ਨਵੀਂ ਦਿੱਲੀ : ਭਾਜਪਾ ਦੇ ਸੰਸਦ ਮੈਂਬਰ ਪਰਵੇਸ਼ ਵਰਮਾ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ 100 ਕਰੋੜ ਰੁਪਏ ਦਾ ਮਾਣਹਾਨੀ ਦਾ ਕੇਸ ਦਾਇਰ ਕਰਨ ਦਾ ਦਾਅਵਾ ਕੀਤਾ ਹੈ। ਵਰਮਾ ਨੇ ਕਿਹਾ ਕਿ ਜੇ ਉਹ ਕੇਸ ਜਿੱਤ ਜਾਂਦੇ ਹਨ ਤਾਂ ਉਹ ਆਪਣੇ ਨਵੀਂ ਦਿੱਲੀ ਹਲਕੇ ’ਚ ਵਿਕਾਸ ਕਾਰਜਾਂ ਲਈ ਖਰਚਣਗੇ, ਜਿੱਥੋਂ ਉਹ ਕੇਜਰੀਵਾਲ ਵਿਰੁੱਧ 5 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲੜ ਰਹੇ ਹਨ। ਵਰਮਾ ਵੱਲੋਂ ਪੰਜਾਬੀਆਂ ਨੂੰ ਦੇਸ਼ ਲਈ ਖਤਰਾ ਦੱਸਣ ਦੇ ਕੇਜਰੀਵਾਲ ਦੇ ਦੋਸ਼ ’ਤੇ ਭਾਜਪਾ ਆਗੂ ਨੇ ਕਿਹਾਮੈਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਮੈਂ ਅਤੇ ਮੇਰੇ ਪਰਵਾਰ ਨੇ ਸਿੱਖ ਭਾਈਚਾਰੇ ਲਈ ਕੀ ਕੀਤਾ ਹੈ। ਵਰਮਾ ਨੇ ਦੋਸ਼ ਲਾਇਆ ਕਿ ਹਾਲ ਹੀ ਦੇ ਦਿਨਾਂ ’ਚ ਆਪ ਦੇ ਪ੍ਰਚਾਰ ਲਈ ਪੰਜਾਬ ਤੋਂ ਹਜ਼ਾਰਾਂ ਕਾਰਾਂ ‘ਆਪ’ ਦੇ ਮੰਤਰੀਆਂ, ਵਿਧਾਇਕਾਂ ਅਤੇ ਇੱਥੋਂ ਤੱਕ ਕਿ ਮੁੱਖ ਮੰਤਰੀ ਮਾਨ ਨੂੰ ਲੈ ਕੇ ਦਿੱਲੀ ’ਚ ਦਾਖਲ ਹੋਈਆਂ ਹਨ। ਉਨ੍ਹਾਂ ਦੇ ਪ੍ਰਚਾਰ ਨਾਲ ਕੋਈ ਸਮੱਸਿਆ ਨਹੀਂ ਹੈ, ਪਰ ਉਹ ਚੀਨੀ ਕੰਪਨੀਆਂ ਦੇ ਸੀ ਸੀ ਟੀ ਵੀ ਕੈਮਰੇ, ਸ਼ਰਾਬ ਅਤੇ ਪੈਸੇ ਵੰਡ ਕੇ ਵੋਟਰਾਂ ਨੂੰ ਪ੍ਰਭਾਵਤ ਕਰ ਰਹੇ ਹਨ। ਉਨ੍ਹਾ ਪੁਲਸ ਅਤੇ ਚੋਣ ਕਮਿਸ਼ਨ ਕੋਲ ਸ਼ਿਕਾਇਤਾਂ ਦਰਜ ਕਰਵਾਈਆਂ ਹਨ।