11.9 C
Jalandhar
Wednesday, January 22, 2025
spot_img

‘ਸ਼ੀਸ਼ ਮਹਿਲ’ ਬਨਾਮ ‘ਰਾਜ ਮਹਿਲ’

ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ। ਫਰਵਰੀ ਦੀ 5 ਤਰੀਕ ਨੂੰ ਵੋਟਾਂ ਪੈਣਗੀਆਂ ਤੇ 8 ਤਰੀਕ ਨੂੰ ਨਤੀਜੇ ਆਉਣਗੇ। ਦਿੱਲੀ ਦੀਆਂ ਚੋਣਾਂ ਤਿੰਨ ਪਾਰਟੀਆਂ; ਆਪ, ਭਾਜਪਾ ਤੇ ਕਾਂਗਰਸ ਲਈ ਨੱਕ ਦਾ ਸਵਾਲ ਬਣੀਆਂ ਹੋਈਆਂ ਹਨ। ਆਮ ਆਦਮੀ ਪਾਰਟੀ ਨੇ ਪਿਛਲੀਆਂ ਦੋ ਚੋਣਾਂ ਰਿਕਾਰਡ ਸੀਟਾਂ ਨਾਲ ਜਿੱਤੀਆਂ ਸਨ। ਆਪ ਦੇ ਆਗੂ ਜਾਣਦੇ ਹਨ ਕਿ ਜੇਕਰ ਇਸ ਵਾਰ ਉਹ ਹਾਰ ਜਾਂਦੀ ਹੈ ਤਾਂ ਉਸ ਦਾ ਨਿਘਾਰ ਸ਼ੁਰੂ ਹੋ ਜਾਵੇਗਾ। ਇਸ ਲਈ ਉਹ ਆਪਣੇ ਪਿਛਲੇ 10 ਸਾਲਾਂ ਦੇ ਰਾਜ ਦੌਰਾਨ ਕੀਤੇ ਕੰਮ, ਭਾਜਪਾ ਵੱਲੋਂ ਲੈਫਟੀਨੈਂਟ ਗਵਰਨਰ ਰਾਹੀਂ ਪਾਏ ਜਾਂਦੇ ਅੜਿੱਕੇ ਤੇ ਅੱਗੇ ਲਈ ਕੀਤੇ ਜਾ ਰਹੇ ਵਾਅਦਿਆਂ (ਔਰਤਾਂ ਨੂੰ 2100 ਰੁਪਏ ਸਨਮਾਨ ਰਾਸ਼ੀ ਆਦਿ) ਨੂੰ ਆਪਣਾ ਚੋਣ ਮੁੱਦਾ ਬਣਾ ਰਹੀ ਹੈ। ਭਾਜਪਾ ਪਿਛਲੇ 27 ਸਾਲ ਤੋਂ ਦਿੱਲੀ ਦੀ ਸੱਤਾ ਤੋਂ ਦੂਰ ਹੈ। ਮੋਦੀ ਦੇ ਕੇਂਦਰੀ ਸੱਤਾ ਵਿੱਚ ਆਉਣ ਤੇ ਉਸ ਤੋਂ ਬਾਅਦ ਹੋਈਆਂ ਸਾਰੀਆਂ ਲੋਕ ਸਭਾ ਚੋਣਾਂ ਵਿੱਚ ਦਿੱਲੀ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਜਿੱਤ ਲੈਣ ਦੇ ਬਾਵਜੂਦ ਵਿਧਾਨ ਸਭਾ ਚੋਣਾਂ ਵਿੱਚ ਉਸ ਲਈ ਦਿੱਲੀ ਦੂਰ ਹੀ ਰਹੀ। ਇਸ ਵਾਰ ਇਨ੍ਹਾਂ ਚੋਣਾਂ ਦੀ ਵਾਗਡੋਰ ਪ੍ਰਧਾਨ ਮੰਤਰੀ ਨੇ ਖੁਦ ਸਾਂਭੀ ਹੋਈ ਹੈ। ਇਸ ਤਰ੍ਹਾਂ ਇਹ ਚੋਣਾਂ ਪ੍ਰਧਾਨ ਮੰਤਰੀ ਲਈ ਸਾਖ ਦਾ ਸੁਆਲ ਬਣੀਆਂ ਹੋਈਆਂ ਹਨ। ਕਾਂਗਰਸ ਪਾਰਟੀ ਲਈ ਇਨ੍ਹਾਂ ਚੋਣਾਂ ਵਿੱਚ ਗੁਆਉਣ ਨੂੰ ਕੁਝ ਨਹੀਂ, ਕਿਉਂਕਿ ਪਿਛਲੀਆਂ ਦੋ ਚੋਣਾਂ ਵਿੱਚ ਉਹ ਜ਼ੀਰੋ ’ਤੇ ਆਊਟ ਹੁੰਦੀ ਰਹੀ ਹੈ। ਭਾਜਪਾ ਨੂੰ ਲਗਦਾ ਹੈ ਕਿ ਇਸ ਵਾਰ ਕਾਂਗਰਸ ਜੇਕਰ ਚੰਗਾ ਪ੍ਰਦਰਸ਼ਨ ਕਰਦੀ ਹੈ ਤਾਂ ਵੋਟਾਂ ਦੀ ਵੰਡ ਹੋਣ ਨਾਲ ਉਸ ਨੂੰ ਲਾਭ ਮਿਲ ਸਕਦਾ ਹੈ।
ਭਾਜਪਾ ਲਈ ਮੁਸ਼ਕਲ ਇਹ ਹੈ ਕਿ ਉਸ ਕੋਲ ਨਾ ਕੋਈ ਮੁੱਦਾ ਹੈ ਨਾ ਹੀ ਦਿੱਲੀ ਵਿੱਚ ਕੇਜਰੀਵਾਲ ਦੇ ਮੁਕਾਬਲੇ ਦਾ ਕੋਈ ਲੀਡਰ। ਇਸ ਹਾਲਤ ਵਿੱਚ ਭਾਜਪਾ ਨੇ ਭਿ੍ਰਸ਼ਟਾਚਾਰ ਨੂੰ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਵੀ ਬੈਕ ਫਾਇਰ ਕਰ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੀ ਸ਼ੁਰੂਆਤ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ‘ਸ਼ੀਸ਼ ਮਹਿਲ’ ਕਹਿ ਕੇ ਕੇਜਰੀਵਾਲ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਸੀ। ਪ੍ਰਧਾਨ ਮੰਤਰੀ ਨੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਕੇਜਰੀਵਾਲ ਝੂਠ ਬੋਲਦਾ ਹੈ ਕਿ ਕੇਂਦਰ ਸਰਕਾਰ ਉਨ੍ਹਾਂ ਨੂੰ ਪੈਸਾ ਨਹੀਂ ਦਿੰਦੀ ਤੇ ਕੰਮ ਕਰਨ ਨਹੀਂ ਦਿੰਦੀ। ਕੇਜਰੀਵਾਲ ਦਾ ‘ਸ਼ੀਸ਼ ਮਹਿਲ’ ਉਸ ਦੇ ਝੂਠ ਨੂੰ ਉਜਾਗਰ ਕਰਦਾ ਹੈ। ਇੱਕ ਅਖ਼ਬਾਰ ਨੇ ‘ਸ਼ੀਸ਼ ਮਹਿਲ’ ’ਤੇ ਹੋਏ ਖ਼ਰਚ ਦਾ ਖੁਲਾਸਾ ਕੀਤਾ ਹੈ।’’ ਚੋਣਾਂ ਦੇ ਐਲਾਨ ਤੋਂ ਬਾਅਦ ਭਾਜਪਾ ਦੇ ਬੁਲਾਰੇ ਨੇ ਪ੍ਰੈੱਸ ਕਾਨਫ਼ਰੰਸ ਲਾ ਕੇ ਕਹਿ ਦਿੱਤਾ ਕਿ ‘ਕੈਗ’ ਦੀ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ‘ਸ਼ੀਸ਼ ਮਹਿਲ’ ਦੇ ਅੰਦਰ ਕਰੋੜਾਂ ਰੁਪਏ ਲਾ ਕੇ ਆਲੀਸ਼ਾਨ ਸਵਿਮਿੰਗ ਪੂਲ, ਸ਼ਰਾਬਖਾਨਾ ਤੇ ਬਾਥਰੂਮ ਵਿੱਚ ਸੋਨੇ ਦੇ ਕਮੋਡ ਲਾਏ ਗਏ ਹਨ। ਹਾਲਾਂਕਿ ‘ਕੈਗ’ ਨੇ ਅਜਿਹੀ ਕੋਈ ਰਿਪੋਰਟ ਜਾਰੀ ਨਹੀਂ ਕੀਤੀ ਤੇ ਨਾ ਹੀ ਉਸ ਦੀ ਵੈੱਬਸਾਈਟ ਉੱਤੇ ਉਪਲੱਬਧ ਹੈ।
ਭਾਜਪਾ ਵੱਲੋਂ ਇਸ ਮੁੱਦੇ ਨੂੰ ਉਠਾਉਣ ਦੀ ਦੇਰ ਸੀ ਕਿ ਆਪ ਨੇ ਇਸ ਨੂੰ ਲਪਕ ਲਿਆ। ਆਪ ਦੇ ਸੰਸਦ ਮੈਂਬਰ ਸੰਜੇ ਸਿੰਘ ਤੇ ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਪੱਤਰਕਾਰਾਂ ਦੀ ਟੀਮ ਲੈ ਕੇ ‘ਸ਼ੀਸ਼ ਮਹਿਲ’ ਅੰਦਰਲੀ ਹਕੀਕਤ ਦਿਖਾਉਣ ਲਈ ਉਸ ਦੇ ਗੇਟ ਉੱਤੇ ਜਾ ਪੁੱਜੇ। ਭਾਜਪਾ ਨੂੰ ਹਕੀਕਤ ਬੇਪਰਦ ਹੋਣ ਦੇ ਡਰੋਂ ਤਰੇਲੀਆਂ ਆ ਗਈਆਂ। ਅਧਿਕਾਰੀਆਂ ਨੂੰ ਕਹਿ ਕੇ ਤੁਰੰਤ ‘ਸ਼ੀਸ਼ ਮਹਿਲ’ ਦੀ ਕੇਜਰੀਵਾਲ ਦੇ ਨਾਂ ਹੋਈ ਅਲਾਟਮੈਂਟ ਰੱਦ ਕਰਾ ਕੇ ਉਥੇ ਵੱਡੀ ਗਿਣਤੀ ਪੁਲਸ ਫੋਰਸ ਲਾ ਦਿੱਤੀ ਗਈ। ਇਸ ਦੇ ਨਾਲ ਹੀ ਆਪ ਆਗੂਆਂ ਨੇ ਪ੍ਰਧਾਨ ਮੰਤਰੀ ਲਈ ਬਣੇ ਪੀ ਐੱਮ ਹਾਊਸ ਦਾ ਮੁੱਦਾ ਚੁੱਕ ਲਿਆ। ਸੰਜੇ ਸਿੰਘ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਦੀ ਮੁਰੰਮਤ ਤੇ ਸਮਾਨ ਉੱਤੇ 35 ਕਰੋੜ ਖ਼ਰਚ ਹੋਏ ਹਨ, ਪਰ ਪ੍ਰਧਾਨ ਮੰਤਰੀ ਦੀ ਰਿਹਾਇਸ਼ ਉੱਤੇ 2700 ਕਰੋੜ ਰੁਪਏ ਖ਼ਰਚ ਹੋਏ ਹਨ। ਸੰਜੇ ਸਿੰਘ ਨੇ ਆਪਣੀ ਗੱਲ ਨੂੰ ਤੜਕਾ ਲਾਉਂਦਿਆਂ ਇਹ ਵੀ ਕਹਿ ਦਿੱਤਾ ਕਿ ‘ਰਾਜ ਮਹਿਲ’ ਵਿੱਚ 12-12 ਕਰੋੜ ਦੀਆਂ ਗੱਡੀਆਂ, 5 ਹਜ਼ਾਰ ਸੂਟ, 200 ਕਰੋੜ ਦੇ ਝੂਮਰ, 300 ਕਰੋੜਾਂ ਦੇ ਕਲੀਨ ਤੇ ਲੱਖਾਂ ਦੇ ਪੈੱਨ ਹਨ।
ਪ੍ਰਧਾਨ ਮੰਤਰੀ ਨੇ ਇਸ ਮੁੱਦੇ ਨੂੰ ਚੁੱਕ ਕੇ ਲੋਕਾਂ ਸਾਹਮਣੇ ਇਹ ਹਕੀਕਤ ਲੈ ਆਂਦੀ ਹੈ ਕਿ ਸਾਡੇ ਆਗੂ ਟੈਕਸ ਦਾਤਿਆਂ ਵੱਲੋਂ ਦਿੱਤੇ ਜਾਂਦੇ ਪੈਸੇ ਨੂੰ ਕਿਵੇਂ ਬੇਦਰਦੀ ਨਾਲ ਖਰਚ ਕਰਦੇ ਹਨ। ਅਖਬਾਰਾਂ ਨੇ ਇਹ ਛਾਪ ਦਿੱਤਾ ਹੈ ਕਿ ਪਿਛਲੇ ਸਮੇਂ ਦੌਰਾਨ ਵੱਖ-ਵੱਖ ਆਗੂਆਂ ਨੇ ਆਪਣੇ ਸਰਕਾਰੀ ਬੰਗਲਿਆਂ ਉੱਤੇ ਕਿੰਨਾ ਖਰਚ ਕੀਤਾ ਹੈ। ਕੇਜਰੀਵਾਲ ਦੇ ਬੰਗਲੇ ਉਤੇ 35 ਕਰੋੜ, ਪ੍ਰਧਾਨ ਮੰਤਰੀ ਦੇ ਪੁਰਾਣੇ ਬੰਗਲੇ ਉੱਤੇ 25 ਕਰੋੜ ਤੇ ਐੱਲ ਜੀ ਦੇ ਬੰਗਲੇ ਉੱਤੇ 17 ਕਰੋੜ ਰੁਪਏ ਸਜਾਵਟ ਤੇ ਮੁਰੰਮਤ ਲਈ ਖਰਚੇ ਗਏ ਸਨ। ਉਪਰ 2700 ਕਰੋੜ ਵਾਲੇ ਜਿਸ ਬੰਗਲੇ ਦੀ ਗੱਲ ਕੀਤੀ ਗਈ ਹੈ, ਉਹ ਪ੍ਰਧਾਨ ਮੰਤਰੀ ਦੀ ਨਵੀਂ ਰਿਹਾਇਸ਼ ਹੈ। ਇਸ ਸਮੇਂ ਚੋਣ ਮੁਹਿੰਮ ਦੇ ਪਹਿਲੇ ਦਿਨ ਹਨ, ਆਉਣ ਵਾਲੇ ਸਮੇਂ ਵਿੱਚ ਚੋਣ ਘੋਲ ਕਿਸ ਦਿਸ਼ਾ ਵਿੱਚ ਜਾਂਦਾ ਹੈ, ਇਸ ਦਾ ਫਿਰ ਜ਼ਿਕਰ ਕਰਾਂਗੇ।
-ਚੰਦ ਫਤਿਹਪੁਰੀ

Related Articles

Latest Articles