12.4 C
Jalandhar
Saturday, March 8, 2025
spot_img

ਬਜਟ ਕਾਰਪੋਰੇਟ-ਪੱਖੀ ਤੇ ਗਰੀਬ-ਮਾਰੂ

ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਨਿੱਚਰਵਾਰ ‘ਸਬਕਾ ਵਿਕਾਸ’, ‘ਆਰਥਕ ਸੁਧਾਰ’ ਤੇ ‘ਆਤਮ ਨਿਰਭਰ ਭਾਰਤ’ ਵਰਗੇ ਖੋਖਲੇ ਨਾਅਰਿਆਂ ਵਿੱਚ ਲਪੇਟ ਕੇ ਕੇਂਦਰੀ ਬਜਟ ਪੇਸ਼ ਕੀਤਾ।
ਉਨ੍ਹਾ ਵੱਲੋਂ ਪੇਸ਼ ਤਜਵੀਜ਼ਾਂ ਕਾਰਪੋਰੇਟ ਘਰਾਣਿਆਂ ਤੇ ਵਿਦੇਸ਼ੀ ਵਿੱਤੀ ਸੰਸਥਾਨਾਂ ਦੀਆਂ ਹੀ ਤਿਜੌਰੀਆਂ ਭਰਨਗੀਆਂ, ਜਦਕਿ ਗਰੀਬਾਂ, ਨੌਜਵਾਨਾਂ, ਕਿਸਾਨਾਂ ਤੇ ਮਹਿਲਾਵਾਂ ਦੇ ਪੱਲੇ ਕੁਝ ਨਹੀਂ ਪੈਣਾ। ਵਿੱਤ ਮੰਤਰੀ ਨੇ ਦਾਅਵਾ ਕੀਤਾ ਕਿ ਬਜਟ ਬੁਨਿਆਦੀ ਢਾਂਚੇ ਤੇ ਵਿਕਾਸ ਨੂੰ ਬੜ੍ਹਾਵਾ ਦੇਵੇਗਾ। ਉਨ੍ਹਾ ਪੂੰਜੀਗਤ ਖਰਚ (ਕੈਪੀਟਲ ਐਕਸਪੈਂਡੀਚਰ) ਦੇ ਨਾਂਅ ’ਤੇ 10.18 ਲੱਖ ਕਰੋੜ ਰੱਖੇ ਹਨ। ਇਸ ਪੈਸੇ ਦਾ ਵੱਡਾ ਹਿੱਸਾ ਉਨ੍ਹਾਂ ਠੇਕੇਦਾਰਾਂ, ਨਿੱਜੀ ਕੰਪਨੀਆਂ ਤੇ ਉਦਯੋਗਪਤੀਆਂ ਦੇ ਹੱਥਾਂ ਵਿੱਚ ਜਾਵੇਗਾ, ਜਿਨ੍ਹਾਂ ਦਾ ਪਹਿਲਾਂ ਹੀ ਵਸੀਲਿਆਂ ’ਤੇ ਕੰਟਰੋਲ ਹੈ। ਸੜਕਾਂ, ਹਵਾਈ ਅੱਡੇ ਤੇ ਰੇਲਵੇ ਵਰਗੇ ਬੁਨਿਆਦੀ ਢਾਂਚੇ ਨਿੱਜੀ ਕੰਪਨੀਆਂ ਲਈ ਸੋਨੇ ਦੀ ਖਾਣ ਹਨ। ਸਰਕਾਰ ਲੋਕਾਂ ਤੋਂ ਉਗਰਾਹੇ ਟੈਕਸ ਨਾਲ ਬੁਨਿਆਦੀ ਢਾਂਚਾ ਬਣਾਏਗੀ ਤੇ ਫਿਰ ਔਣੇ-ਪੌਣੇ ਭਾਅ ਨਿੱਜੀ ਕੰਪਨੀਆਂ ਨੂੰ ਸੌਂਪ ਦੇਵੇਗੀ। ਸਰਕਾਰ ਦੇ ਵਿਕਾਸ ਦਾ ਮਤਲਬ ਨਿੱਜੀਕਰਨ ਹੈ। 2019 ਤੋਂ 2023 ਤੱਕ 4.3 ਲੱਖ ਕਰੋੜ ਦੀਆਂ ਸਰਕਾਰੀ ਸੰਪਤੀਆਂ ਵੇਚੀਆਂ ਗਈਆਂ। ਇਸ ਬਜਟ ਵਿੱਚ 10 ਲੱਖ ਕਰੋੜ ਦੀਆਂ ਜਨਤਕ ਸੰਪਤੀਆਂ ਵੇਚਣ ਦੀ ਸਾਜ਼ਿਸ਼ ਲੁਕੀ ਹੋਈ ਹੈ। ਸਰਕਾਰੀ ਕੰਪਨੀਆਂ ਘਾਟੇ ਵਿੱਚ ਦੱਸ ਕੇ ਵੇਚੀਆਂ ਜਾ ਰਹੀਆਂ ਹਨ, ਜਦਕਿ ਇਨ੍ਹਾਂ ਨੂੰ ਖਰੀਦਣ ਵਾਲੇ ਰਿਲਾਇੰਸ, ਅਡਾਨੀ ਤੇ ਟਾਟਾ ਮੁਨਾਫੇ ਕਮਾ ਰਹੇ ਹਨ।
ਵਿੱਤ ਮੰਤਰੀ ਨੇ 12 ਲੱਖ ਰੁਪਏ ਦੀ ਆਮਦਨ ਨੂੰ ਟੈਕਸ ਮੁਕਤ ਕਰਨ ਨੂੰ ਮਿਡਲ ਕਲਾਸ ਨੂੰ ਵੱਡੇ ਤੋਹਫੇ ਵਜੋਂ ਪੇਸ਼ ਕੀਤਾ ਹੈ, ਪਰ ਸਰਕਾਰ ਮਿਡਲ ਕਲਾਸ ਨੂੰ ਜੋ ਦੇਵੇਗੀ, ਉਹ ਗਰੀਬਾਂ ਤੋਂ ਜੀ ਐੱਸ ਟੀ ਰਾਹੀਂ ਵਸੂਲੇਗੀ। ਸਰਕਾਰ 70 ਫੀਸਦੀ ਕਮਾਈ ਜੀ ਐੱਸ ਟੀ ਵਰਗੇ ਅਸਿੱਧੇ ਟੈਕਸਾਂ ਨਾਲ ਹੀ ਕਰਦੀ ਹੈ।
ਵਿੱਤ ਮੰਤਰੀ ਨੇ ਇਲੈਕਟਿ੍ਰਕ ਕਾਰਾਂ ਦੀਆਂ ਕੀਮਤਾਂ ਘਟਾਉਣ ਦੀ ਗੱਲ ਕੀਤੀ। ਉਨ੍ਹਾ ਕਿਹਾ ਕਿ ਹੁਣ ਇਲੈਕਟਿ੍ਰਕ ਕਾਰਾਂ ਪਹਿਲਾਂ ਨਾਲੋਂ ਘੱਟ ਕੀਮਤ ’ਤੇ ਖਰੀਦੀਆਂ ਜਾ ਸਕਦੀਆਂ ਹਨ। ਉਨ੍ਹਾ ਕਿਹਾ ਕਿ ਲਿਥੀਅਮ ਆਇਨ ਬੈਟਰੀਆਂ ’ਤੇ ਟੈਕਸ ਘਟਾਇਆ ਜਾਵੇਗਾ। ਸਰਕਾਰ ਦਾ ਧਿਆਨ ਈ ਵੀ ਸੈਕਟਰ ’ਤੇ ਹੋਵੇਗਾ। ਸਰਕਾਰ ਨੇ ਇਲੈਕਟਿ੍ਰਕ ਵਾਹਨ ਖਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਆਟੋ ਸੈਕਟਰ ਵਿੱਚ ਜੋ ਮੰਦੀ 2024 ਵਿੱਚ ਦੇਖੀ ਗਈ ਸੀ, ਹੁਣ ਉਸ ਵਿੱਚ ਤੇਜ਼ੀ ਆਵੇਗੀ। ਇਸ ਵਾਰ ਬਜਟ ਵਿੱਚ ਸਰਕਾਰ ਨੇ ਆਟੋ ਕੰਪਨੀਆਂ ਦੇ ਨਾਲ-ਨਾਲ ਆਮ ਲੋਕਾਂ ਦੀਆਂ ਜੇਬਾਂ ਦਾ ਵੀ ਧਿਆਨ ਰੱਖਿਆ ਹੈ। ਜਿਹੜੇ ਲੋਕ ਨਵਾਂ ਇਲੈਕਟਿ੍ਰਕ ਵਾਹਨ ਖਰੀਦਣ ਦੀ ਯੋਜਨਾ ਬਣਾ ਰਹੇ ਹਨ, ਉਨ੍ਹਾਂ ਨੂੰ ਇਲੈਕਟਿ੍ਰਕ ਵਾਹਨ ਸਸਤੇ ਹੋਣ ਦਾ ਲਾਭ ਮਿਲੇਗਾ। ਇਸ ਦੇ ਨਾਲ ਹੀ ਕੰਪਨੀਆਂ ਦੀ ਈ ਵੀ ਵਿਕਰੀ ਵੀ ਵਧ ਸਕਦੀ ਹੈ। ਸਰਕਾਰ ਨੇ ਕਿਸਾਨ ਕ੍ਰੈਡਿਟ ਕਾਰਡ ਦੀ ਸੀਮਾ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਗਿਗ ਵਰਕਰਾਂ ਨੂੰ ਈ-ਸ਼੍ਰਮ ਪੋਰਟਲ ’ਤੇ ਰਜਿਸਟਰ ਕੀਤਾ ਜਾਵੇਗਾ। ਆਮ ਬਜਟ ਦੀਆਂ ਤਜਵੀਜ਼ਾਂ ਲਾਗੂ ਹੋਣ ਤੋਂ ਬਾਅਦ ਜਿਹੜੀਆਂ ਚੀਜ਼ਾਂ ਦੇ ਭਾਅ ਕੁਝ ਘਟਣਗੇ, ਉਨ੍ਹਾਂ ਵਿੱਚ ਸ਼ਾਮਲ ਹਨ : ਮੈਡੀਕਲ ਉਪਕਰਨ, ਐੱਲ ਈ ਡੀ ਤੇ ਐੱਲ ਸੀ ਡੀ ਟੀ ਵੀ (2.5 ਫੀਸਦੀ ਕਸਟਮ ਡਿਊਟੀ ਘਟਾਈ), ਮੋਬਾਇਲ ਫੋਨ, ਮੋਬਾਇਲ ਬੈਟਰੀਆਂ, ਭਾਰਤ ’ਚ ਬਣੇ ਕੱਪੜੇ, ਕੈਂਸਰ ਦੀਆਂ ਦਵਾਈਆਂ, ਚਮੜੇ ਦਾ ਸਾਮਾਨ, ਇਲੈਕਟਿ੍ਰਕ ਵਾਹਨ, 40 ਹਜ਼ਾਰ ਡਾਲਰ ਦੀ ਕੀਮਤ ਵਾਲੀਆਂ 3000 ਸੀ ਸੀ ਇੰਜਣ ਵਾਲੀਆਂ ਦਰਾਮਦਸ਼ੁਦਾ ਕਾਰਾਂ, ਦਰਾਮਦਸ਼ੁਦਾ ਮੋਟਰਸਾਈਕਲ (1600 ਸੀ ਸੀ ਤੋਂ ਵੱਧ ਨਾ ਹੋਵੇ), ਫੂਡ ਤੇ ਡਰਿੰਕ ਇੰਡਸਟਰੀਜ਼ ਵਿਚ ਵਰਤੇ ਜਾਂਦੇ ਸਿੰਥੈਟਿਕ ਫਲੇਵਰਿੰਗ ਇਸੈਂਸ ਤੇ ਮਿਕਸਚਰ। ਮਹਿੰਗੀਆਂ ਹੋਣ ਵਾਲੀਆਂ ਚੀਜ਼ਾਂ ਹਨ : ਫਲੈਟ ਟੀ ਵੀ ਸਕਰੀਨ, ਸਮਾਰਟ ਮੀਟਰ, ਸੋਲਰ ਸੈੱਲਜ਼, ਦਰਾਮਦਸ਼ੁਦਾ ਫੁਟਵੀਅਰ, ਦਰਾਮਦਸ਼ੁਦਾ ਕੈਂਡਲਜ਼ ਤੇ ਟੇਪਰਜ਼, ਦਰਾਮਦਸ਼ੁਦਾ ਯੈਚ ਤੇ ਹੋਰ ਵੈਸਲਾਂ, ਪੀ ਵੀ ਸੀ ਫਲੈਕਸ ਫਿਲਮਾਂ, ਪੀ ਵੀ ਸੀ ਫਲੈਕਸ ਸ਼ੀਟਾਂ, ਪੀ ਵੀ ਸੀ ਫਲੈਕਸ ਬੈਨਰ, ਦਰਾਮਦਸ਼ੁਦਾ ਹੱਥ ਨਾਲ ਬੁਣੇ ਫੈਬਰਿਕਸ।

Related Articles

Latest Articles