ਜ਼ਾਬਤਾ ਫੌਜਦਾਰੀ ’ਚ ਵਟਸਐਪ ਰਾਹੀਂ ਨੋਟਿਸ ਅਯੋਗ

0
144

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪੁਲਸ ਕਿਸੇ ਵੀ ਮੁਲਜ਼ਮ ਨੂੰ ਜ਼ਾਬਤਾ ਫੌਜਦਾਰੀ ਜਾਂ ਭਾਰਤੀ ਨਾਗਰਿਕ ਸੁਰੱਕਸ਼ਾ ਸੰਹਿਤਾ 2023 ਤਹਿਤ ਵਟਸਐਪ ਜਾਂ ਹੋਰ ਕਿਸੇ ਇਲੈਕਟ੍ਰਾਨਿਕ ਵਿਧੀ ਰਾਹੀਂ ਨੋਟਿਸ ਨਹੀਂ ਭੇਜ ਸਕਦੀ। ਜਸਟਿਸ ਐੱਮ ਐੱਮ ਸੁੰਦਰੇਸ਼ ਅਤੇ ਜਸਟਿਸ ਰਾਜੇਸ਼ ਬਿੰਦਲ ਦੀ ਬੈਂਚ ਨੇ ਮੰਗਲਵਾਰ ਸਾਰੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਹਦਾਇਤ ਕੀਤੀ ਕਿ ਉਹ ਜ਼ਾਬਤਾ ਫੌਜਦਾਰੀ 1973 ਦੀ ਧਾਰਾ 41ਏ ਜਾਂ ਬੀ ਐੱਨ ਐੱਸ ਐੱਸ 2023 ਦੀ ਧਾਰਾ 35 ਤਹਿਤ ਨੋਟਿਸ ਜਾਰੀ ਕਰਨ ਲਈ ਪੁਲਸ ਨੂੰ ਢੁਕਵੇਂ ਨਿਰਦੇਸ਼ ਜਾਰੀ ਕਰਨ ਅਤੇ ਅਜਿਹੇ ਨੋਟਿਸ ਕਾਨੂੰਨ ਤਹਿਤ ਪ੍ਰਵਾਨਤ ਮੋਡ ਰਾਹੀਂ ਹੀ ਜਾਰੀ ਕੀਤੇ ਜਾਣ।
ਰਾਣਾ ਅਯੂਬ ਖਿਲਾਫ ਐੱਫ ਆਈ ਆਰ ਦਰਜ ਕਰਨ ਦੀ ਹਦਾਇਤ
ਨਵੀਂ ਦਿੱਲੀ : ਸਾਕੇਤ ਕੋਰਟ ਦੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਹਿਮਾਂਸ਼ੂ ਰਮਨ ਸਿੰਘ ਨੇ 2016-17 ਵਿੱਚ ਪਾਈਆਂ ਪੋਸਟਾਂ ਨੂੰ ਲੈ ਕੇ ਪੱਤਰਕਾਰ ਰਾਣਾ ਅਯੂਬ ਖਿਲਾਫ ਦਿੱਲੀ ਪੁਲਸ ਨੂੰ ਐੱਫ ਆਈ ਆਰ ਦਰਜ ਕਰਨ ਦੀ ਹਦਾਇਤ ਕੀਤੀ ਹੈ। ਕੋਰਟ ਮੁਤਾਬਕ ਮਾਮਲਾ ਬਣਦਾ ਹੈ ਤੇ ਦਿੱਲੀ ਪੁਲਸ ਨਿਰਪੱਖ ਜਾਂਚ ਕਰੇ। ਐਡਵੋਕੇਟ ਅਮੀਤਾ ਸਚਦੇਵਾ ਨੇ ਸ਼ਿਕਾਇਤ ਕੀਤੀ ਸੀ ਕਿ ਰਾਣਾ ਅਯੂਬ ਨੇ ਪੋਸਟਾਂ ’ਚ ਹਿੰਦੂ ਦੇਵੀ-ਦੇਵਤਿਆਂ ਦੀ ਤੌਹੀਨ ਕੀਤੀ ਤੇ ਭਾਰਤ-ਵਿਰੋਧੀ ਭਾਵਨਾਵਾਂ ਫੈਲਾਈਆਂ।
ਇਮਾਰਤ ਢਹਿਣ ਨਾਲ 2 ਮੌਤਾਂ
ਨਵੀਂ ਦਿੱਲੀ : ਉੱਤਰੀ ਦਿੱਲੀ ਦੇ ਬੁਰਾੜੀ ਇਲਾਕੇ ’ਚ ਆਸਕਰ ਪਬਲਿਕ ਸਕੂਲ ਨੇੜੇ ਨਵੀਂ ਬਣੀ ਚਾਰ ਮੰਜ਼ਿਲਾ ਇਮਾਰਤ ਢਹਿਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ। ਪੁਲਸ ਨੇ 12 ਲੋਕਾਂ ਨੂੰ ਬਚਾਉਣ ਦੀ ਗੱਲ ਕਹੀ ਹੈ।
ਸਟੇਜ ਢਹਿਣ ਨਾਲ 7 ਮੌਤਾਂ
ਬਾਗਪਤ : ਯੂ ਪੀ ਦੇੇ ਬੜੌਤ ਵਿੱਚ ਜੈਨ ਭਾਈਚਾਰੇ ਦੇ ਸਮਾਗਮ ਦੌਰਾਨ ਲੱਕੜ ਦੀ ਬਣੀ ਸਟੇਜ ਡਿੱਗਣ ਨਾਲ 7 ਵਿਅਕਤੀਆਂ ਦੀ ਮੌਤ ਹੋ ਗਈ ਤੇ 60 ਤੋਂ ਵੱਧ ਲੋਕ ਜ਼ਖਮੀ ਹੋ ਗਏ। ਜੈਨ ਭਾਈਚਾਰੇ ਵੱਲੋਂ ਇਹ ਸਾਲਾਨਾ ਸਮਾਗਮ 30 ਸਾਲਾਂ ਤੋਂ ਕੀਤਾ ਜਾ ਰਿਹਾ ਹੈ।