ਭਾਜਪਾ ਸਾਡੀ ਨਕਲ ਮਾਰ ਰਹੀ : ਕੇਜਰੀਵਾਲ

0
89

ਨਵੀਂ ਦਿੱਲੀ : ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ 5 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੋਮਵਾਰ ਪਾਰਟੀ ਦਾ ਚੋਣ ਮਨੋਰਥ ਪੱਤਰ ‘ਕੇਜਰੀਵਾਲ ਕੀ ਗਰੰਟੀ’ ਜਾਰੀ ਕੀਤਾ। ਕੇਜਰੀਵਾਲ ਨੇ ਭਾਜਪਾ ’ਤੇ ‘ਆਪ’ ਦੇ ਵਾਅਦੇ-ਅਧਾਰਤ ਸ਼ਾਸਨ ਦੀ ਨਕਲ ਕਰਨ ਦਾ ਦੋਸ਼ ਵੀ ਲਾਇਆ। ਉਨ੍ਹਾ ਕਿਹਾਅਸੀਂ ਦੇਸ਼ ’ਚ ਸਭ ਤੋਂ ਪਹਿਲਾਂ ‘ਗਰੰਟੀ’ ਸ਼ਬਦ ਤਿਆਰ ਕੀਤਾ। ਸਾਡੇ ਤੋਂ ਬਾਅਦ ਭਾਜਪਾ ਨੇ ਇਸ ਨੂੰ ਚੋਰੀ ਕੀਤਾ, ਪਰ ਫਰਕ ਇਹ ਹੈ ਕਿ ਅਸੀਂ ਆਪਣੀਆਂ ਗਰੰਟੀਆਂ ਪੂਰੀਆਂ ਕਰਦੇ ਹਾਂ ਅਤੇ ਉਹ ਨਹੀਂ ਕਰਦੇ। ਉਨ੍ਹਾ ਦਿੱਲੀ ਵਾਸੀਆਂ ਲਈ ਆਪਣੀਆਂ ਗਰੰਟੀਆਂ ਦਾ ਐਲਾਨ ਕੀਤਾ, ਜਿਸ ਵਿੱਚ ਦਿੱਲੀ ਵਾਸੀਆਂ ਲਈ ਮਜ਼ਬੂਤ ਰੁਜ਼ਗਾਰ ਸਿਰਜਣਾ, ਮਹਿਲਾ ਸਨਮਾਨ ਯੋਜਨਾ ਦੇ ਤਹਿਤ ਔਰਤਾਂ ਲਈ 2,100 ਰੁਪਏ ਦੀ ਮਹੀਨਾ ਵਿੱਤੀ ਸਹਾਇਤਾ, ਸੰਜੀਵਨੀ ਯੋਜਨਾ ਮੁਫਤ ਸਿਹਤ ਸਹੂਲਤਾਂ, ਬਕਾਇਆ ਵਧੇ ਹੋਏ ਪਾਣੀ ਦੇ ਬਿੱਲਾਂ ਦੀ ਮੁਆਫੀ, ਕੌਮੀ ਰਾਜਧਾਨੀ ਦੇ ਹਰ ਘਰ ਨੂੰ ਚੌਵੀ ਘੰਟੇ ਪੀਣ ਵਾਲੇ ਪਾਣੀ ਦੀ ਸਪਲਾਈ ਆਦਿ ਸ਼ਾਮਲ ਹੈ। ਯਮੁਨਾ ਨਦੀ ਨੂੰ ਸਾਫ ਕਰਨ ਅਤੇ ਦਿੱਲੀ ਦੀਆਂ ਸੜਕਾਂ ਨੂੰ ਵਿਸ਼ਵ ਪੱਧਰੀ ਬਣਾਉਣ ਦੀ ਵਚਨਬੱਧਤਾ ਮੁੜ ਪ੍ਰਗਟਾਈ ਗਈ ਹੈ।