ਕੋਲਕਾਤਾ : ਸਥਾਨਕ ਸਰਕਾਰੀ ਆਰ ਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ’ਚ 9 ਅਗਸਤ ਨੂੰ 31 ਸਾਲਾ ਟਰੇਨੀ ਡਾਕਟਰ ਨਾਲ ਜਬਰ-ਜ਼ਨਾਹ ਅਤੇ ਹੱਤਿਆ ਦੇ ਮਾਮਲੇ ’ਚ ਸਿਆਲਦਾਹ ਦੀ ਸਪੈਸ਼ਲ ਸੀ ਬੀ ਆਈ ਕੋਰਟ ਦੇ ਜੱਜ ਅਨਿਰਬਾਨ ਦਾਸ ਨੇ ਸ਼ਨਿੱਚਰਵਾਰ ਸੰਜੇ ਰਾਏ ਨੂੰ ਦੋਸ਼ੀ ਕਰਾਰ ਦਿੱਤਾ। ਸਜ਼ਾ 20 ਜਨਵਰੀ ਨੂੰ ਸੁਣਾਈ ਜਾਵੇਗੀ। 13 ਅਗਸਤ ਨੂੰ ਕੋਲਕਾਤਾ ਪੁਲਸ ਤੋਂ ਕੇਸ ਲੈਣ ਤੋਂ ਬਾਅਦ ਸੀ ਬੀ ਆਈ ਨੇ 120 ਤੋਂ ਵੱਧ ਗਵਾਹਾਂ ਦੇ ਬਿਆਨ ਲੈ ਕੇ ਚਾਰਜਸ਼ੀਟ ਪੇਸ਼ ਕੀਤੀ ਸੀ। ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਰਾਏ ਨੇ ਕੋਰਟ ’ਚ ਉੱਚੀ ਅਵਾਜ਼ ’ਚ ਚੀਕ ਕੇ ਕਿਹਾ ਕਿ ਉਹ ਦੋਸ਼ੀ ਨਹੀਂ ਹੈ।
ਇਸ ਮਾਮਲੇ ’ਚ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਵੱਡਾ ਅੰਦੋਲਨ ਕਰਨ ਵਾਲੇ ਜੂਨੀਅਰ ਡਾਕਟਰ ਕੋਰਟ ਦੇ ਬਾਹਰ ਮੌਜੂਦ ਸਨ। ਉਨ੍ਹਾ ਕਿਹਾ ਕਿ ਉਹ ਫੈਸਲੇ ਤੋਂ ਸੰਤੁਸ਼ਟ ਨਹੀਂ। ਉਨ੍ਹਾਂ ਕਿਹਾ ਕਿ ਸੀ ਬੀ ਆਈ ਨੇ ਕਈ ਸਵਾਲਾਂ ਨੂੰ ਹੱਲ ਨਹੀਂ ਕੀਤਾ। ਅੰਦੋਲਨਕਾਰੀ ਜੂਨੀਅਰ ਡਾਕਟਰਾਂ ਦੇ ਆਗੂ ਡਾ. ਅਨਿਕੇਤ ਮਹਾਤੋ ਨੇ ਕਿਹਾਅਸੀਂ ਪਹਿਲੇ ਦਿਨ ਤੋਂ ਕਹਿੰਦੇ ਆਏ ਹਾਂ ਕਿ ਅਪਰਾਧ ਵਿੱਚ ਸਿਰਫ ਇੱਕ ਬੰਦਾ ਹੀ ਸ਼ਾਮਲ ਨਹੀਂ। ਅਸੀਂ ਮੰਨ ਲੈਂਦੇ ਹਾਂ ਕਿ ਰਾਏ ਮੁੱਖ ਮੁਲਜ਼ਮ ਸੀ, ਪਰ ਇਹ ਕਾਰਾ ਉਹ ਇਕੱਲਾ ਨਹੀਂ ਕਰ ਸਕਦਾ ਸੀ। ਸੀ ਬੀ ਆਈ ਨੇ ਆਪਣੀ ਮੁਢਲੀ ਚਾਰਜਸ਼ੀਟ ਵਿੱਚ ਕਿਹਾ ਸੀ ਕਿ ਸਬੂਤਾਂ ਨਾਲ ਛੇੜਛਾੜ ਕੀਤੀ ਗਈ। ਦੱਸਿਆ ਜਾਵੇ ਕਿ ਉਸ ਦਾ ਕੀ ਹੋਇਆ? ਕੀ ਕਾਲਜ ਦੇ ਸਾਬਕਾ ਪਿ੍ਰੰਸੀਪਲ ਸੰਦੀਪ ਘੋਸ਼ ਦੁੱਧ ਧੋਤਾ ਨਿਕਲਿਆ ਹੈ? ਜ਼ਿਮਨੀ ਚਾਰਜਸ਼ੀਟ ਕਿਉ ਨਹੀਂ ਦਾਖਲ ਕੀਤੀ ਗਈ। ਕਦੋਂ ਦਾਖਲ ਕੀਤੀ ਜਾਵੇਗੀ? ਰਾਏ ਤੋਂ ਇਲਾਵਾ ਇਸ ਘਿਨਾਉਣੇ ਕਾਰੇ ਵਿੱਚ ਹੋਰ ਕੌਣ ਸ਼ਾਮਲ ਸਨ? ਅਸੀਂ ਜਾਣਨਾ ਚਾਹੁੰਦੇ ਹਾਂ।





