ਨਵੀਂ ਦਿੱਲੀ : ਸਿਸੋਦੀਆ ਮਾਮਲੇ ਵਿਚ ਈ ਡੀ ਦੀ ਐਂਟਰੀ ਵੀ ਹੋਣ ਜਾ ਰਹੀ ਹੈ। ਈ ਡੀ ਨੇ ਆਬਕਾਰੀ ਨੀਤੀ ਮਾਮਲੇ ਵਿਚ ਕਥਿਤ ਬੇਨੇਮੀਆਂ ਨੂੰ ਲੈ ਕੇ ਸੀ ਬੀ ਆਈ ਵੱਲੋਂ ਦਰਜ ਐੱਫ ਆਈ ਆਰ ਦੀ ਕਾਪੀ ਮੰਗੀ ਦੱਸੀ ਜਾਂਦੀ ਹੈ। ਈ ਡੀ ਨੇ ਹਾਲੇ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਨਹੀਂ ਕੀਤਾ, ਪਰ ਸੂਤਰਾਂ ਮੁਤਾਬਕ ਉਹ ਸੀ ਬੀ ਆਈ ਦੇ ਛਾਪੇ ਮੁਕੰਮਲ ਹੋਣ ਤੋਂ ਬਾਅਦ ਹਰਕਤ ਵਿਚ ਆਏਗੀ। ਸੀ ਬੀ ਆਈ ਸ਼ਰਾਬ ਠੇਕੇਦਾਰਾਂ ਨੂੰ ਫਾਇਦਾ ਪਹੁੰਚਾ ਕੇ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਵਿਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਮੁਲਜ਼ਮ ਵਜੋਂ ਨਾਮਜ਼ਦ ਕਰ ਚੁੱਕੀ ਹੈ। ਸੀ ਬੀ ਆਈ ਦੀ ਐੱਫ ਆਈ ਆਰ ਮੁਤਾਬਕ ਸਿਸੋਦੀਆ ਉੱਤੇ ਤਾਜ਼ੀਰਾਤੇ ਹਿੰਦ ਦੀ ਦਫਾ 120ਬੀ, 477ਏ ਅਤੇ ਭਿ੍ਰਸ਼ਟਾਚਾਰ ਰੋਕੂ ਦਫਾ 7 ਲਾਈ ਗਈ ਹੈ। 120ਬੀ ਤੇ 7 ਵਿਚ ਮਨੀ ਲਾਂਡਰਿੰਗ ਵਿਚ ਲਗਦੀਆਂ ਹਨ ਤੇ ਇਸ ਵਿਚ ਈ ਡੀ ਫੌਰਨ ਕਾਰਵਾਈ ਕਰਦੀ ਹੈ।
ਇਸੇ ਦੌਰਾਨ ਛਾਪਿਆਂ ਤੋਂ ਇਕ ਦਿਨ ਮਗਰੋਂ ਸ਼ਨੀਵਾਰ ਸਿਸੋਦੀਆ ਨੇ ਆਪਣੀ ਗਿ੍ਰਫਤਾਰੀ ਦਾ ਖਦਸ਼ਾ ਜ਼ਾਹਰ ਕੀਤਾ, ਪਰ ਨਾਲ ਹੀ ਕਿਹਾ ਕਿ ਦਿੱਲੀ ਵਿਚ ਸਿੱਖਿਆ ਦੀ ਬਿਹਤਰੀ ਲਈ ਕਾਰਜ ਜਾਰੀ ਰਹਿਣਗੇ। ਉਨ੍ਹਾ ਦੋਸ਼ ਲਾਇਆ ਕਿ ਸੀ ਬੀ ਆਈ ਨੂੰ ਛਾਪੇ ਮਾਰਨ ਦੇ ਹੁਕਮ ਉਪਰੋਂ ਆਏ ਸਨ। ਉਨ੍ਹਾ ਵਿਅੰਗਮਈ ਢੰਗ ਨਾਲ ਕਿਹਾ ਕਿ ਛਾਪਿਆਂ ਦੌਰਾਨ ਉਨ੍ਹਾ ਦੇ ਪਰਵਾਰ ਨੂੰ ਤੰਗ ਨਾ ਕਰਨ ਲਈ ਉਹ ਏਜੰਸੀ ਦਾ ਧੰਨਵਾਦ ਕਰਦੇ ਹਨ। ਸਿਸੋਦੀਆ ਨੇ ਕਿਹਾ ਕਿ ਦਿੱਲੀ ਦੀ ਆਬਕਾਰੀ ਨੀਤੀ ਪੂਰੀ ਪਾਰਦਰਸ਼ਤਾ ਨਾਲ ਲਾਗੂ ਕੀਤੀ ਗਈ ਸੀ, ਕੋਈ ਘਪਲਾ ਨਹੀਂ ਹੋਇਆ। ਇਹ ਲੋਕ ਘਪਲੇ ਬਾਰੇ ਨਹੀਂ, ਸਗੋਂ ਅਰਵਿੰਦ ਕੇਜਰੀਵਾਲ ਤੋਂ ਚਿੰਤਤ ਹਨ, ਜਿਨ੍ਹਾ ਨੂੰ ਜਨਤਾ ਪਿਆਰ ਕਰਦੀ ਹੈ ਅਤੇ ਜੋ ਰਾਸ਼ਟਰੀ ਪੱਧਰ ’ਤੇ ਬਦਲ ਵਜੋਂ ਉਭਰ ਰਹੇ ਹਨ। ਉਹ ਅਰਵਿੰਦ ਕੇਜਰੀਵਾਲ ਨੂੰ ਰੋਕਣਾ ਚਾਹੁੰਦੇ ਹਨ, ਜਿਨ੍ਹਾਂ ਦੇ ਸਿੱਖਿਆ ਅਤੇ ਸਿਹਤ ਦੇ ਕੰਮ ਦੀ ਦੁਨੀਆ ਭਰ ਵਿੱਚ ਚਰਚਾ ਹੋ ਰਹੀ ਹੈ। ਉਨ੍ਹਾ ਕਿਹਾਸਤਿੰਦਰ ਜੈਨ ਪਹਿਲਾਂ ਹੀ ਜੇਲ੍ਹ ਵਿਚ ਹੈ, ਮੈਨੂੰ ਵੀ ਦੋ-ਤਿੰਨ ਦਿਨਾਂ ’ਚ ਗਿ੍ਰਫਤਾਰ ਕਰ ਲਿਆ ਜਾਵੇਗਾ। ਸਿੱਖਿਆ ਤੇ ਸਿਹਤ ਖੇਤਰ ਵਿਚ ਕੰਮ ਬੰਦ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ, ਪਰ ਅਜਿਹਾ ਨਹੀਂ ਹੋਵੇਗਾ।
ਇਸੇ ਦੌਰਾਨ ਸੀ ਬੀ ਆਈ ਨੇ ਕਈ ਮੁਲਜ਼ਮਾਂ ਨੂੰ ਪੁੱਛ-ਪੜਤਾਲ ਲਈ ਸੰਮਨ ਜਾਰੀ ਕੀਤੇ ਹਨ। ਅਧਿਕਾਰੀਆਂ ਨੇ ਕਿਹਾ ਕਿ ਸਿਸੋਦੀਆ ਦੇ ਘਰੋਂ ਬਰਾਮਦ ਦਸਤਾਵੇਜ਼ਾਂ ਅਤੇ ਇਲੈਕਟ੍ਰਾਨਿਕ ਯੰਤਰਾਂ ਦੇ ਨਾਲ-ਨਾਲ ਬੈਂਕ ਲੈਣ-ਦੇਣ ਦੀ ਜਾਂਚ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੋਰ ਮੁਲਜ਼ਮਾਂ ਨੂੰ ਸੰਮਨ ਜਾਰੀ ਕੀਤੇ ਜਾਣਗੇ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਅਰਵਿੰਦ ਕੇਜਰੀਵਾਲ ਨੂੰ ਕਥਿਤ ਸ਼ਰਾਬ ਘਪਲੇ ਦਾ ਮਾਸਟਰ ਮਾਈਂਡ ਕਰਾਰ ਦਿੱਤਾ ਹੈ। ਪ੍ਰੈੱਸ ਕਾਨਫਰੰਸ ਵਿਚ ਠਾਕੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਆਬਕਾਰੀ ਘਪਲੇ ਨੂੰ ਹੋਰ ਮੁੱਦਿਆਂ ਦੇ ਪਰਦੇ ਪਿੱਛੇ ਲੁਕਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਕਿਉਂਕਿ ਉਸ ਦਾ ਅਸਲ ਚਿਹਰਾ ਬੇਨਕਾਬ ਹੋ ਚੁੱਕਾ ਹੈ।