ਕੋਲਕਾਤਾ : ਅਗਸਤ 2024 ਵਿੱਚ ਕੋਲਕਾਤਾ ਦੇ ਆਰ ਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਜਬਰ-ਜ਼ਨਾਹ ਤੋਂ ਬਾਅਦ ਕਤਲ ਕੀਤੀ ਗਈ ਮਹਿਲਾ ਡਾਕਟਰ ਦੇ ਮਾਪਿਆਂ ਨੇ ਇਸ ਅਪਰਾਧ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਨੂੰ ਸਜ਼ਾ ਦੀ ਮੰਗ ਕੀਤੀ ਹੈ। ਪੀੜਤਾ ਦੇ ਪਿਤਾ ਨੇ ਕਿਹਾ ਕਿ ਉਹ ਇਸ ਸਮੇਂ ਸੰਜੇ ਰਾਏ ਲਈ ਫਾਂਸੀ ਦੀ ਸਜ਼ਾ ਦੀ ਮੰਗ ਨਹੀਂ ਕਰ ਰਹੇ, ਪਰ ਸਭ ਦੇ ਨਾਂਅ ਸਾਹਮਣੇ ਆਉਣ। ਅਸੀਂ ਸਿਰਫ ਸੰਜੇ ਰਾਏ ਨੂੰ ਹੀ ਨਹੀਂ, ਸਗੋਂ ਇਨ੍ਹਾਂ ਸਾਰਿਆਂ ਲਈ ਸਭ ਤੋਂ ਵੱਧ ਸਜ਼ਾ ਚਾਹੁੰਦੇ ਹਾਂ। ਇਸ ਲਈ ਅਸੀਂ ਹੁਣ ਸੰਜੇ ਰਾਏ ਲਈ ਫਾਂਸੀ ਦੀ ਸਜ਼ਾ ਦੀ ਮੰਗ ਨਹੀਂ ਕਰ ਰਹੇ ਹਾਂ।
ਇਹ ਗੱਲ ਉਸ ਨੇ ਸੀ ਬੀ ਆਈ ਅਤੇ ਪੱਛਮੀ ਬੰਗਾਲ ਸਰਕਾਰ ਵੱਲੋਂ ਦੋ ਸਮਾਨਾਂਤਰ ਪਟੀਸ਼ਨਾਂ ਦੀ ਮਨਜ਼ੂਰੀ ’ਤੇ ਕਲਕੱਤਾ ਹਾਈ ਕੋਰਟ ’ਚ ਸੁਣਵਾਈ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ, ਜਿਨ੍ਹਾਂ ਵਿੱਚ ਸੰਜੇ ਰਾਏ ਨੂੰ ਉਮਰ ਕੈਦ ਦੀ ਥਾਂ ਨੂੰ ਮੌਤ ਦੀ ਸਜ਼ਾ ਦੀ ਮੰਗ ਕੀਤੀ ਗਈ ਹੈ। ਹਾਈ ਕੋਰਟ ਦੀ ਡਵੀਜ਼ਨ ਬੈਂਚ ਨੇ ਇਸ ਮਾਮਲੇ ’ਤੇ ਫੈਸਲਾ ਫਿਲਹਾਲ ਰਾਖਵਾਂ ਰੱਖਿਆ ਹੈ ਅਤੇ ਫੈਸਲੇ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਕੀ ਦੋਵੇਂ, ਜਾਂ ਦੋਵਾਂ ਵਿੱਚੋਂ ਕੋਈ ਇੱਕ ਪਟੀਸ਼ਨ ਲਈ ਜਾਵੇਗੀ। ਪਿਛਲੇ ਹਫਤੇ ਕੋਲਕਾਤਾ ਦੀ ਵਿਸ਼ੇਸ਼ ਅਦਾਲਤ ਨੇ ਸੰਜੇ ਰਾਏ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।


