ਸ੍ਰੀਨਗਰ : ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਦਹਿਸ਼ਤੀ ਹਮਲੇ ’ਚ ਸਾਬਕਾ ਫੌਜੀ ਦੀ ਮੌਤ ਹੋ ਗਈ, ਜਦੋਂਕਿ ਉਸ ਦੀ ਪਤਨੀ ਤੇ ਧੀ ਜ਼ਖ਼ਮੀ ਹੋਈਆਂ ਹਨ। ਅਣਪਛਾਤੇ ਦਹਿਸ਼ਤਗਰਦਾਂ ਨੇ ਸਾਬਕਾ ਫੌਜੀ ਮਨਜ਼ੂਰ ਅਹਿਮਦ ਵਾਗੇ ਅਤੇ ਉਸ ਦੀ ਪਤਨੀ ਤੇ ਧੀ ਨੂੰ ਜ਼ਿਲ੍ਹੇ ਦੇ ਬੇਹੀਬਾਗ਼ ਇਲਾਕੇ ਵਿੱਚ ਘਰ ਨੇੜੇ ਗੋਲੀਆਂ ਮਾਰੀਆਂ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਇਲਾਜ ਦੌਰਾਨ ਸਾਬਕਾ ਫੌਜੀ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਸਾਬਕਾ ਫੌਜੀ ਦੇ ਪੇਟ ਵਿਚ ਜਦੋਂਕਿ ਉਸ ਦੀ ਪਤਨੀ ਤੇ ਧੀ ਦੀ ਲੱਤ ਵਿਚ ਗੋਲੀ ਲੱਗੀ ਸੀ। ਹਮਲੇ ਤੋਂ ਫੌਰੀ ਮਗਰੋਂ ਪੁਲਸ ਤੇ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਨੇ ਹਮਲਾਵਰਾਂ ਦੀ ਪੈੜ ਨੱਪਣ ਲਈ ਤਲਾਸ਼ੀ ਮੁਹਿੰਮ ਆਰੰਭ ਦਿੱਤੀ ਹੈ।