ਅੰਬੇਡਕਰ ਦਾ ਬੁੱਤ ਤੋੜਨ ਦੀ ਕੋਸ਼ਿਸ਼ ਖਿਲਾਫ ਵਿਆਪਕ ਰੋਹ

0
149

ਅੰਮਿ੍ਰਤਸਰ : ਇੱਥੇ ਹੈਰੀਟੇਜ ਸਟਰੀਟ ’ਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਭੰਨ-ਤੋੜ ਕਰਨ ਅਤੇ ਅਪਮਾਨ ਕਰਨ ਦਾ ਮਾਮਲਾ ਭਖ਼ ਗਿਆ ਹੈ। ਵੱਖ-ਵੱਖ ਦਲਿਤ ਜਥੇਬੰਦੀਆਂ ਵੱਲੋਂ ਸੋਮਵਾਰ ਅੰਮਿ੍ਰਤਸਰ ਬੰਦ ਦਾ ਸੱਦਾ ਦਿੱਤਾ ਗਿਆ। ਸਵੇਰੇ ਭੰਡਾਰੀ ਪੁਲ ’ਤੇ ਵਾਲਮੀਕ ਭਾਈਚਾਰੇ ਨਾਲ ਸੰਬੰਧਤ ਕੁਝ ਜਥੇਬੰਦੀਆਂ ਨੇ ਧਰਨਾ ਦੇ ਕੇ ਆਵਾਜਾਈ ਰੋਕ ਦਿੱਤੀ। ਇਸੇ ਤਰ੍ਹਾਂ ਹਾਲ ਗੇਟ ਅਤੇ ਹਾਲ ਬਾਜ਼ਾਰ ਦੇ ਇਲਾਕੇ ’ਚ ਦੁਕਾਨਾਂ ਬੰਦ ਰਹੀਆਂ। ਸ਼ਹਿਰ ਵਿੱਚ ਵੱਡੀ ਗਿਣਤੀ ਪੁਲਸ ਬਲ ਦੀ ਤਾਇਨਾਤੀ ਕਰਨੀ ਪਈ।
ਦੂਜੇ ਪਾਸੇ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਸਾਬਕਾ ਵਿਧਾਇਕ ਰਾਜ ਕੁਮਾਰ ਵੇਰਕਾ ਤੇ ਹੋਰ ਕਾਂਗਰਸੀਆਂ ਨੇ ਬੁੱਤ ਨੂੰ ਦੁੱਧ ਨਾਲ ਧੋਤਾ ਅਤੇ ਸਾਫ-ਸਫਾਈ ਕਰਕੇ ਇਸ ਦਾ ਸਨਮਾਨ ਬਹਾਲ ਕਰਨ ਦਾ ਯਤਨ ਕੀਤਾ। ਔਜਲਾ ਨੇ ਮਾਮਲੇ ਦੀ ਜਾਂਚ ਕਿਸੇ ਜੱਜ ਦੀ ਨਿਗਰਾਨੀ ਹੇਠ ਕੀਤੇ ਜਾਣ ਦੀ ਮੰਗ ਕੀਤੀ। ਔਜਲਾ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਵੀ ਲੰਮੇ ਹੱਥੀਂ ਲਿਆ ਅਤੇ ਕਿਹਾ ਕਿ ਬੁੱਤ ਦੀ ਸਾਫ-ਸਫਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਬੁੱਤ ਵਾਲੇ ਮੰਚ ’ਤੇ ਧੂੜ-ਮਿੱਟੀ ਬੁਰੀ ਤਰ੍ਹਾਂ ਜੰਮੀ ਹੋਈ ਹੈ। ਸੰਵਿਧਾਨ ਨਿਰਮਾਤਾ ਦੀਆਂ ਤਸਵੀਰਾਂ ਦਫਤਰਾਂ ’ਚ ਲਾਉਣ ਵਾਲਿਆਂ ਨੂੰ ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ ਹੈ। ਇਸ ਦੌਰਾਨ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਸ ਮਾਮਲੇ ’ਚ ਗਿ੍ਰਫਤਾਰ ਕੀਤੇ ਵਿਅਕਤੀ ਖਿਲਾਫ ਕੇਸ ਦਰਜ ਕਰਨ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦਾ ਭਰੋਸਾ ਦਿੱਤਾ ਹੈ। ਗਿ੍ਰਫਤਾਰ ਕੀਤੇ ਵਿਅਕਤੀ ਦੀ ਸ਼ਨਾਖਤ ਆਕਾਸ਼ ਸਿੰਘ ਵਾਸੀ ਧਰਮਕੋਟ, ਜ਼ਿਲ੍ਹਾ ਮੋਗਾ ਵਜੋਂ ਹੋਈ ਹੈ, ਜੋ ਕਿ ਖੁਦ ਐੱਸ ਸੀ ਭਾਈਚਾਰੇ ਨਾਲ ਸੰਬੰਧਤ ਦੱਸਿਆ ਜਾਂਦਾ ਹੈ। ਗਿ੍ਰਫਤਾਰ ਕੀਤੇ ਗਏ ਨੌਜਵਾਨ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ’ਤੇ ਬਾਅਦ ਦੁਪਹਿਰ ਉੱਥੇ ਲੱਗੀ ਪੌੜੀ ਦੀ ਮਦਦ ਨਾਲ ਡਾ. ਅੰਬੇਡਕਰ ਦੇ ਬੁੱਤ ਉਤੇ ਚੜ੍ਹ ਕੇ ਉਸ ਨੂੰ ਹਥੌੜੇ ਨਾਲ ਤੋੜਨ ਅਤੇ ਅਪਮਾਨਤ ਕਰਨ ਦਾ ਯਤਨ ਕੀਤਾ। ਉਥੇ ਮੌਜੂਦ ਨਿੱਜੀ ਸੁਰੱਖਿਆ ਕਰਮਚਾਰੀ ਅਤੇ ਕੁਝ ਹੋਰ ਵਿਅਕਤੀਆਂ ਨੇ ਮੁਲਜ਼ਮ ਨੂੰ ਤੁਰੰਤ ਕਾਬੂ ਕਰ ਲਿਆ। ਉਸ ਦੀ ਕਥਿਤ ਮਾਰਕੁੱਟ ਵੀ ਕੀਤੀ ਤੇ ਬਾਅਦ ’ਚ ਪੁਲਸ ਨੂੰ ਸੌਂਪ ਦਿੱਤਾ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਔਜਲਾ, ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਮੌਕੇ ’ਤੇ ਪੁੱਜੇ। ਰਾਤ ਵੇਲੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਹੋਰ ‘ਆਪ’ ਆਗੂ ਵੀ ਪੁੱਜੇ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠਾ ਨੇ ਵੀ ਇਸ ਘਟਨਾ ਦੀ ਸਖਤ ਨਿੰਦਾ ਕੀਤੀ ਹੈ। ਜਦੋਂ ਇਹ ਘਟਨਾ ਵਾਪਰੀ ਤਾਂ ਭਾਜਪਾ ਆਗੂ ਵਿਜੇ ਸਾਂਪਲਾ ਨੇ ਇਸ ਸਥਾਨ ਨੂੰ ਗਲਿਆਰੇ ’ਚ ਦੱਸਦਿਆਂ ਇਸ ਮਾਮਲੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜ਼ਿੰਮੇਵਾਰ ਦੱਸਦਿਆਂ ਉਂਗਲ ਉਠਾਈ, ਪਰ ਤੁਰੰਤ ਬਾਅਦ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਇਹ ਸਥਾਨ ਨਗਰ ਨਿਗਮ ਦੇ ਪ੍ਰਬੰਧ ਹੇਠ ਹੈ। ਬੁੱਤ ਦੀ ਬੇਅਦਬੀ ਕਰਨ ਵਾਲੇ ਨੌਜਵਾਨ ਆਕਾਸ਼ ਦੇ ਧਰਮਕੋਟ ਦੇ ਪਿਛੋਕੜ ਵਾਲਾ ਹੋਣ ਦੇ ਖੁਲਾਸੇ ਤੋਂ ਬਾਅਦ ਸਥਾਨਕ ਪੁਲਸ ਉਸ ਦੇ ਰਿਕਾਰਡ ਨੂੰ ਖੰਗਾਲਣ ਵਿੱਚ ਲੱਗ ਗਈ ਹੈ। ਥਾਣਾ ਮੁਖੀ ਜਤਿੰਦਰ ਸਿੰਘ ਨੇ ਉਸ ਦੇ ਘਰ ਜਾ ਕੇ ਪਰਵਾਰ ਤੋਂ ਡੂੰਘੀ ਪੁੱਛ-ਪੜਤਾਲ ਕੀਤੀ। ਪੁਲਸ ਦੇ ਖੁਫੀਆ ਵਿੰਗ ਨੇ ਵੀ ਸਾਰੇ ਵੇਰਵੇ ਪ੍ਰਾਪਤ ਕਰਕੇ ਸਰਕਾਰ ਨੂੰ ਭੇਜੇ ਹਨ।
ਇਹ ਨੌਜਵਾਨ ਧਰਮਕੋਟ ਦੀ ਚੁੱਘਾ ਬਸਤੀ ਦਾ ਰਹਿਣ ਵਾਲਾ ਹੈ ਅਤੇ ਜ਼ਿਆਦਾਤਰ ਆਪਣੇ ਨਾਨਕੇ ਬੱਘੀਪੁਰਾ ਵਿੱਚ ਰਹਿੰਦਾ ਸੀ। ਆਕਾਸ਼ ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਰੋਜ਼ੀ-ਰੋਟੀ ਲਈ ਦੁਬਈ ਚਲਾ ਗਿਆ ਸੀ ਅਤੇ ਕੁੱਝ ਸਮਾਂ ਪਹਿਲਾਂ ਹੀ ਪਰਤ ਕੇ ਅੰਮਿ੍ਰਤਸਰ ਵਿਖੇ ਕਿਰਾਏ ਦਾ ਮਕਾਨ ਲੈ ਕੇ ਰਹਿਣ ਲੱਗਾ ਸੀ। ਨੌਜਵਾਨ ਦੀ ਮਾਤਾ ਆਸ਼ਾ ਮੁਤਾਬਕ ਚਾਰ ਸਾਲ ਪਹਿਲਾਂ ਦੁਬਈ ਜਾਣ ਤੋਂ ਬਾਅਦ ਅਕਾਸ਼ ਉਨ੍ਹਾਂ ਨੂੰ ਕਦੇ ਵੀ ਨਹੀਂ ਮਿਲਿਆ। ਘਟਨਾ ਨੂੰ ਲੈ ਕੇ ਪਰਵਾਰ ਵੀ ਡੂੰਘੇ ਸਦਮੇ ’ਚ ਹੈ। ਉਸ ਦੇ ਅਜਿਹਾ ਕਰਨ ਦੇ ਮਕਸਦ ਤੋਂ ਵੀ ਪਰਵਾਰ ਪੂਰੀ ਤਰ੍ਹਾਂ ਅਣਜਾਣ ਹੈ।