ਦਿੱਲੀ-ਕਟੜਾ ਸਫਰ ਦੌਰਾਨ ਸਿਰਫ ਸ਼ਾਕਾਹਾਰੀ ਭੋਜਨ ਮਿਲੇਗਾ

0
38

ਨਵੀਂ ਦਿੱਲੀ : ਨਵੀਂ ਦਿੱਲੀ ਤੋਂ ਸ੍ਰੀ ਮਾਤਾ ਵੈਸ਼ਨੋ ਦੇਵੀ ਜਾਣ ਵਾਲੀ ਵੰਦੇ ਭਾਰਤ ਰੇਲ ਗੱਡੀ ਵਿੱਚ ਸਿਰਫ਼ ਸ਼ਾਕਾਹਾਰੀ ਭੋਜਨ ਹੀ ਮਿਲੇਗਾ। ਨਵੀਂ ਦਿੱਲੀ-ਕਟੜਾ ਵੰਦੇ ਭਾਰਤ ਐੱਕਸਪ੍ਰੈੱਸ ਵਿੱਚ 100 ਪ੍ਰਤੀਸ਼ਤ ਸ਼ਾਕਾਹਾਰੀ ਭੋਜਨ ਪਰੋਸਣ ਦਾ ਫੈਸਲਾ ਕੀਤਾ ਗਿਆ ਹੈ।
ਭੁਚਾਲ ਦੇ ਤਕੜੇ ਝਟਕੇ
ਜੈਪੁਰ : ਬੀਕਾਨੇਰ ਵਿੱਚ ਭੁਚਾਲ ਦੇ ਤੇਜ਼ ਝਟਕਿਆਂ ਕਾਰਨ ਲੋਕ ਘਰਾਂ, ਦੁਕਾਨਾਂ ਅਤੇ ਦਫਤਰਾਂ ਤੋਂ ਬਾਹਰ ਆ ਗਏ। ਇਮਾਰਤਾਂ ਕੁਝ ਸਮੇਂ ਲਈ ਇਸ ਤਰ੍ਹਾਂ ਹਿੱਲੀਆਂ, ਜਿਵੇਂ ਰੇਲ ਗੱਡੀ ਦੇ ਡੱਬੇ ਪਟੜੀਆਂ ਬਦਲਣ ’ਤੇ ਹਿੱਲਦੇ ਹਨ। ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ। ਲੋਕ ਘਰਾਂ ਤੋਂ ਬਾਹਰ ਆ ਕੇ ਚੌਕਾਂ ’ਤੇ ਇਕੱਠੇ ਹੋ ਗਏ। ਦੁਪਹਿਰ 12.58 ਵਜੇ ਮਹਿਸੂਸ ਕੀਤੇ ਗਏ 3.6 ਤੀਬਰਤਾ ਵਾਲੇ ਭੁਚਾਲ ਦਾ ਕੇਂਦਰ ਬੀਕਾਨੇਰ ਤੋਂ 72 ਕਿੱਲੋਮੀਟਰ ਦੂਰ ਜਸਰਾਸਰ ਦੇ ਮਹਰਾਮਸਰ ਵਿੱਚ ਜ਼ਮੀਨ ਤੋਂ 10 ਕਿੱਲੋਮੀਟਰ ਹੇਠਾਂ ਸੀ।
ਡਿਊਟੀ ’ਤੇ ਪਰਤਦਾ ਫੌਜੀ ਲਾਪਤਾ
ਸ੍ਰੀਨਗਰ : ਛੁੱਟੀਆਂ ਕੱਟ ਕੇ ਡਿਊਟੀ ’ਤੇ ਪਰਤ ਰਿਹਾ ਇਕ ਫੌਜੀ ਲਾਪਤਾ ਹੋ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰਾਈਫਲਮੈਨ ਆਬਿਦ ਭੱਟ ਸਨਿੱਚਰਵਾਰ ਨੂੰ ਰੰਗਰੇਥ ਵਿਖੇ ਡਿਊਟੀ ’ਤੇ ਜਾਣ ਲਈ ਅਨੰਤਨਾਗ ਜ਼ਿਲੇ੍ਹ ਦੇ ਚਿਤਰਗੁਲ ਸਥਿਤ ਆਪਣੇ ਘਰ ਤੋਂ ਨਿਕਲਿਆ ਸੀ। ਉਨ੍ਹਾਂ ਦੱਸਿਆ ਕਿ ਭੱਟ ਨੇ ਐਤਵਾਰ ਸਵੇਰ ਤੱਕ ਕੈਂਪ ਵਿਚ ਰਿਪੋਰਟ ਨਹੀਂ ਕੀਤੀ, ਜਿਸ ਮਗਰੋਂ ਪੁਲਸ ਕੋਲ ਉਸ ਦੀ ਗੁੰਮਸ਼ੁਦਗੀ ਸੰਬੰਧੀ ਸ਼ਿਕਾਇਤ ਦਰਜ ਕਰਾਈ ਗਈ ਹੈ।
ਬੱਸ ਖੱਡ ’ਚ ਡਿੱਗੀ, 5 ਮੌਤਾਂ
ਡਾਂਗ : ਗੁਜਰਾਤ ਦੇ ਡਾਂਗ ਜ਼ਿਲ੍ਹੇ ਵਿੱਚ ਐਤਵਾਰ ਵੱਡੇ ਤੜਕੇ ਸਵਾ ਚਾਰ ਵਜੇ ਦੇ ਕਰੀਬ ਸਪੁਤਾਰਾ ਹਿੱਲ ਸਟੇਸ਼ਨ ਨੇੜੇ ਬੱਸ ਬੇਕਾਬੂ ਹੋ ਕੇ ਰੋਕਾਂ ਤੋੜਦੀ ਹੋਈ 35 ਫੁੱਟ ਡੂੰਘੀ ਖੱਡ ਵਿਚ ਡਿੱਗਣ ਕਾਰਨ ਡਰਾਈਵਰ ਤੇ ਦੋ ਮਹਿਲਾਵਾਂ ਸਣੇ 5 ਵਿਅਕਤੀਆਂ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ 35 ਜ਼ਖਮੀ ਹੋ ਗਏ। ਜ਼ਖ਼ਮੀਆਂ ਵਿੱਚੋਂ 17 ਜਣਿਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ। ਬੱਸ ਵਿੱਚ ਸਵਾਰ 48 ਮੁਸਾਫ਼ਰ ਮੱਧ ਪ੍ਰਦੇਸ਼ ਦੇ ਗੁਨਾ, ਸ਼ਿਵਪੁਰੀ ਤੇ ਅਸ਼ੋਕ ਨਗਰ ਜ਼ਿਲ੍ਹਿਆਂ ਨਾਲ ਸੰਬੰਧਤ ਹਨ।