ਸ਼ਾਹਕੋਟ (ਗਿਆਨ ਸੈਦਪੁਰੀ)
ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਦੀ ਇਕਾਈ ਸ਼ਾਹਕੋਟ ਵੱਲੋਂ ਤਰਕਸ਼ੀਲ ਮੇਲਾ ਕਰਵਾਇਆ ਗਿਆ। ਇਸ ਮੇਲੇ ਵਿੱਚ ਉੱਘੇ ਸਾਹਿਤਕਾਰ ਡਾ. ਅਸਗਰ ਵਜਾਹਤ ਦਾ ਲਿਖਿਆ ਅਤੇ ਉੱਘੇ ਨਾਟਕਕਾਰ ਕੇਵਲ ਧਾਲੀਵਾਲ ਵੱਲੋਂ ਨਿਰਦੇਸ਼ਤ ਨਾਟਕ ‘ਜਿਸ ਲਾਹੌਰ ਨਹੀਂ ਦੇਖਿਆ’ ਸਰੋਤਿਆਂ ’ਤੇ ਚਿਰ ਸਥਾਈ ਪ੍ਰਭਾਵ ਛੱਡ ਗਿਆ। 1947 ਦੀ ਦੇਸ਼ ਵੰਡ ਉਪਰੰਤ ਵਾਪਰੇ ਮਹਾਂ ਦੁਖਾਂਤ ਦੀ ਕਹਾਣੀ ਪੇਸ਼ ਕਰਦਾ ਇਹ ਨਾਟਕ ਜਿੱਥੇ ਮਨੁੱਖੀ ਰਿਸ਼ਤਿਆਂ ਦੀ ਪਾਕੀਜ਼ਗੀ ਦੀ ਬਾਤ ਪਾਉਂਦਾ ਹੈ, ਉੱਥੇ ਆਪਣੀਆਂ ਜੜ੍ਹਾਂ ਤੋਂ ਜਬਰੀ ਉਖਾੜ ਦਿੱਤੇ ਗਏ ਬੰਦੇ ਨੂੰ ਆਪਣੀ ਮਿੱਟੀ ਤੋਂ ਦੂਰ ਹੋ ਕੇ ਜੜ੍ਹਾਂ ਜਮਾਉਣ ਵਿੱਚ ਆਉਂਦੀਆਂ ਮੁਸ਼ਕਲਾਂ ਦਾ ਭਾਵਨਾਤਮਿਕ ਵਰਣਨ ਵੀ ਕਰਦਾ ਹੈ। ਵੰਡ ਉਪਰੰਤ ਹਿੰਦੂ-ਸਿੱਖਾਂ ਅਤੇ ਮੁਸਲਮਾਨਾਂ ਦੇ ਵਤਨੀ ਤਬਾਦਲੇ ਵੇਲੇ ਲਖਨਊ ਦੇ ਰਹਿਣ ਵਾਲੇ ਸਿਕੰਦਰ ਮਿਰਜ਼ਾ ਦੇ ਪਰਵਾਰ ਨੂੰ ਲਾਹੌਰ ਵਿੱਚ ਰਤਨ ਜੌਹਰੀ ਦੀ ਮਹਿਲਨੁਮਾ ਸ਼ਾਨਦਾਰ ਕੋਠੀ ਅਲਾਟ ਹੋ ਜਾਂਦੀ ਹੈ। ਰਤਨ ਜੌਹਰੀ ਦੀ ਮਾਂ ਆਪਣੇ ਪਰਵਾਰ ਨੂੰ ਗੁਆ ਕੇ 22 ਕਮਰਿਆਂ ਵਾਲੇ ਮਹਿਲ ਵਿੱਚ ਇੱਕ ਕਮਰੇ ਵਿੱਚ ਰਹਿ ਰਹੀ ਹੈ, ਇਸ ਬਾਰੇ ਪਤਾ ਲੱਗਣ ’ਤੇ ਮਿਰਜ਼ਾ ਦਾ ਪਰਵਾਰ ਪ੍ਰੇਸ਼ਾਨ ਹੋ ਜਾਂਦਾ ਹੈ। ਉਸ ਬਜ਼ੁਰਗ ਔਰਤ ਦੇ ਦੁਆਲੇ ਹੀ ਨਾਟਕ ਦੀ ਕਹਾਣੀ ਘੁੰਮਦੀ ਹੈ। ਖੈਰ ਜਦੋਂ ਬਜ਼ੁਰਗ ਔਰਤ ਸਮਝਦੀ ਹੈ ਕਿ ਇਸ ਮਹਿਲ ਵਿੱਚ ਉਸ ਦੇ ਟਿਕੇ ਰਹਿਣ ਲਈ ਹਾਲਾਤ ਸਾਜ਼ਗਾਰ ਨਹੀਂ ਹਨ ਤਾਂ ਉਹ ਦਿੱਲੀ ਜਾਣ ਦਾ ਮਨ ਬਣਾ ਲੈਂਦੀ ਹੈ। ਉਸ ਵੇਲੇ ਇੱਕ ਸ਼ਾਇਰ ਨਾਸਿਰ ਕਾਜ਼ਮੀ (ਜੋ ਅੰਬਾਲੇ ਤੋਂ ਉੱਜੜ ਕੇ ਲਾਹੌਰ ਗਿਆ ਹੈ) ਕਹਿੰਦਾ ਹੈ, ‘ਤੁਹਾਨੂੰ ਲਾਹੌਰ ਹੋਰ ਕਿਧਰੇ ਨਹੀਂ ਮਿਲਣਾ, ਜਿਵੇਂ ਮੈਨੂੰ ਅੰਬਾਲਾ ਨਹੀਂ ਮਿਲਿਆ।’ ਇਸ ਕਥਨ ਅੰਦਰਲਾ ਦਰਦ ਸਭ ਨੂੰ ਸਮਝ ਆਉਂਦਾ ਹੈ। ਕਾਜ਼ਮੀ ਅੱਗੇ ਕਹਿੰਦਾ ਹੈ, ‘ਮਾਈ ਤੁਸੀਂ ਲਾਹੌਰ ਛੱਡ ਕੇ ਚਲੇ ਗਏ ਤਾਂ ਅਸੀਂ ਨੰਗੇ ਹੋ ਜਾਵਾਂਗੇ, ਨੰਗਾ ਨੰਗਾ ਹੁੰਦਾ ਹੈ, ਮੁਸਲਮਾਨ ਜਾਂ ਹਿੰਦੂ ਨਹੀਂ ਹੁੰਦਾ। ਪੂਰਾ ਨਾਟਕ ਦੂਸਰੇ ਮਜ਼ਹਬ ਦੇ ਜਜ਼ਬਾਤਾਂ ਦੀ ਕਦਰ ਕਰਨ ਦੀ ਪ੍ਰੇਰਨਾ ਦਿੰਦਾ ਹੈ। ਮਾਰੂਥਲ ਵਿੱਚ ਕਿਣਮਿਣ ਹੋਣ ਦਾ ਅਹਿਸਾਸ ਕਰਵਾਉਂਦੇ ਨਾਟਕ ਦੇ ਕਲਾਕਾਰਾਂ ਨੇ ਖੁੱਭ ਕੇ ਅਦਾਕਾਰੀ ਕੀਤੀ ਹੈ। ਸਿਕੰਦਰ ਮਿਰਜ਼ਾ ਦੇ ਰੂਪ ਵਿੱਚ ਕੇਵਲ ਧਾਲੀਵਾਲ, ਕਮਾਲ ਦੇ ਰੂਪ ਵਿੱਚ ਜਚੇ। ਹਮੀਦਾ ਬੇਗ਼ਮ ਵਜੋਂ ਵੀਰਪਾਲ ਕੌਰ, ਬਜ਼ੁਰਗ ਔਰਤ ਦੇ ਤੌਰ ’ਤੇ ਡੌਲੀ, ਨਾਸਿਰ ਕਾਜ਼ਮੀ ਦੇ ਰੋਲ ਵਿੱਚ ਸੱਜਨ ਕੋਹਿਨੂਰ ਅਤੇ ਬਾਕੀ ਦੇ ਸਾਰੇ ਕਲਾਕਾਰਾਂ ਨੇ ਆਪੋ ਆਪਣੇ ਕਿਰਦਾਰ ਨਾਲ ਪੂਰਾ ਇਨਸਾਫ਼ ਕੀਤਾ।
ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਦੇ ਜਥੇਬੰਦਕ ਮੁਖੀ ਮਾਸਟਰ ਰਜਿੰਦਰ ਭਦੌੜ ਨੇ ਆਪਣੀ ਤਕਰੀਰ ਵਿੱਚ ਦੰਭੀ ਸਿਆਸਤਦਾਨਾਂ ਅਤੇ ਕੁਰਾਹੇ ਪਾਉਣ ਵਾਲੇ ਅਖੌਤੀ ਬਾਬਿਆਂ ਦੇ ਕਾਰਨਾਮਿਆਂ ਦਾ ਸੱਚ ਉਦਾਹਰਨਾਂ ਸਹਿਤ ਸਾਹਮਣੇ ਲਿਆਂਦਾ ਹੈ। ਮਾਸਟਰ ਭਦੌੜ ਨੇ ਸਮੇਂ ਦੇ ਹਾਣੀ ਬਣਨ ਲਈ ਤਰਕ ਦੇ ਧਾਰਨੀ ਬਣਨ ਦਾ ਜ਼ੋਰਦਾਰ ਸੁਨੇਹਾ ਦਿੱਤਾ।
ਸ਼ਾਇਰ ਤੇ ਨਾਟਕਕਾਰ ਜਗੀਰ ਜੋਸਨ ਦੀ ਅਗਵਾਈ ਵਿੱਚ ਚੱਲ ਰਹੇ ਫੁਲਵਾੜੀ ਸਕੂਲ ਲੋਹੀਆਂ ਖਾਸ ਦੀਆਂ ਵਿਦਿਆਰਥਣਾਂ ਵੱਲੋਂ ਪੇਸ਼ ਕੀਤਾ ਗਿਆ ਗਿੱਧਾ ਆਪਣੇ-ਆਪ ਵਿੱਚ ਸਾਰਥਿਕ ਸੰਦੇਸ਼ ਹੋ ਨਿੱਬੜਿਆ। ਪੰਜਾਬੀ ਵਿਰਸੇ ਦੀ ਝਲਕ ਪਵਾਉਂਦਿਆਂ ਇਹ ਗਿੱਧਾ ਲੁਟੇਰੇ ਨਿਜ਼ਾਮ ਦੇ ਜਮੂਰਿਆਂ ਦੀ ਖੰੁਬ ਠੱਪਣ ਲਈ ਵੀ ਪ੍ਰੇਰਨਾ ਦਿੰਦਾ ਨਜ਼ਰ ਆਇਆ। ‘ਮਾਏ ਮੇਰੇ ਘੋਟਣੇ ਨੂੰ ਘੰੁਗਰੂ ਲਵਾ ਦੇ ਮੈਂ ਕੱਲਾ ਕੱਲਾ ਲੋਟੂ ਕੁੱਟਣਾ’ ਬੋਲੀ ਇਸੇ ਨਜ਼ਰੀਏ ਦਾ ਪ੍ਰਗਟਾਵਾ ਕਰਦੀ ਹੈ।
ਤਰਕਸ਼ੀਲ ਮੇਲਾ ਸ਼ੁਰੂ ਹੋਣ ਤੋਂ ਪਹਿਲਾਂ ਸੰਤ ਰਾਮ ਉਦਾਸੀ ਦੇ ਰਿਕਾਰਡ ਗੀਤ ਫਿਜ਼ਾ ਵਿੱਚ ਕਿਰਤੀਆਂ ਦੀ ਬਾਤ ਪਾਉਂਦੇ ਸੁਣਾਈ ਦਿੰਦੇ ਰਹੇ। ਜਗਸੀਰ ਜੀਦਾ ਦੀਆਂ ਬੋਲੀਆਂ ਦੰਭੀ ਆਗੂਆਂ ਦੇ ਪੜਛੇ ਉਧੇੜਦੀਆਂ ਰਹੀਆਂ। ਮੇਲੇ ਦੀ ਸ਼ੁਰੂਆਤ ਨਵਰੋਜ਼, ਮਨਜੋਤ, ਨਛੱਤਰ ਅਤੇ ਬਿਅੰਤ ਔਜਲਾ ਵੱਲੋਂ ਪੇਸ਼ ਕੀਤੀਆਂ ਇਨਕਲਾਬੀ ਕਵਿਤਾਵਾਂ ਤੇ ਗੀਤਾਂ ਨਾਲ ਹੋਈ। ਜਿੰਦਰ ਬਾਗਪੁਰ ਨੇ ਸਟੇਜ ਦੀ ਕਾਰਵਾਈ ਚਲਾਉਣ ਦੇ ਨਾਲ-ਨਾਲ ਹੀ ਤਰਕਸ਼ੀਲ ਸੁਸਾਇਟੀ ਵੱਲੋਂ ਲੋਕਾਂ ਦੀ ਸੋਚ ਨੂੰ ਵਿਗਿਆਨਕ ਬਣਾਉਣ ਦੇ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਦੀ ਇਕਾਈ ਸ਼ਾਹਕੋਟ ਦੇ ਜਥੇਬੰਦਕ ਮੁਖੀ ਪਿ੍ਰੰਸੀਪਲ ਮਨਜੀਤ ਸਿੰਘ ਨੇ ਸਭ ਦਾ ਧੰਨਵਾਦ ਕਰਦਿਆਂ ਮੇਲੇ ਵਿੱਚ ਦਿਖਾਏ ਗਏ ਨਾਟਕ ਬਾਰੇ ਗੱਲ ਕਰਦਿਆਂ ਕਿਹਾ ਕਿ ਆਮ ਤੌਰ ’ਤੇ ਦੇਸ਼ ਦੀ ਵੰਡ ਨਾਲ ਸੰਬੰਧਤ ਨਾਟਕਾਂ ਵਿੱਚ ਓਧਰਲੇ ਪੰਜਾਬ ਤੋਂ ਉੱਜੜ ਕੇ ਇੱਧਰ ਆਏ ਲੋਕਾਂ ਦੀ ਦਰਦ ਦੀ ਗੱਲ ਹੋਈ ਹੈ। ‘ਜਿਸ ਲਾਹੌਰ ਨਹੀਂ ਦੇਖਿਆ’ ਵਿੱਚ ਇੱਧਰੋਂ ਉੱਧਰ ਗਏ ਦੁਖੀ ਲੋਕਾਂ ਦੀ ਪੀੜ ਦੀ ਬਾਤ ਪਾਈ ਹੈ। ਬਾਕੌਲ ਸੁਖਵਿੰਦਰ ਬਾਗਪੁਰ ‘ਨਾਟਕ ਵੇਖਦਿਆਂ ਕਈ ਵਾਰ ਇੰਜ ਮਹਿਸੂਸ ਹੋਇਆ ਕਿ ਅਸੀਂ ਨਾਟਕ ਨਹੀਂ, ਸਗੋਂ ਅਸਲੀਅਤ ਵਿੱਚ ਵਾਪਰ ਰਹੀਆਂ ਘਟਨਾਵਾਂ ਵੇਖ ਰਹੇ ਹਾਂ…’ ਤੋਂ ਜਿਸ ਲਾਹੌਰ ਨਹੀਂ ਦੇਖਿਆ, ਦੀ ਸਫ਼ਲਤਾ ਦਾ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਤਰਕਸ਼ੀਲ ਮੇਲੇ ਦੀ ਸਫ਼ਲਤਾ ਲਈ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ, ਪਾਲ ਬਾਗਪੁਰ, ਬਿੱਟੂ ਰੂਪੇਵਾਲੀ, ਡਾ. ਜਗਜੀਤ ਸਿੰਘ (ਐੱਸ ਐੱਮ ਓ), ਸਤਨਾਮ ਸਿੰਘ ਨੀਟਾ, ਡਾ. ਰੇਸ਼ਮ ਰੂਪੇਵਾਲੀ, ਦਲਬਾਰਾ ਸਿੰਘ ਰੂਪੇਵਾਲੀ, ਦੇਸ ਰਾਜ ਜਾਫਰਵਾਲ ਆਦਿ ਨੇ ਅਹਿਮ ਭੂਮਿਕਾ ਨਿਭਾਈ। ਮੇਲੇ ਵਿੱਚ ਇਨਕਲਾਬੀ ਕਵੀ ਪਾਸ਼ ਦੀਆਂ ਵਿਦੇਸ਼ ਰਹਿੰਦੀਆਂ ਭੈਣਾਂ ਪਰਮਿੰਦਰ ਗਿੱਲ ਤੇ ਰਜਿੰਦਰ ਕੌਰ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਇਸੇ ਤਰ੍ਹਾਂ ਕਵੀ ਫਤਿਹਜੀਤ ਦੀ ਜੀਵਨ ਸਾਥਣ ਰਣਧੀਰ ਕੌਰ ਤੇ ਧੀ ਬਲਜੀਤ ਕੌਰ ਵੀ ਮੇਲੇ ਦਾ ਹਿੱਸਾ ਬਣੀਆਂ।