ਕੌਸ਼ਲ ਚੌਧਰੀ ਗੈਂਗ ਦੇ 6 ਗੈਂਗਸਟਰ ਕਾਬੂ

0
191

ਅੰਮਿ੍ਰਤਸਰ (ਨਰਿੰਦਰਜੀਤ ਸਿੰਘ)-ਕਾਊਂਟਰ ਇੰਟੈਲੀਜੈਂਸ ਅੰਮਿ੍ਰਤਸਰ ਨੇ ਕੌਸ਼ਲ ਚੌਧਰੀ ਗੈਂਗ ਦੇ ਛੇ ਮੈਂਬਰਾਂ ਨੂੰ ਗਿ੍ਰਫ਼ਤਾਰ ਕਰਕੇ ਸੂਬੇ ਵਿੱਚ ਮਿੱਥ ਕੇ ਕਤਲ ਦੀਆਂ ਸੰਭਾਵਤ ਵਾਰਦਾਤਾਂ ਨੂੰ ਨਾਕਾਮ ਕਰ ਦਿੱਤਾ ਹੈ। ਇਹਨਾਂ ਵਿੱਚ ਦੋ ਮੁੱਖ ਸ਼ੂਟਰ ਪੁਨੀਤ ਲਖਨਪਾਲ ਅਤੇ ਨਰਿੰਦਰ ਕੁਮਾਰ ਉਰਫ਼ ਲਾਲੀ ਵੀ ਸ਼ਾਮਲ ਹਨ, ਜੋ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਅਤੇ ਜਲੰਧਰ ਦੇ ਕਾਂਗਰਸੀ ਕੌਂਸਲਰ ਸੁਖਮੀਤ ਸਿੰਘ ਉਰਫ਼ ਡਿਪਟੀ ਦੇ ਕਤਲ ਵਿੱਚ ਸ਼ਾਮਲ ਸਨ। ਇਹ ਜਾਣਕਾਰੀ ਡੀ ਜੀ ਪੀ ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗਿ੍ਰਫ਼ਤਾਰ ਕੀਤੇ ਗਏ ਹੋਰ ਚਾਰ ਮੈਂਬਰਾਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ਼ ਹੈਪਲ ਵਾਸੀ ਗੁਰੂ ਹਰਿਸਹਾਏ ਫਿਰੋਜ਼ਪੁਰ, ਗੁਰਭਿੰਦਰ ਸਿੰਘ ਵਾਸੀ ਚਾਟੀਵਿੰਡ ਲਹਿਲ, ਅੰਮਿ੍ਰਤਸਰ, ਸੰਦੀਪ ਸਿੰਘ ਵਾਸੀ ਰਜਧਾਨ, ਅੰਮਿ੍ਰਤਸਰ ਅਤੇ ਮਨਿੰਦਰਜੀਤ ਸਿੰਘ ਉਰਫ ਸ਼ਿੰਦਾ ਵਾਸੀ ਪਿੰਡ ਬੱਦੋਵਾਲ ਝਾਂਡੇ, ਲੁਧਿਆਣਾ ਵਜੋਂ ਹੋਈ ਹੈ। ਪੁਲਸ ਟੀਮਾਂ ਨੇ ਇਨ੍ਹਾਂ ਦੇ ਕਬਜ਼ੇ ’ਚੋਂ .30 ਬੋਰ ਦੇ 6 ਵਿਦੇਸ਼ੀ ਪਿਸਤੌਲਾਂ ਸਮੇਤ 40 ਕਾਰਤੂਸ ਵੀ ਬਰਾਮਦ ਕੀਤੇ ਹਨ।
ਯਾਦਵ ਨੇ ਦੱਸਿਆ ਕਿ ਇਹ ਗੈਂਗ ਸਤੰਬਰ 2024 ਵਿੱਚ ਰਾਜਸਥਾਨ ਦੇ ਹਾਈਵੇ ਕਿੰਗ ਹੋਟਲ ਵਿੱਚ ਅੰਨ੍ਹੇਵਾਹ ਗੋਲੀਬਾਰੀ ਕਰਨ ਅਤੇ 5 ਕਰੋੜ ਰੁਪਏ ਦੀ ਫਿਰੌਤੀ ਮੰਗਣ ਵਿੱਚ ਵੀ ਸ਼ਾਮਲ ਸੀ। ਸਾਰੇ ਤਿੰਨ ਸਾਲ ਤੋਂ ਗਿ੍ਰਫ਼ਤਾਰੀਆਂ ਤੋਂ ਬਚ ਰਹੇ ਸਨ।
ਉਨ੍ਹਾ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਫੜੇ ਗਏ ਵਿਅਕਤੀ ਕੌਸ਼ਲ ਚੌਧਰੀ ਗੈਂਗ ਦੇ ਸੰਗਠਿਤ ਅਪਰਾਧਿਕ ਨੈੱਟਵਰਕ, ਜੋ ਕਿ ਹਰਿਆਣਾ, ਰਾਜਸਥਾਨ, ਪੰਜਾਬ ਆਦਿ ਵਿੱਚ ਸਰਗਰਮ ਹੈ, ਦੇ ਪੇਸ਼ੇਵਰ ਸ਼ੂਟਰ ਹਨ ਅਤੇ ਉਹ ਆਪਣੇ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ’ਤੇ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਸਨ।
ਡੀ ਜੀ ਪੀ ਨੇ ਦੱਸਿਆ ਕਿ ਐਤਵਾਰ ਕਾਊਂਟਰ ਇੰਟੈਲੀਜੈਂਸ ਅੰਮਿ੍ਰਤਸਰ ਦੀ ਟੀਮ ਨੂੰ ਭਰੋਸੇਯੋਗ ਸੂਹ ਮਿਲੀ ਸੀ ਕਿ ਕੌਸ਼ਲ ਚੌਧਰੀ ਗੈਂਗ ਦੇ ਮੈਂਬਰ, ਜਿਨ੍ਹਾਂ ਵਿੱਚ ਅਮਰਜੀਤ ਸਿੰਘ ਉਰਫ਼ ਅਮਰ, ਜਗਜੀਤ ਸਿੰਘ ਉਰਫ਼ ਗਾਂਧੀ, ਬਲਵਿੰਦਰ ਸਿੰਘ ਉਰਫ਼ ਡੋਨੀ, ਪ੍ਰਭਦੀਪ ਸਿੰਘ ਉਰਫ਼ ਪ੍ਰਭ ਦਾਸੂਵਾਲ ਅਤੇ ਹੋਰ ਵਿਦੇਸ਼ਾਂ ਵਿੱਚੋਂ ਆਪਣੇ ਸਥਾਨਕ ਸੰਚਾਲਕਾਂ ਦੀ ਸਹਾਇਤਾ ਨਾਲ ਸੂਬੇ ਵਿੱਚ ਮਿੱਥ ਕੇ ਕਤਲ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਦੀ ਸਾਜ਼ਿਸ਼ ਰਚ ਰਹੇ ਹਨ ਅਤੇ ਗਰੋਹ ਦੇ ਸਥਾਨਕ ਮੈਂਬਰ ਕਥਿਤ ਤੌਰ ’ਤੇ ਜੰਡਿਆਲਾ, ਅੰਮਿ੍ਰਤਸਰ ਵਿਖੇ ਹਵੇਲੀ ਰੈਸਟੋਰੈਂਟ ਦੇ ਨੇੜੇ ਘੁੰਮ ਰਹੇ ਹਨ ਅਤੇ ਮਾਰੂ ਹਥਿਆਰਾਂ ਨਾਲ ਲੈਸ ਹਨ। ਤੁਰੰਤ ਕਾਰਵਾਈ ਕਰਦਿਆਂ ਪੁਲਸ ਟੀਮਾਂ ਨੇ ਵਿਸ਼ੇਸ਼ ਨਾਕਾ ਲਾ ਕੇ ਇਸ ਗੈਂਗ ਦੇ 6 ਮੈਂਬਰਾਂ ਨੂੰ ਗਿ੍ਰਫ਼ਤਾਰ ਕਰ ਲਿਆ।