ਪਾਤੜਾਂ (ਨਿਸ਼ਾਨ ਸਿੰਘ ਬਣਵਾਲਾ)
ਕਿਸਾਨੀ ਮੰਗਾਂ ਨੂੰ ਲੈ ਕੇ ਪੰਜਾਬ-ਹਰਿਆਣਾ ਬਾਰਡਰ ਉੱਤੇ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਕਿਸਾਨੀ ਏਕਤਾ ਦੇ ਮੱਦੇਨਜ਼ਰ ਸੰਯੁਕਤ ਕਿਸਾਨ ਮੋਰਚਾ (ਐੱਸ ਕੇ ਐੱਮ) ਐੱਸ ਕੇ ਐੱਮ (ਗੈਰ ਸਿਆਸੀ) ਅਤੇ ਕਿਸਾਨ-ਮਜ਼ਦੂਰ ਮੋਰਚੇ ਵਿੱਚ ਸ਼ਾਮਲ ਤਿੰਨਾਂ ਧਿਰਾਂ ਦੀ ਸਾਂਝੀ ਮੀਟਿੰਗ ਸ਼ਨਿਚਰਵਾਰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤੜਾਂ ਵਿਖੇ ਹੋਈ । ਮੀਟਿੰਗ ਵਿੱਚ ਤਿੰਨਾਂ ਫੋਰਮਾਂ ਦੇ ਵੱਡੇ ਆਗੂ ਸੰਯੁਕਤ ਕਿਸਾਨ ਮੋਰਚਾ ਵੱਲੋਂ ਬਣਾਈ ਗਈ ਛੇ ਮੈਂਬਰੀ ਤਾਲਮੇਲ ਕਮੇਟੀ ਦੇ ਮੈਂਬਰ ਬਲਵੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਰਮਿੰਦਰ ਸਿੰਘ ਪਟਿਆਲਾ, �ਿਸ਼ਨਾ ਪ੍ਰਸ਼ਾਦ ਕੇਰਲਾ, ਹਰਿੰਦਰ ਸਿੰਘ ਲੱਖੋਵਾਲ ਅਤੇ ਡਾਕਟਰ ਦਰਸ਼ਨਪਾਲ ਤੋਂ ਇਲਾਵਾ ਕਿਸਾਨ ਆਗੂ ਬਲਦੇਵ ਸਿੰਘ ਨਿਹਾਲਗੜ੍ਹ, ਝੰਡਾ ਸਿੰਘ ਜੇਠੂਕੇ ਸ਼ਾਮਲ ਹੋਏ, ਜਦੋਂ ਕਿ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਵੱਲੋਂ ਸੁਖਜੀਤ ਸਿੰਘ ਹਰਦੋ ਝੰਡਾ, ਲਖਵਿੰਦਰ ਸਿੰਘ ਔਲਖ, ਗੁਰਿੰਦਰ ਸਿੰਘ ਭੰਗੂ ਅਤੇ ਕਿਸਾਨ-ਮਜ਼ਦੂਰ ਮੋਰਚੇ ਵੱਲੋਂ ਸਰਵਨ ਸਿੰਘ ਪੰਧੇਰ, ਸੁਰਜੀਤ ਸਿੰਘ ਫੂਲ, ਜਸਵਿੰਦਰ ਸਿੰਘ ਲੌਂਗੋਵਾਲ, ਮਲਕੀਤ ਸਿੰਘ, ਮਨਜੀਤ ਸਿੰਘ ਰਾਏ, ਰਾਜੂ ਰਾਜਸਥਾਨ ਅਤੇ ਅਮਰਜੀਤ ਸਿੰਘ ਮੋਹੜੀ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਕਰਕੇ ਵਿਗੜ ਰਹੀ ਸਿਹਤ ਦੀ ਸਥਿਤੀ ਉੱਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਘੱਟੋ-ਘੱਟ ਸਾਂਝੇ ਪ੍ਰੋਗਰਾਮ ਤਹਿਤ ਏਕਤਾ ਦੇ ਹਾਮੀ ਹੋਣ ਦਾ ਦਾਅਵਾ ਕੀਤਾ ਗਿਆ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ 20 ਜਨਵਰੀ ਨੂੰ ਦੇਸ਼ ਭਰ ਵਿੱਚ ਪਾਰਲੀਮੈਂਟ ਮੈਂਬਰਾਂ ਨੂੰ ਮੰਗ ਪੱਤਰ ਦੇਣ ਅਤੇ 26 ਜਨਵਰੀ ਨੂੰ ਦੋਨਾਂ ਮੋਰਚਿਆਂ ਵੱਲੋਂ ਟਰੈਕਟਰ ਮਾਰਚ ਕੀਤੇ ਜਾਣ ਦਾ ਐਲਾਨ ਕੀਤਾ ਗਿਆ। ਮੀਟਿੰਗ ਉਪਰੰਤ ਦੋਵਾਂ ਧੜਿਆਂ ਵੱਲੋਂ ਵੱਖੋ ਵੱਖਰੀਆਂ ਪ੍ਰੈੱਸ ਕਾਨਫਰੰਸਾਂ ਕੀਤੀਆਂ ਗਈਆਂ।
ਮੀਟਿੰਗ ਵਿੱਚੋਂ ਬਾਹਰ ਆ ਕੇ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ-ਮਜ਼ਦੂਰ ਮੋਰਚੇ ਦੇ ਆਗੂਆਂ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ, ਲਖਵਿੰਦਰ ਸਿੰਘ ਔਲਖ ਅਤੇ ਗੁਰਵਿੰਦਰ ਸਿੰਘ ਭੰਗੂ ਨੇ ਕਿਹਾ ਕਿ ਮੋਰਚਾ ਏਕਤਾ ਦਾ ਹਾਮੀ ਹੈ ਅਤੇ ਉਸ ਨੇ ਏਕਤਾ ਲਈ ਸਾਰੇ ਦਰਵਾਜ਼ੇ ਖੁੱਲੇ੍ਹ ਰੱਖੇ ਹਨ ਪਰ ਕੁਝ ਕੁ ਮੰਗਾਂ ਉੱਤੇ ਵਿਚਾਰ-ਵਟਾਂਦਰੇ ਦੇ ਮਕਸਦ ਨਾਲ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਸਮਾਂ ਮੰਗਿਆ ਗਿਆ ਹੈ। ਉਹਨਾਂ ਦਾਅਵਾ ਕੀਤਾ ਕਿ ਦੋਵਾਂ ਮੋਰਚਿਆਂ ਦੇ ਆਗੂ ਘੱਟੋ-ਘੱਟ ਸਾਂਝੇ ਪ੍ਰੋਗਰਾਮ ਉੱਤੇ ਏਕਤਾ ਲਈ ਦਿ੍ਰੜ੍ਹ ਹਨ। ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਰਮਿੰਦਰ ਸਿੰਘ ਪਟਿਆਲਾ ਅਤੇ �ਿਸ਼ਨਾ ਪ੍ਰਸ਼ਾਦ ਕੇਰਲਾ ਨੇ ਕਿਹਾ ਕਿ ਦੋਵੇਂ ਮੋਰਚੇ ਏਕਤਾ ਲਈ ਵਚਨਬੱਧ ਹਨ। ਕੇਂਦਰ ਸਰਕਾਰ ਵੱਲੋਂ ਵਾਪਸ ਕੀਤੇ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਨਵੇਂ ਰੂਪ ਵਿੱਚ ਲਾਗੂ ਕਰਦਿਆਂ ਖੇਤੀਬਾੜੀ ਮੰਡੀਕਰਨ ਕਾਨੂੰਨ ਦਾ ਖਰੜਾ ਰਾਜ ਸਰਕਾਰਾਂ ਨੂੰ ਭੇਜ ਕੇ ਟੇਢੇ ਢੰਗ ਨਾਲ ਕਾਨੂੰਨਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਖਰੜੇ ਦੀ ਵਾਪਸੀ ਦੀ ਮੰਗ ਅਤੇ ਕਿਸਾਨ ਅੰਦੋਲਨ ਦੌਰਾਨ ਇਸ ਮੰਗ ਨੂੰ ਕਿਸਾਨੀ ਮੰਗਾਂ ਵਿੱਚ ਥਾਂ ਦਿੱਤੇ ਜਾਣ ਨੂੰ ਲੈ ਕੇ ਦੋਨੋਂ ਫੋਰਮਾਂ ਨੇ ਸਮਾਂ ਮੰਗਿਆ ਹੈ ਜਦੋਂ ਕਿ ਸੰਯੁਕਤ ਕਿਸਾਨ ਮੋਰਚਾ ਇਸ ਖੇਤੀ ਮੰਡੀਕਰਨ ਖਰੜੇ ਨੂੰ ਸਭ ਤੋਂ ਵੱਡਾ ਹਮਲਾ ਮੰਨਦਾ ਹੈ। ਇਸ ਤੋਂ ਇਲਾਵਾ ਦੋਨਾਂ ਫੋਰਮਾਂ ਵੱਲੋਂ ਉਠਾਏ ਗਏ ਕੁਝ ਹੋਰ ਮੁੱਦਿਆਂ ਉੱਤੇ ਸੰਯੁਕਤ ਕਿਸਾਨ ਮੋਰਚੇ ਦੀ 24 ਜਨਵਰੀ ਨੂੰ ਦਿੱਲੀ ਵਿਖੇ ਹੋ ਰਹੀ ਜਨਰਲ ਬਾਡੀ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਜਿਸ ਮਗਰੋਂ ਤਿੰਨਾਂ ਫੋਰਮਾਂ ਦੀ ਅਗਲੀ ਸਾਂਝੀ ਮੀਟਿੰਗ ਕਰਕੇ ਸੰਘਰਸ਼ ਦੀ ਰੂਪਰੇਖਾ ਦਾ ਐਲਾਨ ਕੀਤਾ ਜਾਵੇਗਾ। ਇਸ ਦੌਰਾਨ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਦਾਅਵਾ ਕੀਤਾ ਕਿ ਸੰਯੁਕਤ ਕਿਸਾਨ ਮੋਰਚਾ ਦਿੱਲੀ ਅੰਦੋਲਨ ਉਪਰੰਤ ਲਗਾਤਾਰ ਕਿਸਾਨ ਅੰਦੋਲਨ ਨੂੰ ਤਿੱਖਾ ਕਰ ਰਿਹਾ ਹੈ। ਹੁਣ ਤੱਕ ਦੇਸ਼ ਪੱਧਰੀ 25 ਦੇ ਕਰੀਬ ਪ੍ਰੋਗਰਾਮ ਕਰ ਚੁੱਕਿਆ ਹੈ ਅਤੇ ਅੱਗੋਂ ਵੀ ਕਿਸਾਨ ਅੰਦੋਲਨ ਤਹਿਤ ਤਿੱਖੇ ਪ੍ਰੋਗਰਾਮ ਕੀਤੇ ਜਾਣਗੇ।





