ਮੁੰਬਈ : ਬਾਲੀਵੁਡ ਅਦਾਕਾਰ ਸੈਫ਼ ਅਲੀ ਖਾਨ ’ਤੇ ਬੁੱਧਵਾਰ ਵੱਡੇ ਤੜਕੇ ਇਕ ਅਣਪਛਾਤੇ ਵਿਅਕਤੀ ਨੇ ਘਰ ਵਿੱਚ ਵੜ ਕੇ ਚਾਕੂ ਨਾਲ ਹਮਲਾ ਕਰ ਦਿੱਤਾ। ਇਹ ਘਟਨਾ ਉਸ ਦੇ ਖਾਰ ਸਥਿਤ ਸਤਿਗੁਰੂ ਸ਼ਰਣ ਅਪਾਰਟਮੈਂਟ ਦੇ 12ਵੇਂ ਫਲੋਰ ’ਤੇ ਕਰੀਬ 2.30 ਵਜੇ ਵਾਪਰੀ। ਸੈਫ਼ ਨੂੰ 3.30 ਵਜੇ ਲੀਲਾਵਤੀ ਹਸਪਤਾਲ ਲਿਜਾਇਆ ਗਿਆ। ਉਸ ਦੇ ਗਲੇ, ਪਿੱਠ, ਹੱਥ ਤੇ ਸਿਰ ਸਣੇ 6 ਥਾਈਂ ਚਾਕੂ ਲੱਗਿਆ। ਹਸਪਤਾਲ ਦੇ ਡਾ. ਨੀਰਜ ਉਤਮਾਨੀ ਨੇ ਦੱਸਿਆ ਕਿ ਸੈਫ਼ ਦੀ ਰੀੜ੍ਹ ਦੀ ਹੱਡੀ ਵਿੱਚ ਚਾਕੂ ਦਾ ਟੁਕੜਾ ਫਸਿਆ ਸੀ ਤੇ ਫਲੂਡ ਵੀ ਲੀਕ ਹੋ ਰਿਹਾ ਸੀ। ਸਰਜਰੀ ਕਰਕੇ ਚਾਕੂ ਦਾ ਟੁਕੜਾ ਕੱਢ ਦਿੱਤਾ ਗਿਆ। ਧੌਣ ’ਤੇ ਇੱਕ ਤੇ ਖੱਬੇ ਹੱਥ ’ਤੇ ਦੋ ਡੂੰਘੇ ਜ਼ਖਮ ਸਨ। ਇਨ੍ਹਾਂ ਦੀ ਪਲਾਸਟਿਕ ਸਰਜਰੀ ਕਰਨੀ ਪਈ। ਹਸਪਤਾਲ ਨੇ ਬਾਅਦ ਵਿੱਚ ਉਸ ਦੀ ਹਾਲਤ ਸਥਿਰ ਦੱਸੀ। ਡੀ ਸੀ ਪੀ ਗੇਦਾਮ ਦੀਕਸ਼ਤ ਨੇ ਕਿਹਾ ਕਿ ਇੱਕ ਹਮਲਾਵਰ ਦੀ ਪਛਾਣ ਕਰ ਲਈ ਗਈ ਹੈ। ਉਹ ਚੋਰੀ ਦੇ ਇਰਾਦੇ ਨਾਲ ਪੌੜੀਆਂ ਰਾਹੀਂ ਘਰ ਵਿੱਚ ਵੜਿਆ ਸੀ ਤੇ ਹਮਲੇ ਦੇ ਬਾਅਦ ਉਧਰੋਂ ਹੀ ਭੱਜਿਆ। ਸੀ ਸੀ ਟੀ ਵੀ ਫੁਟੇਜ਼ ’ਚ ਉਹ ਛੇਵੀਂ ਮੰਜ਼ਲ ’ਤੇ ਨਜ਼ਰ ਆਇਆ। ਪੁਲਸ ਨੇ ਦੱਸਿਆ ਕਿ ਹਮਲੇ ਦੌਰਾਨ ਜ਼ਖਮੀ ਹੋਈ ਹਾਊਸ ਕੀਪਰ ਸਣੇ ਤਿੰਨ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਹੈ। ਸ਼ੁਰੂਆਤੀ ਜਾਂਚ ’ਚ ਪਤਾ ਲੱਗਿਆ ਹੈ ਕਿ ਘਰ ਅੰਦਰਲੇ ਕਿਸੇ ਬੰਦੇ ਨੇ ਹਮਲਾਵਰ ਨੂੰ ਅੰਦਰ ਆਉਣ ’ਚ ਮਦਦ ਦਿੱਤੀ। ਰਿਪੋਰਟਾਂ ਮੁਤਾਬਕ ਘਟਨਾ ਸੈਫ਼-ਕਰੀਨਾ ਦੇ ਬੱਚਿਆਂ ਤੈਮੂਰ ਤੇ ਜੇਹ ਦੇ ਕਮਰੇ ਦੀ ਹੈ। ਕਮਰੇ ਵਿੱਚ ਉਨ੍ਹਾਂ ਦੀ ਹਾਊਸ ਕੀਪਰ ਅਰਿਆਮਾ ਫਿਲਿਪ ਉਰਫ ਲੀਮਾ ਮੌਜੂਦ ਸੀ, ਜਿਸ ਨੂੰ ਅਗਿਆਤ ਬੰਦੇ ਨੇ ਫੜ ਲਿਆ। ਉਸ ਦੇ ਚੀਕਣ ’ਤੇ ਸੈਫ਼ ਬੱਚਿਆਂ ਦੇ ਕਮਰੇ ਵਿੱਚ ਪੁੱਜਾ। ਸੈਫ਼ ਨੂੰ ਦੇਖਦੇ ਹੀ ਬੰਦੇ ਨੇ ਉਸ ’ਤੇ ਚਾਕੂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਜ਼ਖਮੀ ਹੋਈ ਲੀਮਾ ਨੂੰ ਵੀ ਲੀਲਾਵਤੀ ਹਸਪਤਾਲ ਲਿਜਾਇਆ ਗਿਆ।




