ਚੇਨੱਈ : ਆਈ ਆਈ ਟੀ ਮਦਰਾਸ ਦੇ ਡਾਇਰੈਕਟਰ ਵੀ ਕਾਮਾਕੋਟੀ ਦੀ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਉਹ ਕਥਿਤ ਤੌਰ ’ਤੇ ਗਊਮੂਤਰ ਦੇ ‘ਚਕਿਤਸਕ ਗੁਣਾਂ’ ਦੀ ਗੱਲ ਕਰ ਰਹੇ ਹਨ। ਉਨ੍ਹਾ ਕਥਿਤ ਤੌਰ ’ਤੇ ਗਊਮੂਤਰ ਦੇ ‘ਐਂਟੀ ਬੈਕਟੀਰੀਅਲ, ਐਂਟੀ-ਫੰਗਲ ਤੇ ਪਾਚਨ ਸੁਧਾਰ ਗੁਣਾਂ’ ਬਾਰੇ ਗੱਲ ਕੀਤੀ। ਉਨ੍ਹਾ ਕਿਹਾ ਕਿ ਇਹ ਵੱਡੀ ਅੰਤੜੀ ਨਾਲ ਸੰਬੰਧਤ ਬਿਮਾਰੀ ‘ਇਰੀਟੇਬਲ ਬਾਊਲ ਸਿੰਡਰੋਮ’ ਜਿਹੀ ਹਾਲਤ ਵਿਚ ਕਾਰਗਰ ਹੈ ਤੇ ਉਨ੍ਹਾ ਇਸ ਦੇ ‘ਚਕਿਤਸਕ ਗੁਣਾਂ’ ਦੀ ਵਕਾਲਤ ਕੀਤੀ। ਉਨ੍ਹਾ ਮੱਟੂ ਪੋਂਗਲ (15 ਜਨਵਰੀ 2025) ਵਾਲੇ ਦਿਨ ਗਊ ਸੰਰਕਸ਼ਣ ਸ਼ਾਲਾ ਵਿੱਚ ਕਰਵਾਏ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਉਨ੍ਹਾ ਪ੍ਰੋਗਰਾਮ ਦੌਰਾਨ ਇੱਕ ਸੰਨਿਆਸੀ ਦੇ ਜੀਵਨ ਦੀ ਘਟਨਾ ਦੇ ਹਵਾਲੇ ਨਾਲ ਇਹ ਟਿੱਪਣੀ ਕੀਤੀ, ਜਿਸ ਨੇ ਤੇਜ਼ ਬੁਖਾਰ ਹੋਣ ’ਤੇ ਗਊਮੂਤਰ ਪੀਤਾ ਸੀ। ਉਧਰ ਕਾਂਗਰਸ ਆਗੂ ਕਾਰਤੀ ਪੀ ਚਿਦੰਬਰਮ ਨੇ ਇਨ੍ਹਾਂ ਟਿੱਪਣੀਆਂ ਦੀ ਨਿੰਦਾ ਕੀਤੀ ਅਤੇ ਕਿਹਾਆਈ ਆਈ ਟੀ ਮਦਰਾਸ ਦੇ ਡਾਇਰੈਕਟਰ ਵੱਲੋਂ ਅਜਿਹੀਆਂ ਗੱਲਾਂ ਕਰਨਾ ਗੈਰਵਾਜਬ ਹੈ।


