ਕੈਲੀਫੋਰਨੀਆ ਦੀ ਅੱਗ ’ਚ ਹਾਲੀਵੁੱਡ ਸਟਾਰਜ਼ ਦੇ ਘਰ ਵੀ ਖਾਕ

0
146

28 ਹਜ਼ਾਰ ਘਰਾਂ ਨੂੰ ਨੁਕਸਾਨ, 3 ਲੱਖ ਲੋਕ ਪ੍ਰਭਾਵਤ
ਲਾਸ ਏਂਜਲਸ : ਅਮਰੀਕਾ ’ਚ ਕੈਲੀਫੋਰਨੀਆ ਸੂਬੇ ਦੇ ਲਾਸ ਏਂਜਲਸ ਦੇ ਜੰਗਲਾਂ ’ਚ ਲੱਗੀ ਅੱਗ ਸ਼ਹਿਰ ਤੱਕ ਪਹੁੰਚ ਗਈ ਹੈ। ਅੱਗ ਨਾਲ ਹੁਣ ਤੱਕ 4,856 ਹੈਕਟੇਅਰ ਇਲਾਕਾ ਪ੍ਰਭਾਵਤ ਹੋ ਗਿਆ। ਕਰੀਬ 1100 ਇਮਾਰਤਾਂ ਪੂਰੀ ਤਰ੍ਹਾਂ ਸੜ ਗਈਆਂ ਅਤੇ 28 ਹਜ਼ਾਰ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਜੰਗਲ ’ਚ ਫੈਲ ਰਹੀ ਅੱਗ ਨਾਲ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਰੀਬ 50 ਹਜ਼ਾਰ ਲੋਕਾਂ ਨੂੰ ਤੁਰੰਤ ਘਰ ਖਾਲੀ ਕਰਨ ਨੂੰ ਕਿਹਾ ਗਿਆ ਹੈ। ਉਥੇ ਹੀ ਕਰੀਬ 3 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ। ਪ੍ਰਸ਼ਾਸਨ ਨੇ ਸ਼ਹਿਰ ’ਚ ਐਮਰਜੈਂਸੀ ਐਲਾਨ ਦਿੱਤੀ ਹੈ। ਅੱਗ ਨਾਲ ਲਾਸ ਏਂਜਲਸ ਸ਼ਹਿਰ ਦੇ ਪਾਸ਼ ਇਲਾਕੇ ਪੈਲੀਸੇਡੇਸ ’ਚ ਕਈ ਹਾਲੀਵੁੱਡ ਸਟਾਰ ਦੇ ਬੰਗਲੇ ਸੜ ਗਏ। ਮਾਰਕ ਹੈਸਿਲ, ਪੇਰਿਸ ਹਿਲਟਨ, ਜੇਮੀ ਲੀ ਕਰਟਿਸ, ਮੈਂਡੀ ਮੂਰ, ਮਾਰਿਆ ਸ਼ਾਇਵਰ, ਐਸ਼ਅਨ ਕੂਚਰ, ਜੇਮਸ ਵੁਡਸ ਅਤੇ ਲੀਟਨ ਮੇਸਟਰ ਸਮੇਤ ਕਈ ਹਾਲੀਵੁੱਡ ਸਟਾਰ ਦੇ ਘਰ ਅੱਗ ਦੀ ਲਪੇਟ ’ਚ ਆ ਗਏ। ਕਈ ਸਿਤਾਰਿਆਂ ਨੂੰ ਘਰ ਛੱਡ ਕੇ ਜਾਣਾ ਪਿਆ।
ਅੱਗ ਕਾਰਨ ਲਾਸ ਏਂਜਲਸ ਦੇ ਬ੍ਰੇਟਨਵੁੱਡ ਇਲਾਕੇ ’ਚ ਬਣੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਘਰ ਨੂੰ ਵੀ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਲਾਸ ਏਂਜਲਸ ਅਮਰੀਕਾ ਦੀ ਸਭ ਤੋਂ ਵੱਧ ਆਬਾਦੀ ਵਾਲੀ ਕਾਊਂਟੀ ਹੈ। ਇੱਥੇ 1 ਕਰੋੜ ਤੋਂ ਵੱਧ ਲੋਕ ਰਹਿੰਦੇ ਹਨ। ਕੈਲੀਫੋਰਨੀਆ ’ਚ ਹੈਲੀਕਾਪਟਰਾਂ ਅਤੇ ਜਹਾਜ਼ਾਂ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਤੇਜ਼ ਹਵਾਵਾਂ ਅਤੇ ਉਨ੍ਹਾਂ ਦੀ ਦਿਸ਼ਾ ਬਦਲਣ ਕਾਰਨ ਅੱਗ ਵੱਖ-ਵੱਖ ਥਾਵਾਂ ’ਤੇ ਫੈਲ ਰਹੀ ਹੈ।
ਸਕੂਲਾਂ ਅਤੇ ਯੂਨੀਵਰਸਿਟੀ ਕੇਂਦਰਾਂ ਤੇ ਹੋਰ ਸੁਰੱਖਿਅਤ ਥਾਵਾਂ ਨੂੰ ਐਮਰਜੈਂਸੀ ਸ਼ੈਲਟਰਾਂ ਲਈ ਤਿਆਰ ਕੀਤਾ ਗਿਆ ਹੈ। ਲਾਸ ਏਂਜਲਸ ਸ਼ਹਿਰ ਪਹਾੜਾਂ ’ਚ ਵਸਿਆ ਹੋਇਆ ਹੈ। ਇੱਥੇ ਚੀੜ ਦੇ ਜੰਗਲ ਹਨ, ਚੀੜ ਦੇ ਸੁੱਕੇ ਦਰੱਖ਼ਤ ਸੜਨ ਕਾਰਨ ਅੱਗ ਸ਼ੁਰੂ ਹੋਈ ਤੇ ਕੁਝ ਘੰਟਿਆਂ ’ਚ ਲਾਸ ਏਂਜਲਸ ਦੇ ਵੱਡੇ ਇਲਾਕੇ ਨੂੰ ਆਪਣੀ ਲਪੇਟ ’ਚ ਲੈ ਲਿਆ।