ਭਾਰਤ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਆਪਹੁਦਰੀਆਂ ਨੂੰ ਅਮਰੀਕਾ ਦੀ ਨੀਤੀ ਦੱਸ ਕੇ ਸਾਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਅਮਰੀਕਾ ਨੇੜਲੇ ਨਿੱਕੇ ਦੇਸ਼ ਇਨ੍ਹਾਂ ਨੂੰ ਮੰਨਣ ਲਈ ਤਿਆਰ ਨਹੀਂ। ਪਨਾਮਾ ਦੇ ਰਾਸ਼ਟਰਪਤੀ ਜੋਸ ਰਾਉਲ ਮੁਲੀਨੋ ਨੇ ਵੀਰਵਾਰ ਇੱਥੋਂ ਤੱਕ ਕਹਿ ਦਿੱਤਾ ਕਿ ਪਨਾਮਾ ਨਹਿਰ ਬਾਰੇ ਅਮਰੀਕਾ ਦਾ ਝੂਠ ਹੁਣ ਬਰਦਾਸ਼ਤ ਤੋਂ ਬਾਹਰ ਹੋ ਰਿਹਾ ਹੈ ਤੇ ਉਹ ਝੂਠ ਬੋਲਣਾ ਬੰਦ ਕਰੇ। ਅਮਰੀਕੀ ਵਿਦੇਸ਼ ਵਿਭਾਗ ਨੇ ਦਾਅਵਾ ਕੀਤਾ ਸੀ ਕਿ ਪਨਾਮਾ ਅਮਰੀਕੀ ਜਹਾਜ਼ਾਂ ਤੋਂ ਨਹਿਰੀ ਟੋਲ ਵਸੂਲਣਾ ਬੰਦ ਕਰਨ ’ਤੇ ਰਾਜ਼ੀ ਹੋ ਗਿਆ ਹੈ। ਇਸ ਨਾਲ ਅਮਰੀਕਾ ਨੂੰ ਬਹੁਤ ਫਾਇਦਾ ਹੋਵੇਗਾ। ਇਸ ਦੇ ਜਵਾਬ ਵਿੱਚ ਪਨਾਮਾ ਨਹਿਰ ਅਥਾਰਟੀ ਨੇ ਕਿਹਾ ਹੈ ਕਿ ਅਮਰੀਕਾ ਝੂਠ ਬੋਲ ਰਿਹਾ ਹੈ, ਉਸ ਨੇ ਆਪਣੀ ਫੀਸ ਵਿੱਚ ਕੋਈ ਬਦਲਾਅ ਨਹੀਂ ਕੀਤਾ। ਪਨਾਮਾ ਸਰਕਾਰ ਦਾ ਕਹਿਣਾ ਹੈ ਕਿ ਅਮਰੀਕਾ ਵੱਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਕਾਰਨ ਨਹਿਰ ਦੇ ਵਿਸ਼ਵ ਮਹੱਤਵ ਤੇ ਪਨਾਮਾ ਦੀ ਭੂਮਿਕਾ ਬਾਰੇ ਗਲਤ ਸੰਕੇਤ ਜਾ ਰਿਹਾ ਹੈ, ਜੋ ਬੰਦ ਹੋਣਾ ਚਾਹੀਦਾ ਹੈ। ਇੱਕ ਇਤਿਹਾਸਕ ਘਟਨਾਕ੍ਰਮ ਵਿੱਚ 1999 ’ਚ ਪਨਾਮਾ ਨਹਿਰ ਦਾ ਪੂਰਾ ਕੰਟਰੋਲ ਪਨਾਮਾ ਸਰਕਾਰ ਨੂੰ ਟਰਾਂਸਫਰ ਕੀਤਾ ਗਿਆ ਸੀ। ਉਸ ਤੋਂ ਪਹਿਲਾਂ ਇਹ ਅਮਰੀਕਾ ਦੇ ਕੰਟਰੋਲ ਵਿੱਚ ਸੀ। ਨਹਿਰ ਪਨਾਮਾ ਲਈ ਨਾ ਸਿਰਫ ਇੱਕ ਆਰਥਕ ਸੰਪਤੀ ਹੈ, ਸਗੋਂ ਕੌਮੀ ਮਾਣ ਦਾ ਪ੍ਰਤੀਕ ਵੀ ਹੈ। ਟਰੰਪ ਨੇ ਹਾਲ ਹੀ ਵਿੱਚ ਦੋਸ਼ ਲਾਇਆ ਸੀ ਕਿ ਪਨਾਮਾ ਨਹਿਰ ਦੇ ਸੰਚਾਲਨ ਨੂੰ ਅਸਲ ਵਿੱਚ ਚੀਨ ਕੰਟਰੋਲ ਕਰ ਰਿਹਾ ਹੈ। ਅਮਰੀਕਾ ਨੇ ਨਹਿਰ ਚੀਨ ਹਵਾਲੇ ਨਹੀਂ ਸੀ ਕੀਤੀ, ਇਸ ਕਰਕੇ ਉਹ ਪਨਾਮਾ ਨਹਿਰ ਨੂੰ ਵਾਪਸ ਲੈਣਗੇ।
ਪਨਾਮਾ ਨਹਿਰ ਅੰਧ ਮਹਾਂਸਾਗਰ ਤੇ ਪ੍ਰਸ਼ਾਂਤ ਮਹਾਂਸਾਗਰ ਨੂੰ ਜੋੜਦੀ ਹੈ ਅਤੇ ਵਿਸ਼ਵ ਕਾਰੋਬਾਰ ਤੇ ਵਣਜ ਦਾ ਇੱਕ ਅਹਿਮ ਲਾਂਘਾ ਹੈ। ਦੁਨੀਆ ਦੇ ਸਭ ਤੋਂ ਵਿਅਸਤ ਰਹਿਣ ਵਾਲੇ ਜਲ ਮਾਰਗਾਂ ਵਿੱਚੋਂ ਇੱਕ ਪਨਾਮਾ ਨਹਿਰ ਰਾਹੀਂ ਸਾਲਾਨਾ ਲੱਖਾਂ ਟਨ ਮਾਲ ਲੰਘਦਾ ਹੈ। ਨਹਿਰ ਅਮਰੀਕੀ ਪੈਸੇ ਨਾਲ ਬਣੀ ਸੀ ਅਤੇ 1914 ਤੋਂ 1999 ਤੱਕ ਅਮਰੀਕਾ ਦੇ ਕੰਟਰੋਲ ਵਿੱਚ ਰਹੀ। ਵੇਲੇ ਦੇ ਰਾਸ਼ਟਰਪਤੀ ਜਿਮੀ ਕਾਰਟਰ ਨੇ ਇੱਕ ਸਮਝੌਤੇ ਤਹਿਤ ਇਸ ਦੀ ਮਾਲਕੀ 31 ਦਸੰਬਰ 1999 ਨੂੰ ਪਨਾਮਾ ਨੂੰ ਸੌਂਪ ਦਿੱਤੀ ਸੀ। ਕੁਝ ਅਮਰੀਕੀ ਵਿਸ਼ਲੇਸ਼ਕਾਂ ਤੇ ਆਗੂਆਂ ਵੱਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਨੂੰ ਸਖਤੀ ਨਾਲ ਝੁਠਲਾਉਦਿਆਂ ਪਨਾਮਾ ਦੇ ਰਾਸ਼ਟਰਪਤੀ ਮੁਲੀਨੋ ਨੇ ਕਿਹਾ ਕਿ ਇਨ੍ਹਾਂ ਦਾ ਉਦੇਸ਼ ਪਨਾਮਾ ਦੇ ਵੱਕਾਰ ਨੂੰ ਢਾਹ ਲਾਉਣਾ ਹੈ। ਪਨਾਮਾ ਸਰਕਾਰ ਨਹਿਰ ਦੇ ਸੰਚਾਲਨ ਤੇ ਰੱਖ-ਰਖਾਅ ਵਿੱਚ ਪੂਰੀ ਪਾਰਦਰਸ਼ਤਾ ਰੱਖ ਰਹੀ ਹੈ। ਨਹਿਰ ਤੋਂ ਹੁੰਦੀ ਕਮਾਈ ਦੇਸ਼ ਦੇ ਵਿਕਾਸ ਕਾਰਜਾਂ ’ਤੇ ਲਾਈ ਜਾ ਰਹੀ ਹੈ। ਨਹਿਰ ਦਾ ਪ੍ਰਬੰਧ ਆਜ਼ਾਦ ਅਦਾਰਾ ‘ਪਨਾਮਾ ਨਹਿਰ ਅਥਾਰਟੀ’ ਕਰਦੀ ਹੈ, ਜੋ ਕੌਮਾਂਤਰੀ ਪੈਮਾਨਿਆਂ ਦੀ ਪਾਲਣਾ ਕਰਦੀ ਹੈ। ਪਨਾਮਾ ਨੇ ਇਸ ਮਾਮਲੇ ਵਿੱਚ ਸੰਯੁਕਤ ਰਾਸ਼ਟਰ ਵਿੱਚ ਬਾਕਾਇਦਾ ਦਰਜ ਕਰਵਾਈ ਸ਼ਿਕਾਇਤ ’ਚ ਸੰਯੁਕਤ ਰਾਸ਼ਟਰ ਚਾਰਟਰ ਦੇ ਉਸ ਆਰਟੀਕਲ ਦਾ ਹਵਾਲਾ ਦਿੱਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਪਨਾਮਾ ਨਹਿਰ ਨੂੰ ਹਥਿਆਉਣ ਲਈ ਕੋਈ ਤਾਕਤ ਦੀ ਵਰਤੋਂ ਨਹੀਂ ਕਰੇਗਾ ਤੇ ਨਾ ਹੀ ਧਮਕੀ ਦੇਵੇਗਾ।
ਪਨਾਮਾ ਨਹਿਰ ਵਿੱਚੋਂ ਦੁਨੀਆ ਭਰ ਦੇ ਦੇਸ਼ ਆਪਣਾ ਮਾਲ ਲੰਘਾਉਦੇ ਹਨ। ਟਰੰਪ ਜਿਵੇਂ ਧਮਕੀਆਂ ਦੇ ਰਹੇ ਹਨ, ਉਸ ਨਾਲ ਨਹਿਰ ਦਾ ਪਾਣੀ ਗੰਧਲਾ ਹੋ ਸਕਦਾ ਹੈ। ਜੇ ਸਾਰੇ ਦੇਸ਼ਾਂ ਨੇ ਟਰੰਪ ਨੂੰ ਨਾ ਰੋਕਿਆ ਤਾਂ ਉਥਲ-ਪੁਥਲ ਮਚ ਸਕਦੀ ਹੈ। ਵਿਸ਼ਵ ਕਾਰੋਬਾਰ ਤੇ ਆਰਥਕ ਸਥਿਰਤਾ ਲਈ ਪਨਾਮਾ ਨਹਿਰ ਨੂੰ ਲੈ ਕੇ ਸ਼ਾਂਤੀ ਜ਼ਰੂਰੀ ਹੈ।



