦਰੱਖਤ ਨਾਲ ਜਾ ਟਕਰਾਈ, ਜਿਸ ਕਾਰਨ ਕਾਰ ’ਚ ਸਵਾਰ ਹਰਜਿੰਦਰ ਸਿੰਘ (65) ਪੁੱਤਰ ਜਰਨੈਲ ਸਿੰਘ ਅਤੇ ਬਲਵੀਰ ਸਿੰਘ (60) ਪੱੁਤਰ ਦਾਰਾ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਨਛੱਤਰ ਸਿੰਘ, ਗੁਰਦੀਪ ਸਿੰਘ, ਜਸਭਿੰਦਰ ਕੌਰ, ਰਾਣੀ ਅਤੇ ਅਰਸ਼ਦੀਪ ਕੌਰ ਜ਼ਖਮੀ ਹੋ ਗਏ। ਜਾਂਚ ਅਧਿਕਾਰੀ ਨੇ ਦੱਸਿਆ ਕਿ ਸਾਰੇ ਕਾਰ ਸਵਾਰ ਸਰਦੂਲਗੜ੍ਹ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ, ਜਿਨ੍ਹਾਂ ਦੇ ਵਾਰਿਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਹਨਾਂ ਦੇ ਇੱਥੇ ਪਹੁੰਚਣ ਉਪਰੰਤ ਮਿ੍ਰਤਕਾਂ ਦਾ ਪੋਸਟਮਾਰਟਮ ਕਰਵਾ ਕੇ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।