ਪ੍ਰੀਖਿਆ ਮੌਕੇ ਬੋਝਪਰੀਕਸ਼ਾ ਪੇ ਚਰਚਾ

0
106

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਸਾਲ ‘ਪਰੀਕਸ਼ਾ ਪੇ ਚਰਚਾ’ ਪ੍ਰੋਗਰਾਮ ਕਰਦੇ ਹਨ, ਜਿਸ ਦੌਰਾਨ ਦੇਸ਼ ਭਰ ਦੇ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨਾਲ ਚਰਚਾ ਕਰਦੇ ਹਨ ਕਿ ਬੋਰਡ ਤੇ ਦਾਖਲਾ ਪ੍ਰੀਖਿਆ ਦੌਰਾਨ ਵਿਦਿਆਰਥੀ ਕਿਵੇਂ ਤਨਾਅ-ਮੁਕਤ ਰਹਿਣ। ਇਸ ਵਾਰ ਵੀ ਫਰਵਰੀ ਦੇ ਪਹਿਲੇ ਹਫਤੇ ਉਹ ਇਹ ਚਰਚਾ ਕਰਨਗੇ। ਪ੍ਰੋਗਰਾਮ ਦਾ ਮਕਸਦ ਤਾਂ ਵਿਦਿਆਰਥੀਆਂ ਨੂੰ ਤਨਾਅ-ਮੁਕਤ ਕਰਨ ਦਾ ਹੈ ਪਰ ਦੇਸ਼ ਦੇ ਸਭ ਤੋਂ ਵੱਡੇ ਸਕੂਲ ਬੋਰਡ ਸੀ ਬੀ ਐੱਸ ਈ ਨੇ ਇਸ ਦੀ ਤਿਆਰੀ ਲਈ ਜਿਹੜਾ ਸਰਕੂਲਰ ਜਾਰੀ ਕੀਤਾ, ਉਹ ਤਨਾਅ ਵਧਾਉਣ ਵਾਲਾ ਹੈ, ਜਿਸ ਨੇ ਮਾਪਿਆਂ ਦੇ ਨਾਲ-ਨਾਲ ਅਧਿਆਪਕਾਂ ਨੂੰ ਵੀ ਪ੍ਰੇਸ਼ਾਨ ਕੀਤਾ ਹੋਇਆ ਹੈ। ਬੋਰਡ ਨੇ ਆਪਣੇ ਨਾਲ ਮੁਲਹਿਕ ਸਕੂਲਾਂ ਦੇ ਨਾਲ-ਨਾਲ ਕੇਂਦਰੀ ਵਿਦਿਆਲਿਆ ਸੰਗਠਨ ਤੇ ਨਵੋਦਿਆ ਵਿਦਿਆਲਿਆ ਸਮਿਤੀ ਵੱਲੋਂ ਚਲਾਏ ਜਾਂਦੇ ਸਕੂਲਾਂ ਨੂੰ ਕਿਹਾ ਹੈ ਕਿ ਉਹ 12 ਜਨਵਰੀ ਤੋਂ 23 ਜਨਵਰੀ ਤੱਕ ਪੋ੍ਰਗਰਾਮ ਕਰਕੇ ਉਸ ਦੀਆਂ ਤਸਵੀਰਾਂ ਨੋਟਿਸ ਵਿੱਚ ਦੱਸੇ ਲਿੰਕ ’ਤੇ ਘੱਲਣ। ਵਿਦਿਆਰਥੀ ਇਨ੍ਹਾਂ ਈਵੈਂਟਾਂ ਦੌਰਾਨ ਸੈਲਫੀਆਂ ਲੈ ਕੇ ਸੋਸ਼ਲ ਮੀਡੀਆ ’ਤੇ ਪੋਸਟ ਕਰਨ। ਸਕੂਲਾਂ ਨੂੰ ਕਿਹਾ ਗਿਆ ਹੈ ਕਿ ਉਹ ‘ਪ੍ਰੀਖਿਆ’ ਦੇ ਥੀਮ ’ਤੇ ਗੇਮ ਸੈਸ਼ਨ ਕਰਨ, ਪੋਸਟਰ ਬਣਾਉਣ, ਨੁੱਕੜ ਨਾਟਕ ਕਰਨ, ਕਵਿਤਾਵਾਂ ਲਿਖਣ, ਯੋਗ ਤੇ ਸਾਧਨਾ ਸੈਸ਼ਨਾਂ ’ਚ ਸ਼ਾਮਲ ਹੋਣ ਅਤੇ ਪ੍ਰੇਰਨਾਦਾਇਕ ਫਿਲਮਾਂ ਦੇਖਣ।
ਦਿੱਲੀ ਯੂਨੀਵਰਸਿਟੀ ਕੋਰਟ ਦੇ ਮੈਂਬਰ ਅਤੇ ਆਲ ਇੰਡੀਆ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਅਗਰਵਾਲ ਦਾ ਕਹਿਣਾ ਹੈ ਕਿ ਏਨੀਆਂ ਸਰਗਰਮੀਆਂ ਤਨਾਅ ਘਟਾਉਣ ਦੀ ਥਾਂ ਵਿਦਿਆਰਥੀਆਂ ਤੇ ਅਧਿਆਪਕਾਂ ’ਤੇ ਬੋਝ ਹੀ ਪਾ ਰਹੀਆਂ ਹਨ। ਪ੍ਰੀਖਿਆਵਾਂ ਸਿਰ ’ਤੇ ਹਨ ਅਤੇ ਇਸ ਸਮੇਂ ਵਿਦਿਆਰਥੀਆਂ ਨੂੰ ਤਿਆਰੀ ਦਾ ਸਮਾਂ ਚਾਹੀਦਾ ਹੈ। ਇਹ ਸਰਗਰਮੀਆਂ ਕਿਸੇ ਹੋਰ ਸਮੇਂ ਕਰਾਈਆਂ ਜਾ ਸਕਦੀਆਂ ਸਨ। ਇਸ ਸਮੇਂ ਕਰਾਉਣੀਆਂ ਉਲਟ ਅਸਰ ਕਰਨਗੀਆਂ। ਅਧਿਆਪਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਹਾਲਤ ਵਿਦਿਆਰਥੀਆਂ ਨਾਲੋਂ ਵੀ ਮਾੜੀ ਹੈ, ਕਿਉਕਿ ਉਹ ਇਹ ਸਰਗਰਮੀਆਂ ਕਰਾਉਣ ਲਈ ਪਾਬੰਦ ਹਨ, ਜਦਕਿ ਵਿਦਿਆਰਥੀਆਂ ਲਈ ਪ੍ਰੀਖਿਆ ਦੀ ਤਿਆਰੀ ਵਾਸਤੇ ਇਹ ਨਾਜ਼ੁਕ ਸਮਾਂ ਹੈ। ਉਹ ਉਨ੍ਹਾਂ ਵੱਲ ਬਹੁਤਾ ਧਿਆਨ ਨਹੀਂ ਦੇ ਸਕਣਗੇ। ਸਰਕਾਰ ਨੇ ਅਧਿਆਪਕਾਂ ’ਤੇ ਇੱਕ ਹੋਰ ਬੋਝ ਪਾਇਆ ਹੋਇਆ ਕਿ ਉਹ ਸਾਲ ਵਿੱਚ 80 ਘੰਟੇ ਟਰੇਨਿੰਗ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ। ਪਹਿਲਾਂ ਹਰ ਅਧਿਆਪਕ ਪੰਜ ਸਾਲ ਵਿੱਚ 21 ਦਿਨ ਆਫਲਾਈਨ ਟਰੇਨਿੰਗ ਲੈਂਦਾ ਸੀ। ਇਸ ਤੋਂ ਇਲਾਵਾ ਅਧਿਆਪਕਾਂ ਨੂੰ ਸਮੇਂ-ਸਮੇਂ ’ਤੇ ਸਰਕਾਰ ਤੇ ਸੀ ਬੀ ਐੱਸ ਈ ਵੱਲੋਂ ਦੱਸੀਆਂ ਜਾਂਦੀਆਂ ਸਰਗਰਮੀਆਂ ਵਿੱਚ ਹਿੱਸਾ ਲੈਣਾ ਪੈਂਦਾ ਹੈ। ਅਧਿਆਪਕਾਂ ’ਤੇ ਪਾਏ ਜਾ ਰਹੇ ਬੋਝ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੀ ਨੁਕਸਾਨ ਹੁੰਦਾ ਹੈ। ਸੀ ਬੀ ਐੱਸ ਈ ਬੋਰਡ ਨੂੰ ਹਾਕਮਾਂ ਨੂੰ ਖੁਸ਼ ਕਰਨ ਦੀ ਥਾਂ ਵਿਦਿਆਰਥੀਆਂ ਤੇ ਅਧਿਆਪਕਾਂ ਵੱਲ ਧਿਆਨ ਦੇਣਾ ਚਾਹੀਦਾ ਹੈ, ਕਿਉਕਿ ਉਸ ਦਾ ਬੁਨਿਆਦੀ ਕੰਮ ਇਹੀ ਹੈ।