ਸੰਸਦ ਦਾ ਬਜਟ ਅਜਲਾਸ 31 ਤੋਂ

0
29

ਨਵੀਂ ਦਿੱਲੀ : ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ 31 ਜਨਵਰੀ ਨੂੰ ਲੋਕ ਸਭਾ ਤੇ ਰਾਜ ਸਭਾ ਦੇ ਸਾਂਝੇ ਸੰਬੋਧਨ ਨਾਲ ਬਜਟ ਅਜਲਾਸ ਦੀ ਸ਼ੁਰੂਆਤ ਹੋਵੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਨਿੱਚਰਵਾਰ ਨੂੰ ਆਮ ਬਜਟ ਪੇਸ਼ ਕਰਨਗੇ। ਵਿੱਤ ਮੰਤਰੀ ਸ਼ੁੱਕਰਵਾਰ ਨੂੰ ਆਰਥਕ ਸਰਵੇਖਣ ਵੀ ਪੇਸ਼ ਕਰਨਗੇ। ਲੋਕ ਸਭਾ ਨੇ ਅਸਥਾਈ ਤੌਰ ’ਤੇ ਰਾਸ਼ਟਰਪਤੀ ਦੇ ਭਾਸ਼ਣ ਦਾ ਧੰਨਵਾਦ ਕਰਨ ਵਾਲੇ ਮਤੇ ’ਤੇ ਚਰਚਾ ਲਈ ਦੋ ਦਿਨ (3-4 ਫਰਵਰੀ) ਨਿਰਧਾਰਤ ਕੀਤੇ ਹਨ, ਜਦੋਂ ਕਿ ਰਾਜ ਸਭਾ ਨੇ ਬਹਿਸ ਲਈ ਤਿੰਨ ਦਿਨ ਨਿਰਧਾਰਤ ਕੀਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 6 ਫਰਵਰੀ ਨੂੰ ਚਰਚਾ ਦਾ ਜਵਾਬ ਦੇਣਗੇ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਬਜਟ ਅਜਲਾਸ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਲਈ 30 ਜਨਵਰੀ ਨੂੰ ਸੰਸਦ ’ਚ ਸਿਆਸੀ ਪਾਰਟੀਆਂ ਦੇ ਫਲੋਰ ਆਗੂਆਂ ਦੀ ਸਰਬ ਪਾਰਟੀ ਬੈਠਕ ਸੱਦੀ ਹੈ। ਅਜਲਾਸ ਦੇ ਪਹਿਲੇ ਹਿੱਸੇ ’ਚ 31 ਜਨਵਰੀ ਤੋਂ 13 ਫਰਵਰੀ ਤੱਕ 9 ਬੈਠਕਾਂ ਹੋਣਗੀਆਂ। ਉਪਰੰਤ 13 ਫਰਵਰੀ ਨੂੰ ਬਜਟ ਤਜਵੀਜ਼ਾਂ ਦੀ ਜਾਂਚ ਲਈ ਸੰਸਦ ਛੁੱਟੀ ਕਰੇਗੀ ਅਤੇ ਵੱਖ-ਵੱਖ ਮੰਤਰਾਲਿਆਂ ਦੀਆਂ ਗ੍ਰਾਂਟਾਂ ਦੀਆਂ ਮੰਗਾਂ ’ਤੇ ਚਰਚਾ ਕਰਨ ਅਤੇ ਬਜਟ ਪ੍ਰਕਿਰਿਆ ਨੂੰ ਪੂਰਾ ਕਰਨ ਲਈ 10 ਮਾਰਚ ਤੋਂ ਦੁਬਾਰਾ ਬੈਠਕ ਹੋਵੇਗੀ। ਬਜਟ ਅਜਲਾਸ 4 ਅਪਰੈਲ ਨੂੰ ਸਮਾਪਤ ਹੋਵੇਗਾ। ਪੂਰੇ ਬਜਟ ਅਜਲਾਸ ਦੌਰਾਨ 27 ਬੈਠਕਾਂ ਹੋਣਗੀਆਂ।