ਅੰਮਿ੍ਰਤਸਰ (ਨਰਿੰਦਰ ਜੀਤ ਸਿੰਘ)
ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਝੰਡਾ ਬੁਲੰਦ ਕਰਨ ਦੇ ਸੱਦੇ ਨਾਲ ਲਾਹੌਰ ਵਿਖੇ ਤਿੰਨ ਰੋਜ਼ਾ 34ਵੀਂ ਵਿਸ਼ਵ ਪੰਜਾਬੀ ਕਾਨਫਰੰਸ ਐਤਵਾਰ ਸ਼ੁਰੂ ਹੋ ਗਈ। ਕਾਨਫਰੰਸ ਦੇ ਮੁੱਖ ਪ੍ਰਬੰਧਕ ਅਤੇ ਪਾਕਿਸਤਾਨ ਦੇ ਸਾਬਕਾ ਵਜ਼ੀਰ ਫਖਰ ਜ਼ਮਾਨ ਨੇ ਕਾਨਫਰੰਸ ਦੇ ਉਦਘਾਟਨੀ ਸੰਬੋਧਨ ਵਿੱਚ ਕਿਹਾ ਕਿ ਪੰਜਾਬੀ ਜ਼ੁਬਾਨ ਨੂੰ ਬਿਗਾਨਿਆਂ ਨਾਲੋਂ ਵੱਧ ਆਪਣਿਆਂ ਤੋਂ ਖਤਰਾ ਹੈ, ਇਸ ਲਈ ਅਜਿਹੇ ਉਪਰਾਲੇ ਪੰਜਾਬੀਆਂ ਦੀ ਅਲਖ ਜਗਾਉਣ ਵਿੱਚ ਸਹਾਈ ਸਿੱਧ ਹੁੰਦੇ ਹਨ। ਉਨ੍ਹਾ ਕਿਹਾ ਕਿ ਪਿਛਲੇ 40 ਸਾਲਾਂ ਵਿੱਚ ਸਾਡੇ ਉਪਰਾਲਿਆਂ ਕਾਰਨ ਦੁਨੀਆ ਭਰ ਵਿੱਚ ਰਹਿੰਦੇ ਪੰਜਾਬੀ ਇੱਕ ਮੰਚ ਉਤੇ ਇਕੱਠਾ ਕਰਨ ਵਿੱਚ ਸਫਲ ਹੋਏ ਹਾਂ।
ਕਾਨਫਰੰਸ ਵਿੱਚ ਹਿੱਸਾ ਲੈਣ ਲਈ ਭਾਰਤ ਤੋਂ 65 ਮੈਂਬਰੀ ਵਫਦ ਗਿਆ ਹੈ। ਵਿਸ਼ਵ ਪੰਜਾਬੀ ਕਾਨਫਰੰਸ ਦੇ ਭਾਰਤੀ ਚੈਪਟਰ ਦੇ ਚੇਅਰਮੈਨ ਡਾ. ਦੀਪਕ ਮਨਮੋਹਨ ਸਿੰਘ ਨੇ ਲਾਹੌਰ ਸ਼ਹਿਰ ਦੀ ਤਾਰੀਫ ਕਰਦਿਆਂ ਕਿਹਾ ਕਿ ਇਸ ਸ਼ਹਿਰ ਨੇ ਪੰਜਾਬੀ ਬੋਲੀ, ਤਹਿਜ਼ੀਬ ਤੇ ਭਾਸ਼ਾ ਨੂੰ ਸਾਂਭ ਕੇ ਰੱਖਿਆ ਹੈ। ਉਨ੍ਹਾ ਪਿਛਲੇ ਸਮੇਂ ਵਿੱਚ ਵਿੱਛੜੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਫੇਰ ਸਮੁੱਚੇ ਵਫਦ ਵੱਲੋਂ ਇੱਕ ਮਿੰਟ ਦਾ ਮੋਨ ਰੱਖਿਆ ਗਿਆ।
ਉੱਘੇ ਕਵੀ ਅਤੇ ਪੰਜਾਬੀ ਵਿਰਾਸਤ ਲੋਕ ਅਕਾਡਮੀ ਦੇ ਚੇਅਰਮੈਨ ਗੁਰਭਜਨ ਸਿੰਘ ਗਿੱਲ ਨੇ ਵਿਸ਼ਵ ਪੰਜਾਬੀ ਕਾਨਫਰੰਸ ਦੀ ਸ਼ੁਰੂਆਤ ਤੋਂ ਲੈ ਕੇ ਇਸ ਨੂੰ ਕਾਮਯਾਬ ਕਰਨ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਨੂੰ ਯਾਦ ਕੀਤਾ, ਜਿਨ੍ਹਾਂ ਵਿੱਚ ਸੁਤਿੰਦਰ ਨੂਰ, ਹਰਵਿੰਦਰ ਸਿੰਘ ਹੰਸਪਾਲ, ਅਜਮੇਰ ਔਲਖ, ਪਿ੍ਰੰਸੀਪਲ ਸਰਵਣ ਸਿੰਘ, ਵਰਿਆਮ ਸੰਧੂ ਦਾ ਖਾਸ ਜ਼ਿਕਰ ਕੀਤਾ। ਉਨ੍ਹਾਂ ਕਾਨਫਰੰਸ ਦਾ ਸਿਹਰਾ ਵਿਸ਼ੇਸ਼ ਤੌਰ ਉਤੇ ਫਖਰ ਜ਼ਮਾਨ ਦੀ ਅਗਵਾਈ ਸਿਰ ਬੰਨ੍ਹਿਆ। ਉਨ੍ਹਾ ਕਿਹਾ ਕਿ ਕਾਨਫਰੰਸ ਸਦਕਾ ਅੱਜ ਗੁਰਮੁਖੀ ਦੀਆਂ ਕਿਤਾਬਾਂ ਹੁਣ ਸ਼ਾਹਮੁਖੀ ਵਿੱਚ ਵੀ ਪ੍ਰਕਾਸ਼ਿਤ ਹੋਣ ਲੱਗੀਆਂ ਹਨ। ਉਨ੍ਹਾਂ ਸਾਂਝੇ ਪੰਜਾਬ ਦੀਆਂ ਸਾਂਝਾਂ ਦਾ ਜ਼ਿਕਰ ਕਰਦਿਆਂ ਆਪਸੀ ਪਿਆਰ ਤੇ ਸਦਭਾਵਨਾ ਦਾ ਹੋਕਾ ਦਿੱਤਾ। ਉਨ੍ਹਾ ਕਿਹਾ ਕਿ ਅਜਿਹੀਆਂ ਕਾਨਫਰੰਸਾਂ ਨੇ ਸਾਂਝ ਦੇ ਪੁਲ ਬੰਨ੍ਹਣ ਦਾ ਕੰਮ ਕੀਤਾ ਹੈ।
ਡੌਲੀ ਗੁਲੇਰੀਆ ਨੇ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੇ ਹਵਾਲੇ ਨਾਲ ਲਾਹੌਰ ਸ਼ਹਿਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਕੁਝ ਗੀਤਾਂ ਦੇ ਮੁਖੜੇ ਗਾ ਕੇ ਮਹਾਨ ਗਾਇਕਾ ਨੂੰ ਸ਼ਰਧਾਂਜਲੀ ਦਿੱਤੀ। ਬਾਬਾ ਨਜ਼ਮੀ ਨੇ ਪੰਜਾਬੀ ਮਾਂ ਬੋਲੀ ਅਤੇ ਫਿਰਕੂ ਸਦਭਾਵਨਾ ਦਾ ਹੋਕਾ ਦਿੰਦੀਆਂ ਆਪਣੀਆਂ ਮਕਬੂਲ ਰਚਨਾਵਾਂ ਸੁਣਾਈਆਂ, ਜਿਨ੍ਹਾ ਨੂੰ ਬਹੁਤ ਦਾਦ ਮਿਲੀ। ਡਾ. ਸੁਖਦੇਵ ਸਿਰਸਾ ਨੇ ਸੂਫੀਇਜ਼ਮ ਬਾਰੇ ਆਪਣਾ ਪੇਪਰ ਪੜ੍ਹਦਿਆਂ ਸੂਫੀਆਂ ਵੱਲੋਂ ਆਪਸੀ ਪਿਆਰ ਤੇ ਇਤਫਾਕ ਦੇ ਦਿੱਤੇ ਸੁਨੇਹੇ ਬਾਰੇ ਗੱਲ ਕੀਤੀ।
ਵਿਸ਼ਵ ਪੰਜਾਬੀ ਕਾਨਫਰੰਸ ਦੇ ਭਾਰਤੀ ਚੈਪਟਰ ਦੇ ਕੋਆਰਡੀਨੇਟਰ ਸਹਿਜਪ੍ਰੀਤ ਸਿੰਘ ਮਾਂਗਟ ਨੇ ਉਦਘਾਟਨੀ ਸੈਸ਼ਨ ਦਾ ਮੰਚ ਸੰਚਾਲਨ ਕਰਦਿਆਂ ਕਾਨਫਰੰਸ ਦੇ ਪਿਛੋਕੜ ਉੱਪਰ ਚਾਨਣਾ ਪਾਇਆ। ਸੈਸ਼ਨ ਦੇ ਵਿਸ਼ੇ ਬਾਰੇ ਸੰਖੇਪ ਜਾਣਕਾਰੀ ਦਿੱਤੀ। ਇਸ ਵਾਰ ਕਾਨਫਰੰਸ ਦਾ ਵਿਸ਼ਾ ਸੂਫੀਇਜ਼ਮ ਹੈ, ਜਿਸ ਵਿੱਚ ਵੱਖ-ਵੱਖ ਪੇਪਰ ਪੜ੍ਹੇ ਜਾਣਗੇ ਤੇ ਵਿਚਾਰਾਂ ਹੋਣਗੀਆਂ। ਇਸ ਮੌਕੇ ਗੁਰਭਜਨ ਸਿੰਘ ਗਿੱਲ, ਸਹਿਜਪ੍ਰੀਤ ਸਿੰਘ ਮਾਂਗਟ, ਤ੍ਰੈਲੋਚਨ ਲੋਚੀ, ਨਵਦੀਪ ਸਿੰਘ ਗਿੱਲ ਤੇ ਜੰਗ ਬਹਾਦਰ ਗੋਇਲ ਦੀਆਂ ਪੁਸਤਕਾਂ ਦੇ ਸ਼ਾਹਮੁਖੀ ਐਡੀਸ਼ਨ ਨੂੰ ਰਿਲੀਜ਼ ਕੀਤਾ ਗਿਆ। ਮੰਚ ਉੱਪਰ ‘ਭੁਲੇਖਾ’ ਅਖਬਾਰ ਦੇ ਮੁੱਖ ਸੰਪਾਦਕ ਮੁਦੱਸਰ ਬੱਟ, ਸੁਗਰਾ ਸਦਫ ਤੇ ਉੱਘੀ ਅਦਾਕਾਰ ਸੁਨੀਤਾ ਧੀਰ ਵੀ ਪ੍ਰਧਾਨਗੀ ਮੰਡਲ ਵਿੱਚ ਹਾਜ਼ਰ ਸੀ। ਡੈਲੀਗੇਸ਼ਨ ਵਿੱਚ ਸਾਹਿਤ, ਕਲਾ, ਸੱਭਿਆਚਾਰ, ਪੱਤਰਕਾਰੀ ਖੇਤਰ ਨਾਲ ਜੁੜੀਆਂ ਉੱਘੀਆਂ ਸ਼ਖਸੀਅਤਾਂ ਤੋਂ ਇਲਾਵਾ ਸਾਬਕਾ ਆਈ.ਏ.ਐੱਸ., ਆਈ.ਪੀ.ਐੱਸ. ਅਧਿਕਾਰੀ, ਪ੍ਰੋਫੈਸਰ ਆਦਿ ਸ਼ਾਮਲ ਹਨ, ਜਿਨ੍ਹਾਂ ਦੀ ਵਾਰੋ-ਵਾਰੀ ਜਾਣ-ਪਛਾਣ ਕਰਵਾਈ ਗਈ। ਇਸ ਮੌਕੇ ਹਾਜ਼ਰ ਸ਼ਖਸੀਅਤਾਂ ਵਿੱਚ ਬਾਬੂ ਰਜਬ ਅਲੀ ਦੀ ਪੋਤਰੀ ਰਿਹਾਨਾ ਰਜਬ, ਦਰਸ਼ਨ ਸਿੰਘ ਬੁੱਟਰ, ਡਾ. ਸੁਖਦੇਵ ਸਿਰਸਾ, ਕਾਹਨ ਸਿੰਘ ਪੰਨੂੰ, ਗੁਰਪ੍ਰੀਤ ਸਿੰਘ ਤੂਰ, ਜੰਗ ਬਹਾਦਰ ਗੋਇਲ, ਅੰਮਿ੍ਰਤ ਕੌਰ ਗਿੱਲ, ਡਾ. ਸ਼ਿੰਦਰਪਾਲ ਸਿੰਘ, ਅਨੀਤਾ ਸ਼ਬਦੀਸ਼, ਬਲਕਾਰ ਸਿੰਘ ਸਿੱਧੂ, ਖਾਲਿਦ ਹੁਸੈਨ, ਹਰਮੀਤ ਵਿਦਿਆਰਥੀ, ਡਾ. ਸਿਮਰਤ ਕੌਰ, ਜਗਤਾਰ ਸਿੰਘ ਭੁੱਲਰ, ਸੁਨੀਲ ਕਟਾਰੀਆ, ਡਾ. ਰਤਨ ਸਿੰਘ ਢਿੱਲੋਂ, ਸੰਦੀਪ ਸ਼ਰਮਾ, ਸਾਇਦਾ ਬਾਨੋ, ਡਾ. ਸੁਰਿੰਦਰ ਸਿੰਘ ਸਾਂਘਾ, ਸੁੱਖੀ ਬਰਾੜ, ਸਤੀਸ਼ ਗੁਲਾਟੀ, ਸਰਘੀ, ਰਾਜ ਧਾਲੀਵਾਲ, ਸੀਮਾ ਗਰੇਵਾਲ, ਹਰਵਿੰਦਰ ਸਿੰਘ, ਅਮਰਜੀਤ ਕੌਰ ਵੜਿੰਗ, ਸਤਿੰਦਰਜੀਤ ਸਿੰਘ, ਜੈਨਿੰਦਰ ਚੌਹਾਨ, ਸੁਪਿ੍ਰਆ, ਗੁਰਪ੍ਰੀਤ ਮਾਨਸਾ, ਡਾ. ਰੁਪਿੰਦਰ ਕੌਰ, ਦਵਿੰਦਰ ਦਿਲਰੂਪ, ਗੁਰਚਰਨ ਕੋਛੜ, ਹਰਵਿੰਦਰ ਸਿੰਘ ਤਤਲਾ, ਡਾ. ਸੁਧੀਰ ਕੌਰ ਮਾਹਲ, ਡਾ. ਗੁਰਦੀਪ ਕੌਰ, ਡਾ. ਗੁਰਰਾਜ ਸਿੰਘ ਚਹਿਲ ਤੇ ਕਰਮ ਸਿੰਘ ਸੰਧੂ ਸ਼ਾਮਲ ਸਨ। ਕਾਨਫਰੰਸ ਵਿੱਚ ਭਾਰਤ ਤੇ ਪਾਕਿਸਤਾਨ ਤੋਂ ਇਲਾਵਾ ਅਮਰੀਕਾ ਤੋਂ ਰਣਜੀਤ ਸਿੰਘ ਗਿੱਲ, ਜਪਾਨ ਤੋਂ ਪਰਮਿੰਦਰ ਸੋਢੀ, ਕੈਨੇਡਾ ਤੋਂ ਪ੍ਰਭਜੋਤ ਕੌਰ, ਇੰਗਲੈਂਡ ਤੋਂ ਰੂਬੀ ਢਿੱਲੋਂ ਤੇ ਆਸਟਰੇਲੀਆ ਤੋਂ ਮਿੰਟੂ ਬਰਾੜ ਵੀ ਸ਼ਾਮਲ ਹੋਏ।





