ਦਿੱਲੀ ’ਚ ਸੁਰੀਲਾ ਹੋਇਆ ਚੋਣ ਮਾਹੌਲ

0
44

ਦਿੱਲੀ (ਗੁਰਜੀਤ ਬਿੱਲਾ)
ਚਾਂਦਨੀ ਚੌਕ ਵਿਧਾਨ ਸਭਾ ਹਲਕਾ ਦੇ ਮਜਨੂੰ ਕਾ ਟਿੱਲਾ ਇਲਾਕੇ ’ਚ ਆਮ ਆਦਮੀ ਪਾਰਟੀ ਦੀ ਵਿਸ਼ਾਲ ਜਨ ਸਭਾ ਦਾ ਆਯੋਜਨ ਕੀਤਾ ਗਿਆ, ਜਿੱਥੇ ਸਟੇਜ ’ਤੇ ਕੁਝ ਵੱਖਰਾ ਹੀ ਦੇਖਣ ਨੂੰ ਮਿਲਿਆ। ਮਸ਼ਹੂਰ ਗਾਇਕ ਮੀਕਾ ਸਿੰਘ ਅਤੇ ਸੰਸਦ ਮੈਂਬਰ ਰਾਘਵ ਚੱਢਾ ਨੇ ‘ਟੇਲ ਮੀ ਸਮਥਿੰਗ ਸਮਥਿੰਗ’ ਗਾਇਆ ਤਾਂ ਸਾਰਾ ਮਾਹੌਲ ਸੰਗੀਤਮਈ ਹੋ ਗਿਆ। ਮੀਟਿੰਗ ਵਿੱਚ ਮੌਜੂਦ ਲੋਕਾਂ ਨੇ ਮੀਕਾ ਸਿੰਘ ਦੇ ਸੁਪਰਹਿੱਟ ਗੀਤਾਂ ’ਤੇ ਜ਼ੋਰਦਾਰ ਤਾੜੀਆਂ ਮਾਰੀਆਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਸੰਗੀਤਕ ਮਾਹੌਲ ਵਿੱਚ ਪਿੱਛੇ ਨਹੀਂ ਰਹੇ ਅਤੇ ਉਨ੍ਹਾ ਮੀਕਾ ਸਿੰਘ ਨਾਲ ਇੱਕ ਗੀਤ ਵੀ ਗਾਇਆ।
ਸਾਂਸਦ ਰਾਘਵ ਚੱਢਾ ਨੇ ਲੋਕਾਂ ਨੂੰ ਸਮਝਾਇਆ ਕਿ ਜੇਕਰ ਉਹ ਝਾੜੂ ਨੂੰ ਵੋਟ ਦਿੰਦੇ ਹਨ ਤਾਂ ਉਹ ਹਰ ਮਹੀਨੇ 25,000 ਰੁਪਏ ਦੀ ਬਚਤ ਕਰਨਗੇ। ਉਨ੍ਹਾ ਸਟੇਜ ਤੋਂ ਦਿੱਲੀ ਸਰਕਾਰ ਦੀਆਂ ਸਕੀਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸਾਰੀਆਂ ਸਹੂਲਤਾਂ ਸਿੱਧੇ ਤੌਰ ’ਤੇ ਆਮ ਲੋਕਾਂ ਦੀਆਂ ਜੇਬਾਂ ਵਿੱਚ ਪੈਸੇ ਦੀ ਬੱਚਤ ਕਰ ਰਹੀਆਂ ਹਨ।
ਚੱਢਾ ਨੇ ਚਾਂਦਨੀ ਚੌਕ ਵਿਧਾਨ ਸਭਾ ਤੋਂ ਉਮੀਦਵਾਰ ਪੁਨਰਦੀਪ ਸਿੰਘ ਸਾਹਨੀ (ਸਾਬੀ) ਦੇ ਸਮਰਥਨ ਵਿੱਚ ਮਜਨੂੰ ਕਾ ਟਿੱਲਾ ਖੇਤਰ ਵਿੱਚ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕੀਤਾ। ਇਸ ਮੀਟਿੰਗ ਵਿੱਚ ਸੰਸਦ ਮੈਂਬਰ ਰਾਘਵ ਚੱਢਾ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੀ ਮੌਜੂਦ ਸਨ। ਚੱਢਾ ਨੇ ਲੋਕਾਂ ਨੂੰ ਕਿਹਾ ਕਿ ਸਾਬੀ ਤੁਹਾਡੇ ਪੁੱਤ ਅਤੇ ਭਰਾ ਵਾਂਗ ਤੁਹਾਡੀ ਸੇਵਾ ਕਰੇਗਾ ਅਤੇ ਦਿੱਲੀ ਦੇ ਹਰ ਮੁਹੱਲੇ, ਹਰ ਗਲੀ ਅਤੇ ਹਰ ਵਾਰਡ ਵਿੱਚ ਵਿਕਾਸ ਦੀ ਗਰੰਟੀ ਦੇਵੇਗਾ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਟੇਜ ਤੋਂ ਦਿੱਲੀ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚ 50 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਹਨ ਅਤੇ 90 ਫੀਸਦੀ ਘਰਾਂ ਦੇ ਬਿਜਲੀ ਬਿੱਲ ਪੂਰੀ ਤਰ੍ਹਾਂ ਮੁਆਫ਼ ਕਰ ਦਿੱਤੇ ਹਨ। ਉਨ੍ਹਾ ਦਿੱਲੀ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ‘ਆਪ’ ਉਮੀਦਵਾਰ ਸਾਬੀ ਨੂੰ ਜਿਤਾਉਣ। ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ’ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾ ਕਿਹਾ ਕਿ ਭਾਜਪਾ ਦਾ ਕੋਈ ਏਜੰਡਾ ਨਹੀਂ, ਕਾਂਗਰਸ ਦਾ ਕੋਈ ਝੰਡਾ ਨਹੀਂ ਅਤੇ ਕੇਜਰੀਵਾਲ ਵਰਗਾ ਕੋਈ ਬੰਦਾ ਨਹੀਂ। ਗਾਇਕ ਮੀਕਾ ਸਿੰਘ ਦੀ ਐਂਟਰੀ ਨੇ ਮਾਹੌਲ ਨੂੰ ਰੌਚਕ ਬਣਾ ਦਿੱਤਾ। ਜਦੋਂ ਮੀਕਾ ਸਿੰਘ ਨੇ ਸਟੇਜ ’ਤੇ ਗੀਤ ਗਾ ਕੇ ਲੋਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।