ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਜਾਟ ਭਾਈਚਾਰੇ ਨੂੰ ਕੇਂਦਰ ਦੀ ਓ ਬੀ ਸੀ ਸੂਚੀ ’ਚ ਸ਼ਾਮਲ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖਿਆ ਹੈ। ਕੇਜਰੀਵਾਲ ਨੇ ਲਿਖਿਆ ਕਿ ਕੇਂਦਰ ਸਰਕਾਰ ਪਿਛਲੇ 10 ਸਾਲਾਂ ਤੋਂ ਲਗਤਾਰ ਜਾਟ ਸਮਾਜ ਨਾਲ ਧੋਖਾ ਕਰ ਰਹੀ ਹੈ। ਕੇਂਦਰ ਸਰਕਾਰ ਦੀ ਵਾਅਦਾਖਿਲਾਫ਼ੀ ਕਾਰਨ ਦਿੱਲੀ ਦੇ ਓ ਬੀ ਸੀ ਸਮਾਜ ਦੇ ਹਜ਼ਾਰਾਂ ਨੌਜਵਾਨਾਂ ਦੇ ਨਾਲ ਧੋਖਾ ਹੋ ਰਿਹਾ ਹੈ। ਕੇਜਰੀਵਾਲ ਨੇ ਲਿਖਿਆ 8 ਫਰਵਰੀ 2017 ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਯੂ ਪੀ ਚੋਣਾਂ ਤੋਂ ਪਹਿਲਾਂ ਚੌਧਰੀ ਬੀਰੇਂਦਰ ਸਿੰਘ ਦੇ ਘਰ ਦਿੱਲੀ ਵਿਖੇ ਦੇਸ਼ ਦੇ ਜਾਟ ਨੇਤਾਵਾਂ ਨਾਲ ਮੀਟਿੰਗ ਕੀਤੀ ਸੀ ਅਤੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਸਟੇਟ ਲਿਸਟ ’ਚ ਜੋ ਓ ਬੀ ਸੀ ਜਾਤੀਆਂ ਹਨ, ਉਨ੍ਹਾਂ ਨੂੰ ਕੇਂਦਰ ਦੀ ਲਿਸਟ ’ਚ ਜੋੜਿਆ ਜਾਵੇਗਾ।
2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ’ਚ ਫਿਰ ਭਾਜਪਾ ਸਾਂਸਦ ਪ੍ਰਵੇਸ਼ ਵਰਮਾ ਦੇ ਘਰ ਅਮਿਤ ਸ਼ਾਹ ਨੇ ਜਾਟ ਨੇਤਾਵਾਂ ਨਾਲ ਵਾਅਦਾ ਕੀਤਾ ਸੀ ਕਿ ਦਿੱਲੀ ਦੇ ਜਾਟ ਸਮਾਜ ਨੂੰ ਕੇਂਦਰ ਦੀ ਓ ਬੀ ਸੀ ਲਿਸਟ ’ਚ ਸ਼ਾਮਲ ਕੀਤਾ ਜਾਵੇਗਾ, ਪਰ ਚੋਣਾਂ ਤੋਂ ਬਾਅਦ ਇਸ ’ਤੇ ਕੋਈ ਅਮਲ ਨਹੀਂ ਹੋਇਆ। ਕੇਜਰੀਵਾਲ ਨੇ ਕਿਹਾ ਕਿ ਕੇਂਦਰ ਜਾਟ ਭਾਈਚਾਰੇ ਨੂੰ ਓ ਬੀ ਸੀ ਕੈਟਾਗਰੀ ’ਚ ਸ਼ਾਮਲ ਕਰਕੇ ਆਪਣਾ ਵਾਅਦਾ ਪੂਰਾ ਕਰੇ।



