ਇਧਰਲੇ 65 ਸਾਹਿਤਕਾਰ ਲਾਹੌਰ ਪੁੱਜੇ

0
115

ਅੰਮਿ੍ਰਤਸਰ : ਲਾਹੌਰ ਵਿਖੇ 19 ਤੋਂ 21 ਜਨਵਰੀ ਤੱਕ ਹੋਣ ਵਾਲੀ 34ਵੀਂ ਵਿਸ਼ਵ ਪੰਜਾਬੀ ਕਾਨਫਰੰਸ ’ਚ ਹਿੱਸਾ ਲੈਣ ਵਾਸਤੇ ਭਾਰਤ ਤੋਂ 65 ਮੈਂਬਰੀ ਵਫਦ ਸਨਿੱਚਰਵਾਰ ਵਾਹਗਾ-ਅਟਾਰੀ ਸਰਹੱਦ ਰਸਤੇ ਪਾਕਿਸਤਾਨ ਪੁੱਜ ਗਿਆ। ਇਹ ਵਫਦ ਪਾਕਿਸਤਾਨ ਦੇ ਸਾਬਕਾ ਵਜ਼ੀਰ ਫਖਰ ਜਮਾਨ ਦੇ ਸੱਦੇ ਉੱਪਰ ਗਿਆ ਹੈ। ਵਫਦ ਦੀ ਅਗਵਾਈ ਵਿਸ਼ਵ ਪੰਜਾਬੀ ਕਾਨਫਰੰਸ ਦੇ ਭਾਰਤੀ ਚੈਪਟਰ ਦੇ ਕੋਆਰਡੀਨੇਟਰ ਸਹਿਜਪ੍ਰੀਤ ਸਿੰਘ ਮਾਂਗਟ, ਚੇਅਰਮੈਨ ਡਾ. ਦੀਪਕ ਮਨਮੋਹਨ ਸਿੰਘ ਅਤੇ ਉੱਘੇ ਕਵੀ ਤੇ ਪੰਜਾਬੀ ਵਿਰਾਸਤ ਲੋਕ ਅਕਾਡਮੀ ਦੇ ਚੇਅਰਮੈਨ ਗੁਰਭਜਨ ਸਿੰਘ ਗਿੱਲ ਕਰ ਰਹੇ ਹਨ। ਇਸ ਵਾਰ ਕਾਨਫਰੰਸ ਸੂਫੀਇਜ਼ਮ ਬਾਰੇ ਹੋਵੇਗੀ। ਵਫਦ ’ਚ ਗੁਰਭਜਨ ਸਿੰਘ ਗਿੱਲ, ਸਹਿਜਪ੍ਰੀਤ ਸਿੰਘ ਮਾਂਗਟ, ਤ੍ਰੈਲੋਚਨ ਲੋਚੀ ਤੇ ਨਵਦੀਪ ਸਿੰਘ ਗਿੱਲ ਦੀਆਂ ਗੁਰਮੁਖੀ ਦੇ ਨਾਲ ਸ਼ਾਹਮੁਖੀ ’ਚ ਪ੍ਰਕਾਸ਼ਤ ਨਵੀਆਂ ਪੁਸਤਕਾਂ ਵੀ ਰਿਲੀਜ਼ ਹੋਣਗੀਆਂ। ਵਫਦ ’ਚ ਦਰਸ਼ਨ ਸਿੰਘ ਬੁੱਟਰ, ਡਾ. ਸੁਖਦੇਵ ਸਿਰਸਾ, ਕਾਹਨ ਸਿੰਘ ਪੰਨੂੰ, ਗੁਰਪ੍ਰੀਤ ਸਿੰਘ ਤੂਰ, ਜੰਗ ਬਹਾਦਰ ਗੋਇਲ, ਅੰਮਿ੍ਰਤ ਕੌਰ ਗਿੱਲ, ਪੰਮੀ ਬਾਈ, ਡੌਲੀ ਗੁਲੇਰੀਆ, ਸੁਨੀਤਾ ਧੀਰ ਆਦਿ ਪ੍ਰਮੁੱਖ ਸ਼ਖਸੀਅਤਾਂ ਹਨ। ਵਫਦ ਲਾਹੌਰ ਦੇ ਨਾਲ-ਨਾਲ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਗੁਜਰਾਂਵਾਲਾ ਤੇ ਕਸੂਰ ਦਾ ਵੀ ਦੌਰਾ ਕਰੇਗਾ।