ਨਵੀਂ ਦਿੱਲੀ : ਕੌਮੀ ਰਾਜਧਾਨੀ ’ਚ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ। ਦਿੱਲੀ ’ਚ ਪਿਛਲੇ ਇੱਕ ਦਹਾਕੇ ਤੋਂ ਸੱਤਾ ’ਤੇ ਬਰਕਰਾਰ ਆਮ ਆਦਮੀ ਪਾਰਟੀ ਲਈ ਇਹ ਚੋਣ ਮੁਕਾਬਲਾ ਸਖ਼ਤ ਮੰਨਿਆ ਜਾ ਰਿਹਾ ਹੈ। ਦਿੱਲੀ ਚੋਣਾਂ ’ਚ ਭਾਜਪਾ ਖਿਲਾਫ਼ ਲਗਾਤਾਰ ਰਾਜਨੀਤਕ ਪਾਰਟੀਆਂ ਕੇਜਰੀਵਾਲ ਨੂੰ ਸਮਰਥਨ ਦੇ ਰਹੀਆਂ ਹਨ। ਸਮਾਜਵਾਦੀ ਪਾਰਟੀ, ਮਮਤਾ ਬੈਨਰਜੀ ਤੋਂ ਬਾਅਦ ਖੱਬੇ-ਪੱਖੇ ਪਾਰਟੀਆਂ ਨੇ ਵੀ ਆਪ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।
ਵਿਧਾਨ ਸਭਾ ਚੋਣਾਂ ਤੋਂ ਪਹਿਲਾ ਇਕਜੁਟਤਾ ਦਿਖਾਉਂਦੇ ਹੋਏ ਕਮਿਊਨਿਸਟ ਪਾਰਟੀਆਂ ਨੇ 6 ਵਿਧਾਨ ਸਭਾ ਖੇਤਰਾਂ ’ਚ ਚੋਣ ਲੜਨ ਲਈ ਇੱਕ-ਦੂਜੇ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ। ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੋ ਸੀਟਾਂ ਕਰਾਵਲ ਨਗਰ ਅਤੇ ਬਦਰਪੁਰ ’ਤੇ ਚੋਣ ਲੜੇਗੀ। ਸੀ ਪੀ ਆਈ (ਐੱਮ) ਪੋਲਿਟ ਬਿਊਰੋ ਮੈਂਬਰ ਵਰਿੰਦਾ ਕਰਤ ਨੇ ਵੀਰਵਾਰ ਨੂੰ ‘ਭਾਜਪਾ ਹਟਾਓ, ਦਿੱਲੀ ਬਚਾਓ’ ਦਾ ਨਾਅਰਾ ਦਿੰਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਿੱਲੀ ਦੇ ਲੋਕਾਂ ਦੇ ਅਧਿਕਾਰਾਂ ’ਤੇ ਬੁਲਡੋਜ਼ਰ ਚਲਾ ਰਹੀ ਹੈ ਅਤੇ ਉਨ੍ਹਾਂ ਨੂੰ ਰੋਕਣਾ ਜ਼ਰੂਰੀ ਹੈ। ਤਿੰਨ ਖੱਬੇ-ਪੱਖੇ ਦਲ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ), ਸੀ ਪੀ ਆਈ ਅਤੇ ਸੀ ਪੀ ਆਈ (ਮਾਰਕਸਵਾਦੀ-ਲੈਨਿਨਵਾਦੀ) ਕੁੱਲ ਛੇ ਵਿਧਾਨ ਸਭਾ ਸੀਟਾਂ ’ਤੇ ਚੋਣ ਲੜ ਰਹੀਆਂ ਹਨ।



