ਕਪੂਰਥਲਾ : ਮੋਟਰਸਾਈਕਲ ਦਰੱਖਤ ਨਾਲ ਟਕਰਾਉਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਇੱਕ ਜ਼ਖਮੀ ਹੋ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਮੰਗਲਵਾਰ ਰਾਤ ਨੂੰ ਰਾਮਗੜ੍ਹ ਪਿੰਡ ਨੇੜੇ ਵਾਪਰਿਆ, ਜਦੋਂ ਤਿੰਨ ਦੋਸਤ, ਜਿਨ੍ਹਾਂ ਦੀ ਉਮਰ 20 ਸਾਲ ਹੈ, ਮੋਟਰਸਾਈਕਲ ’ਤੇ ਜਾ ਰਹੇ ਸਨ। ਹਾਦਸੇ ’ਚ ਪ੍ਰਭਦੀਪ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਦੀ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦਾ ਦੋਸਤ ਜਲੰਧਰ ਦੇ ਹਸਪਤਾਲ ’ਚ ਜ਼ੇਰੇ ਇਲਾਜ ਹੈ। ਇਹ ਤਿੰਨੇ ਨੌਜਵਾਨ ਭੁਲੱਥ ਦੇ ਪਿੰਡ ਮਹਿਮਦਪੁਰ ਦੇ ਸਨ।
ਖਾਲਿਦਾ 10 ਸਾਲ ਪੁਰਾਣੇ ਕੇਸ ’ਚ ਬਰੀ
ਢਾਕਾ : ਬੰਗਲਾਦੇਸ਼ ਦੀ ਅਦਾਲਤ ਨੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੀ ਚੇਅਰਪਰਸਨ ਅਤੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਨੂੰ 10 ਸਾਲ ਪਹਿਲਾਂ ਦੱਖਣ-ਪੂਰਬੀ ਕੁਮਿਲਾ ਜ਼ਿਲ੍ਹੇ ’ਚ ਦਾਇਰ ਸਾਬੋਤਾਜ (ਤੋੜਫੋੜ) ਮਾਮਲੇ ’ਚ ਬਰੀ ਕਰ ਦਿੱਤਾ ਹੈ। ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਅਫਰੋਜ਼ਾ ਜੈਸਮੀਨ ਨੇ ਹੁਕਮ ਸੁਣਾਇਆ ਕਿ 79 ਸਾਲਾ ਜ਼ਿਆ, ਜੋ ਲੰਡਨ ’ਚ ਜ਼ੇਰੇ ਇਲਾਜ ਹੈ, ਖਿਲਾਫ ਕੋਈ ਸਬੂਤ ਨਹੀਂ। ਅਦਾਲਤ ਨੇ ਕਿਹਾ ਕਿ ਇਹ ਕੇਸ ਸਿਆਸੀ ਆਧਾਰ ਉੱਤੇ ਅਤੇ ਤੰਗ-ਪ੍ਰੇਸ਼ਾਨ ਲਈ ਦਰਜ ਕੀਤਾ ਗਿਆ ਸੀ। ਜ਼ਿਆ ਸਣੇ 32 ਲੋਕਾਂ ਖਿਲਾਫ ਵਿਸ਼ੇਸ਼ ਅਧਿਕਾਰ ਕਾਨੂੰਨ 1974 ਤਹਿਤ 25 ਜਨਵਰੀ 2015 ਨੂੰ ਹੜਤਾਲ ਦੌਰਾਨ ਇੱਕ ਕਵਰਡ ਵੈਨ ਨੂੰ ਨੁਕਸਾਨ ਪਹੁੰਚਾਉਣ ਅਤੇ ਅੱਗ ਲਾਉਣ ਦੇ ਮਾਮਲੇ ’ਚ ਕੁਮਿਲਾ ਦੇ ਚੌਦਗਰਾਮ ਥਾਣੇ ’ਚ ਕੇਸ ਦਰਜ ਕੀਤਾ ਗਿਆ ਸੀ।
ਰਾਜੌਰੀ ਦਾ ਪਿੰਡ ਬੱਦਲ ਸੀਲ
ਰਾਜੌਰੀ : ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਪਿੰਡ ਬੱਦਲ ਨੂੰ ਕੰਟੋਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਹੈ ਤੇ ਇਸ ਦੌਰਾਨ ਪਿੰਡ ਵਿੱਚ ਕਿਸੇ ਵੀ ਜਨਤਕ ਤੇ ਨਿੱਜੀ ਇਕੱਠ ’ਤੇ ਮੁਕੰਮਲ ਰੋਕ ਰਹੇਗੀ। ਪਿੰਡ ਦੇ ਤਿੰਨ ਪਰਵਾਰਾਂ ਦੇ 17 ਜੀਆਂ ਦੀ ਪਿਛਲੇ ਦਿਨਾਂ ਵਿੱਚ ਰਹੱਸਮਈ ਢੰਗ ਨਾਲ ਮੌਤ ਹੋ ਗਈ ਸੀ। ਅਧਿਕਾਰੀਆਂ ਮੁਤਾਬਕ ਪਿੰਡ ਦੇ ਹੀ ਇਕ ਹੋਰ ਨੌਜਵਾਨ ਨੂੰ ਲੰਘੇ ਦਿਨ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪਿੰਡ ਦੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ।
ਐਡੀਸ਼ਨਲ ਡੀ ਸੀ ਰਾਜੀਵ ਕੁਮਾਰ ਖਜੂਰੀਆ ਵੱਲੋਂ ਜਾਰੀ ਹੁਕਮਾਂ ਮੁਤਾਬਕ ਪਿੰਡ ਨੂੰ ਤਿੰਨ ਕੰਟੋਨਮੈਂਟ ਜ਼ੋਨਾਂ ਵਿਚ ਵੰਡਿਆ ਗਿਆ ਹੈ।




