ਰੂਬੀਓ ਨੇ ਜੈਸ਼ੰਕਰ ਕੋਲ ਗੈਰਕਾਨੂੰਨੀ ਪ੍ਰਵਾਸ ਦਾ ਮੁੱਦਾ ਉਠਾਇਆ

0
96

ਵਾਸ਼ਿੰਗਟਨ : ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਭਾਰਤ ਦੇ ਆਪਣੇ ਹਮਰੁਤਬਾ ਐੱਸ ਜੈਸ਼ੰਕਰ ਨਾਲ ਦੁਵੱਲੀ ਬੈਠਕ ’ਚ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਭਾਰਤ ਨਾਲ ਆਰਥਿਕ ਸੰਬੰਧਾਂ ਨੂੰ ਅੱਗੇ ਵਧਾਉਣ ਦਾ ਚਾਹਵਾਨ ਹੈ, ਪਰ ਨਾਲ ਹੀ ਗੈਰਕਾਨੂੰਨੀ ਇਮੀਗ੍ਰੇਸ਼ਨ ਨਾਲ ਜੁੜੇ ਮੁੱਦਿਆਂ ਦਾ ਹੱਲ ਕੱਢਣਾ ਚਾਹੁੰਦਾ ਹੈ।
ਰੂਬੀਓ (53) ਨੇ ਸਭ ਤੋਂ ਪਹਿਲਾਂ ਭਾਰਤ ਦੇ ਵਿਦੇਸ਼ ਮੰਤਰੀ ਨਾਲ ਪਹਿਲੀ ਦੁਵੱਲੀ ਮੀਟਿੰਗ ਕਰਨ ਨੂੰ ਤਰਜੀਹ ਦਿੱਤੀ, ਜਿਸ ਨਾਲ ਇਹ ਸੁਨੇਹਾ ਗਿਆ ਕਿ ਟਰੰਪ ਪ੍ਰਸ਼ਾਸਨ ਭਾਰਤ ਨਾਲ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਨੂੰ ਕਾਫੀ ਅਹਿਮੀਅਤ ਦੇ ਰਿਹਾ ਹੈ।
ਰੂਬੀਓ ਨੇ ‘ਕੁਆਡ’ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਤੋਂ ਫੌਰੀ ਮਗਰੋਂ ਵਿਦੇਸ਼ ਮੰਤਰਾਲੇ ਦੇ ‘ਫੌਗੀ ਬੌਟਮ’ ਹੈੱਡਕੁਆਰਟਰ ਵਿੱਚ ਜੈਸ਼ੰਕਰ ਨਾਲ ਬੈਠਕ ਕੀਤੀ। ਵਿਦੇਸ਼ੀ ਮੰਤਰਾਲੇ ਦੀ ਤਰਜਮਾਨ ਟੈਮੀ ਬਰੂਸ ਨੇ ਇਕ ਬਿਆਨ ਵਿਚ ਕਿਹਾਰੂਬੀਓ ਨੇ ਭਾਰਤ ਨਾਲ ਆਰਥਕ ਰਿਸ਼ਤਿਆਂ ਨੂੰ ਅੱਗੇ ਵਧਾਉਣ ਤੇ ਗੈਰਕਾਨੂੰਨੀ ਪਰਵਾਸ ਨਾਲ ਜੁੜੇ ਮੁੱਦੇ ਹੱਲ ਕਰਨ ਦੀ ਟਰੰਪ ਪ੍ਰਸ਼ਾਸਨ ਦੀ ਇੱਛਾ ’ਤੇ ਜ਼ੋਰ ਦਿੱਤਾ ਹੈ। ਦੋਵਾਂ ਆਗੂਆਂ ਨੇ ਅਮਰੀਕਾ-ਭਾਰਤ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੇ ਨਾਲ ਉੱਭਰਦੀਆਂ ਤਕਨੀਕਾਂ, ਰੱਖਿਆ ਸਹਿਯੋਗ, ਊਰਜਾ ਅਤੇ ਖੁੱਲ੍ਹੇ ਤੇ ਆਜ਼ਾਦ ਹਿੰਦ ਪ੍ਰਸ਼ਾਂਤ ਖਿੱਤੇ ਨੂੰ ਅੱਗੇ ਵਧਾਉਣ ਸਣੇ ਵੱਖ-ਵੱਖ ਮਸਲਿਆਂ ’ਤੇ ਚਰਚਾ ਕੀਤੀ।
ਉਧਰ ਜੈਸ਼ੰਕਰ ਨੇ ਕਿਹਾਬੈਠਕ ਦੌਰਾਨ ਵਿਆਪਕ ਦੁਵੱਲੀ ਭਾਈਵਾਲੀ ਦੀ ਸਮੀਖਿਆ ਕੀਤੀ ਗਈ, ਜਿਸ ਦੇ ਰੂਬੀਓ ਮਜ਼ਬੂਤ ਸਮੱਰਥਕ ਰਹੇ ਹਨ। ਵੱਖ-ਵੱਖ ਖੇਤਰੀ ਅਤੇ ਆਲਮੀ ਮੁੱਦਿਆਂ ’ਤੇ ਵੀ ਵਿਚਾਰ ਸਾਂਝੇ ਕੀਤੇ। ਦੋਵਾਂ ਦੇਸ਼ਾਂ ਵਿਚਾਲੇ ਰਣਨੀਤਕ ਸਹਿਯੋਗ ਨੂੰ ਅੱਗੇ ਵਧਾਉਣ ਲਈ ਉਨ੍ਹਾ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਹੈ।