ਵਾਸ਼ਿੰਗਟਨ : ਡੋਨਲਡ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਦੀ ਦੂਜੀ ਵਾਰ ਸਹੁੰ ਚੁੱਕਦਿਆਂ ਹੀ ਭਾਰਤ ਦੀ ਸ਼ਮੂਲੀਅਤ ਵਾਲੇ ਦਸ ਦੇਸ਼ਾਂ ਦੇ ਸਮੂਹ ‘ਬਿ੍ਰਕਸ’ ਨੂੰ ਮੁੜ ਚੇਤਾਵਨੀ ਦਿੱਤੀ ਕਿ ਜੇ ਉਨ੍ਹਾਂ ਅਮਰੀਕੀ ਡਾਲਰ ਨੂੰ ਬਦਲਣ ਲਈ ਕੋਈ ਚਾਰਾਜੋਈ ਕੀਤੀ ਤਾਂ ਉਹ ਉਨ੍ਹਾਂ ’ਤੇ 100 ਫੀਸਦੀ ਟੈਕਸ ਲਗਾਉਣਗੇ। ਟਰੰਪ ਨੇ ਕਿਹਾਜੇ ਬਿ੍ਰਕਸ ਦੇਸ਼ ਅਜਿਹਾ ਕਰਨਾ ਚਾਹੁੰਦੇ ਹਨ, ਤਾਂ ਫਿਰ ਕੋਈ ਗੱਲ ਨਹੀਂ, ਪਰ ਅਸੀਂ ਉਨ੍ਹਾਂ ਵੱਲੋਂ ਅਮਰੀਕਾ ਨਾਲ ਕੀਤੇ ਜਾਂਦੇ ਕਾਰੋਬਾਰਾਂ ’ਤੇ ਘੱਟੋ-ਘੱਟ 100 ਫੀਸਦ ਟੈਕਸ ਲਾਵਾਂਗੇ। ਅਸੀਂ ਚਾਹੁੰਦੇ ਹਾਂ ਕਿ ਇਹ ਦੇਸ਼ ਵਚਨ ਦੇਣ ਕਿ ਉਹ ਨਾ ਨਵੀਂ ਬਿ੍ਰਕਸ ਕਰੰਸੀ ਬਣਾਉਣਗੇ ਤੇ ਨਾ ਹੀ ਸ਼ਕਤੀਸ਼ਾਲੀ ਡਾਲਰ ਨੂੰ ਬਦਲਣ ਵਾਲੀ ਕਿਸੇ ਹੋਰ ਕਰੰਸੀ ਨੂੰ ਅਪਨਾਉਣਗੇ।
ਬਿ੍ਰਕਸ ਦਸ ਦੇਸ਼ਾਂਬਰਾਜ਼ੀਲ, ਰੂਸ, ਭਾਰਤ, ਚੀਨ, ਦੱਖਣੀ ਅਫਰੀਕਾ, ਮਿਸਰ, ਇਥੋਪੀਆ, ਇੰਡੋਨੇਸ਼ੀਆ, ਈਰਾਨ ਤੇ ਸੰਯੁਕਤ ਅਰਬ ਅਮੀਰਾਤ ਦੀ ਸ਼ਮੂਲੀਅਤ ਵਾਲੀ ਅੰਤਰ-ਸਰਕਾਰੀ ਜਥੇਬੰਦੀ ਹੈ। ਇਸ ਤੋਂ ਪਹਿਲਾਂ ਦਸੰਬਰ ਵਿੱਚ ਵੀ ਟਰੰਪ ਨੇ ਬਿ੍ਰਕਸ ਸਮੂਹ ਨੂੰ ਅਜਿਹੀ ਚੇਤਾਵਨੀ ਦਿੱਤੀ ਸੀ।
ਟਰੰਪ ਨੇ ਸਹੁੰ ਚੁੱਕਣ ਦੇ 6 ਘੰਟਿਆਂ ਦੇ ਅੰਦਰ ਬਾਈਡੇਨ ਸਰਕਾਰ ਦੇ 78 ਫੈਸਲਿਆਂ ਨੂੰ ਪਲਟ ਦਿੱਤਾ। ਇਨ੍ਹਾਂ ਵਿੱਚ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ, ਬੱਚਿਆਂ ਦੀ ਨਾਗਰਿਕਤਾ ਖਤਮ ਕਰਨ, ਸੰਸਾਰ ਸਿਹਤ ਜਥੇਬੰਦੀ ਤੇ ਪੈਰਿਸ ਜਲਵਾਯੂ ਸਮਝੌਤੇ ਤੋਂ ਅਮਰੀਕਾ ਨੂੰ ਬਾਹਰ ਕੱਢਣ ਵਰਗੇ ਫੈਸਲੇ ਸ਼ਾਮਲ ਹਨ।
ਟਰੰਪ ਨੇ ਉਨ੍ਹਾਂ ਮਾਂਪਿਆਂ ਦੇ ਬੱਚਿਆਂ ਨੂੰ ਜਨਮਜਾਤ ਨਾਗਰਿਕਤਾ ਦੇਣ ਤੋਂ ਇਨਕਾਰ ਕਰਨ ਦਾ ਹੁਕਮ ਦਿੱਤਾ ਹੈ, ਜਿਹੜੇ ਗੈਰਕਾਨੂੰਨੀ ਤੌਰ ’ਤੇ ਅਮਰੀਕਾ ਵਿੱਚ ਰਹਿ ਰਹੇ ਹਨ ਜਾਂ ਆਰਜ਼ੀ ਵੀਜ਼ਾ ਲੈ ਕੇ ਰਹਿ ਰਹੇ ਹਨ। ਇਹ ਹੁਕਮ 30 ਦਿਨਾਂ ’ਚ ਲਾਗੂ ਹੋ ਜਾਵੇਗਾ। ਇਹ ਹੁਕਮ ਅਮਰੀਕੀ ਬੱਚਿਆਂ ਨੂੰ ਮਿਲਣ ਵਾਲੇ ਜਨਮਜਾਤ ਨਾਗਰਿਕਤਾ ਦੇ ਅਧਿਕਾਰ ਨੂੰ ਚੁਣੌਤੀ ਦਿੰਦਾ ਹੈ। ਅਮਰੀਕੀ ਸੰਵਿਧਾਨ ਦੀ 14ਵੀਂ ਸੋਧ ਬੱਚਿਆਂ ਨੂੰ ਜਨਮਜਾਤ ਨਾਗਰਿਕਤਾ ਦੀ ਗਰੰਟੀ ਦਿੰਦੀ ਹੈ। ਇਹ ਕਾਨੂੰਨ 150 ਸਾਲ ਤੋਂ ਲਾਗੂ ਹੈ।
ਟਰੰਪ ਨੇ 6 ਜਨਵਰੀ 2021 ’ਚ ਕੈਪੀਟਲ ਹਿਲ ਹਿੰਸਾ ਦੇ ਦੋਸ਼ ਵਿੱਚ ਗਿ੍ਰਫਤਾਰ ਆਪਣੇ ਕਰੀਬ 1600 ਹਮਾਇਤੀਆਂ ਦੀ ਸਜ਼ਾ ਮੁਆਫ ਕਰ ਦਿੱਤੀ ਹੈ। ਇਨ੍ਹਾਂ ਵਿੱਚੋਂ ਕਈ ਦੇਸ਼ਧ੍ਰੋਹ ਦੀ ਸਾਜ਼ਿਸ਼ ਦੇ ਦੋਸ਼ੀ ਠਹਿਰਾਏ ਜਾ ਚੁੱਕੇ ਹਨ। ਟਰੰਪ ਨੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਐਂਟਰੀ ਰੋਕਣ ਤੇ ਆ ਚੁੱਕਿਆਂ ਨੂੰ ਕੱਢਣ ਦੀ ਨੀਤੀ ਦਾ ਵੀ ਐਲਾਨ ਕੀਤਾ ਹੈ। ਸੰਸਾਰ ਸਿਹਤ ਜਥੇਬੰਦੀ ਵਿੱਚੋਂ ਨਿਕਲਣ ਦੇ ਐਲਾਨ ਤੋਂ ਪਹਿਲਾਂ ਟਰੰਪ ਕਈ ਵਾਰ ਕਹਿ ਚੁੱਕੇ ਹਨ ਕਿ ਅਮਰੀਕਾ ਇਸਨੂੰ ਸਭ ਤੋਂ ਵੱਧ ਫੰਡ ਦਿੱਦਾ ਹੈ ਪਰ ਫਾਇਦਾ ਦੂਜੇ ਦੇਸ਼ ਲੈਂਦੇ ਹਨ। ਪੈਰਿਸ ਜਲਵਾਯੂ ਸਮਝੌਤੇ ਤੋਂ ਤੁਰੰਤ ਅੱਡ ਹੋਣ ਦਾ ਐਲਾਨ ਟਰੰਪ ਨੇ ਇਸ ਕਰਕੇ ਕੀਤਾ ਹੈ ਕਿ ਉਹ ਆਪਣੀਆਂ ਤੇਲ ਕੰਪਨੀਆਂ ਨੂੰ ਵੱਧ ਤੋਂ ਵੱਧ ਉਤਪਾਦਨ ਦੀ ਛੋਟ ਦੇਣਾ ਚਾਹੁੰਦੇ ਹਨ। ਟਰੰਪ ਦਾ ਕਹਿਣਾ ਹੈ ਕਿ ਚੀਨ ਬੇਰੋਕਟੋਕ ਪ੍ਰਦੂਸ਼ਣ ਫੈਲਾ ਰਿਹਾ ਹੈ ਤੇ ਅਮਰੀਕਾ ਆਪਣੀਆਂ ਸਨਅਤਾਂ ਦਾ ਨੁਕਸਾਨ ਨਹੀਂ ਹੋਣ ਦੇਵੇਗਾ। ਟਰੰਪ ਗ੍ਰੀਨ ਨਿਊ ਡੀਲ ਨੂੰ ਖਤਮ ਕਰਨਗੇ। ਇਸ ਵਿੱਚ ਕਲੀਨ ਐਨਰਜੀ ਨੂੰ ਬੜ੍ਹਾਵਾ ਦੇਣ ਲਈ ਇਲੈਕਟ੍ਰਾਨਿਕ ਵਾਹਨ ਲਾਜ਼ਮੀ ਖਰੀਦਣ ਦੀ ਸ਼ਰਤ ਸੀ। ਟਰੰਪ ਚਾਹੁੰਦੇ ਹਨ ਕਿ ਬੰਦਾ ਜਿਹੜੀ ਮਰਜ਼ੀ ਗੱਡੀ ਖਰੀਦੇ। ਟਰੰਪ ਨੇ ਮੰਗਲ ’ਤੇ ਯਾਤਰੀ ਘੱਲਣ ਦਾ ਐਲਾਨ ਕੀਤਾ। ਟਰੰਪ ਦੇ ਹਮਾਇਤੀ ਤੇ ਸਪੇਸਐਕਸ ਦੇ ਮਾਲਕ ਮਸਕ ਕਈ ਵਾਰ ਧਰਤੀ ਦੇ ਬਾਹਰ ਨਵੀਆਂ ਇਨਸਾਨੀ ਬਸਤੀਆਂ ਵਸਾਉਣ ਦੀ ਗੱਲ ਕਹਿ ਚੁੱਕੇ ਹਨ। ਮੰਗਲ ਗ੍ਰਹਿ ਬਾਰੇ ਟਰੰਪ ਦੇ ਐਲਾਨ ’ਤੇ ਮਸਕ ਨੇ ਖੜ੍ਹੇ ਹੋ ਕੇ ਤਾੜੀਆਂ ਮਾਰੀਆਂ। ਟਰੰਪ ਨੇ ਕਿਊਬਾ ਨੂੰ ਫਿਰ ਦਹਿਸ਼ਤਗਰਦੀ ਦੀ ਸਰਪ੍ਰਸਤੀ ਕਰਨ ਵਾਲੇ ਦੇਸ਼ਾਂ ਦੀ ਲਿਸਟ ਵਿੱਚ ਪਾ ਦਿੱਤਾ ਹੈ। ਪਿਛਲੀ ਬਾਇਡੇਨ ਸਰਕਾਰ ਨੇ ਕਿਊਬਾ ਨੂੰ ਬਲੈਕ ਲਿਸਟ ’ਚੋਂ ਕੱਢਣ ਦਾ ਫੈਸਲਾ ਕੀਤਾ ਸੀ।
ਟਰੰਪ ਨੇ ਵੀਡੀਓ ਸਾਂਝਾ ਕਰਨ ਵਾਲੀ ਸੋਸ਼ਲ ਮੀਡੀਆ ਐਪ ‘ਟਿਕਟੌਕ’ ਦੇ ਚਲਾਉਣ ਨੂੰ 75 ਦਿਨ ਤੱਕ ਵਧਾਉਣ ਦੇ ਹੁਕਮ ’ਤੇ ਵੀ ਸੋਮਵਾਰ ਦਸਤਖਤ ਕੀਤੇ। ਅਮਰੀਕਾ ’ਚ ‘ਟਿਕਟੌਕ’ ਦੇ 17 ਕਰੋੜ ਉਪਭੋਗੀ ਹਨ। ਟ੍ਰੰਪ ਨੇ ਹੁਕਮ ’ਚ ਕਿਹਾਮੈਂ ਅਟਾਰਨੀ ਜਨਰਲ ਨੂੰ ਹੁਕਮ ਦੇ ਰਿਹਾ ਹਾਂ ਕਿ ਅੱਜ ਤੋਂ 75 ਦਿਨ ਲਈ ਟਿਕਟੌਕ ’ਤੇ ਪਾਬੰਦੀ ਲਗਾਉਣ ਲਈ ਕੋਈ ਕਦਮ ਨਾ ਚੁੱਕੇ ਜਾਣ ਤਾਂ ਜੋ ਮੇਰੀ ਸਰਕਾਰ ਨੂੰ ਲੋੜੀਂਦਾ ਪ੍ਰਸਤਾਵ ਤਿਆਰ ਕਰਨ ਦਾ ਮੌਕਾ ਮਿਲ ਸਕੇ ਅਤੇ ਉਨ੍ਹਾਂ ਪਲੇਟਫਾਰਮਾਂ ਦਾ ਚਲਾਉਣਾ ਅਚਾਨਕ ਬੰਦ ਹੋਣ ਤੋਂ ਰੋਕਿਆ ਜਾ ਸਕੇ ਜਿਨ੍ਹਾਂ ਦੀ ਵਰਤੋ ਲੱਖਾਂ ਅਮਰੀਕੀ ਕਰਦੇ ਹਨ। ਅਮਰੀਕਾ ’ਚ ‘ਟਿਕਟੌਕ’ ’ਤੇ ਪਾਬੰਦੀ ਲਗਾਉਣ ਵਾਲਾ ਕਾਨੂੰਨ ਪ੍ਰਭਾਵੀ ਹੋਣ ਤੋਂ ਕੁਝ ਘੰਟੇ ਪਹਿਲਾਂ ਐਪ ਨੂੰ ਸ਼ਨਿੱਚਰਵਾਰ ਨੂੰ ਬੰਦ ਕੀਤਾ ਗਿਆ ਸੀ।



