ਟੈਰਿਫ ਜੰਗ ਦੇ ਵਿਰੋਧ ਵਜੋਂ ਕੈਨੇਡਾ ਦੇ ਸਾਰੇ ਸੂਬਿਆਂ ਦੀਆਂ ਸ਼ਰਾਬ ਠੇਕੇਦਾਰ ਕੰਪਨੀਆਂ ਨੇ ਆਪਣੇ ਠੇਕਿਆਂ ’ਚੋਂ ਅਮਰੀਕਨ ਬਰਾਂਡ ਗਾਇਬ ਕਰ ਦਿੱਤੇ ਹਨ ਤੇ ਟੈਰਿਫ ਵਾਪਸੀ ਤੱਕ ਅਮਰੀਕਾ ਤੋਂ ਕਿਸੇ ਵੀ ਤਰ੍ਹਾਂ ਦੀ ਸ਼ਰਾਬ ਮੰਗਵਾਉਣੀ ਬੰਦ ਕਰ ਦਿੱਤੀ ਹੈ। ਅਮਰੀਕਨ ਡਿਸਟਿਲਰੀ ਸਪਿਰਟ ਕੌਂਸਲ ਦੇ ਪ੍ਰਧਾਨ ਤੇ ਮੁੱਖ ਕਾਰਜਕਾਰੀ ਅਫਸਰ ਕਿ੍ਰਸ ਸਵਿੰਗਰ ਨੇ ਕੈਨੇਡਾ ਦੇ ਇਸ ਪ੍ਰਤੀਕਰਮ ਨੂੰ ਅਮਰੀਕਨ ਸ਼ਰਾਬ ਉਦਯੋਗ ਲਈ ਘਾਤਕ ਮੰਨਿਆ ਹੈ। ਉਨ੍ਹਾ ਕਿਹਾ ਕਿ ਬੇਸ਼ੱਕ ਇਸ ਨਾਲ ਸਮੁੱਚੇ ਮੰਡੀਕਰਨ ’ਤੇ ਵੱਡਾ ਅਸਰ ਨਾ ਪਵੇ, ਪਰ ਉਦਯੋਗ ਲਈ ਨਾ ਸਹਿਣਯੋਗ ਘਾਟੇ ਨੂੰ ਨਕਾਰਿਆ ਨਹੀਂ ਜਾ ਸਕਦਾ। ਉਨ੍ਹਾ ਉਮੀਦ ਜ਼ਾਹਰ ਕੀਤੀ ਕਿ ਉਦਯੋਗ ਦੇ ਦੁਵੱਲੇ ਸਰਕਾਰੀ ਹਿੱਸੇਦਾਰਾਂ ਨੂੰ ਸਾਂਝਾ ਹੱਲ ਤਲਾਸ਼ਣਾ ਹੀ ਉਦਯੋਗਕ ਵਿਕਾਸ ਲਈ ਜ਼ਰੂਰੀ ਹੈ।