ਸਾਡੀ ਵਾਰੀ 2030 ’ਚ ਆਏਗੀ : ਕਾਂਗਰਸ

0
127

ਨਵੀਂ ਦਿੱਲੀ : ਕਾਂਗਰਸ ਦੇ ਬੁਲਾਰੇ ਜੈਰਾਮ ਰਮੇਸ਼ ਨੇ ਕਿਹਾ ਕਿ ਕਾਂਗਰਸ ਦਾ ਅਸੈਂਬਲੀ ਵਿੱਚ ਭਾਵੇਂ ਕੋਈ ਮੈਂਬਰ ਨਹੀਂ ਹੋਵੇਗਾ, ਪਰ ਉਹ ਦਿੱਲੀ ਦੇ ਲੋਕਾਂ ਵਿੱਚ ਜ਼ਰੂਰ ਰਹੇਗੀ। ਇਹ ਚੋਣਾਂ ਅਰਵਿੰਦ ਕੇਜਰੀਵਾਲ ਤੇ ਆਪ ਦੀ ਕਾਰਗੁਜ਼ਾਰੀ ’ਤੇ ਰੈਫਰੰਡਮ ਸੀ। ਆਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਾਪੂਲੈਰਿਟੀ ਸਿਖਰ ’ਤੇ ਹੋਣ ਵੇਲੇ ਵੀ 2015 ਤੇ 2020 ਵਿੱਚ ਅਸੈਂਬਲੀ ਚੋਣਾਂ ਜਿੱਤੀਆਂ ਸਨ। ਦਿੱਲੀ ਚੋਣਾਂ ਦੇ ਨਤੀਜੇ ਪ੍ਰਧਾਨ ਮੰਤਰੀ ਦੀਆਂ ਨੀਤੀਆਂ ’ਤੇ ਮੋਹਰ ਨਹੀਂ ਹਨ, ਸਗੋਂ ਇਹ ਅਰਵਿੰਦ ਕੇਜਰੀਵਾਲ ਦੀਆਂ ਛਲ-ਕਪਟ ਤੇ ਪ੍ਰਾਪਤੀਆਂ ਨੂੰ ਵਧਾ-ਚੜ੍ਹਾ ਕੇ ਦੱਸਣ ਦੀਆਂ ਨੀਤੀਆਂ ਨੂੰ ਰੱਦ ਕਰਨ ਵਾਲਾ ਫਤਵਾ ਹੈ। ਕਾਂਗਰਸ ਨੇ ਕੇਜਰੀਵਾਲ ਹਕੂਮਤ ਦੌਰਾਨ ਹੋਏ ਘਪਲਿਆਂ ਨੂੰ ਉਜਾਗਰ ਕਰਨ ਵਿੱਚ ਵੱਡਾ ਰੋਲ ਨਿਭਾਇਆ। ਦਿੱਲੀ ਦੇ ਲੋਕਾਂ ਨੇ ਆਪ ਦੇ 12 ਸਾਲਾਂ ਦੀ ਮਾੜੀ ਕਾਰਕਰਦਗੀ ਖਿਲਾਫ ਫਤਵਾ ਦਿੱਤਾ ਹੈ। ਕਾਂਗਰਸ ਨੂੰ ਬਿਹਤਰ ਪ੍ਰਦਰਸ਼ਨ ਦੀ ਆਸ ਸੀ। ਪਾਰਟੀ ਦਾ ਵੋਟ ਸ਼ੇਅਰ ਵਧਿਆ ਹੈ। ਕਾਂਗਰਸ ਦੀ ਚੋਣ ਮੁਹਿੰਮ ਵਧੀਆ ਸੀ। ਪਾਰਟੀ ਭਾਵੇਂ ਕੋਈ ਸੀਟ ਨਹੀਂ ਜਿੱਤ ਸਕੀ, ਪਰ ਇਸ ਨੇ ਤਕੜੀ ਹਾਜ਼ਰੀ ਦਰਜ ਕਰਾਈ ਹੈ। ਇਸ ਨੂੰ ਲੱਖਾਂ ਕਾਂਗਰਸੀ ਵਰਕਰਾਂ ਦੀਆਂ ਕੋਸ਼ਿਸ਼ਾਂ ਹੋਰ ਬਲ ਬਖਸ਼ਣਗੀਆਂ। ਕਾਂਗਰਸ 2030 ਵਿੱਚ ਸਰਕਾਰ ਬਣਾਏਗੀ।
ਲੋਕ ਬਦਲਾਅ ਚਾਹੁੰਦੇ ਸਨ : ਪਿ੍ਰਅੰਕਾ
ਵਾਇਨਾਡ (ਕੇਰਲਾ) : ਕਾਂਗਰਸ ਦੀ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਕੌਮੀ ਰਾਜਧਾਨੀ ਦੇ ਲੋਕਾਂ ਨੇ ਬਦਲਾਅ ਲਈ ਵੋਟ ਦਿੱਤੀ, ਕਿਉਂਕਿ ਉਹ ਅੱਕ ਚੁੱਕੇ ਸਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾ ਕਿਹਾ ਕਿ ਨਤੀਜਿਆਂ ਤੋਂ ਪਹਿਲਾਂ ਇਹ ਸਪੱਸ਼ਟ ਸੀ ਕਿ ਲੋਕ ਬਦਲਾਅ ਚਾਹੁੰਦੇ ਹਨ। ਉਨ੍ਹਾ ਕਿਹਾਜਿੱਤਣ ਵਾਲੇ ਸਾਰਿਆਂ ਨੂੰ ਮੇਰੀਆਂ ਵਧਾਈਆਂ, ਨਤੀਜਿਆਂ ਦਾ ਮਤਲਬ ਹੈ ਕਿ ਸਾਨੂੰ ਹੋਰ ਮਿਹਨਤ ਕਰਨੀ ਪਵੇਗੀ ਅਤੇ ਲੋਕਾਂ ਦੇ ਮੁੱਦਿਆਂ ਪ੍ਰਤੀ ਜਵਾਬਦੇਹ ਹੋਣਾ ਪਵੇਗਾ।
ਹੁਣ ਭਗਵੰਤ ਮਾਨ ਤਿਆਰੀ ਕਰਨ : ਬਿੱਟੂ
ਚੰਡੀਗੜ੍ਹ : ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦਿੱਲੀ ’ਚ ਭਾਜਪਾ ਦੀ ਜਿੱਤ ਤੋਂ ਬਾਅਦ ਕਿਹਾ ਹੈ ਕਿ ਹੁਣ ਬਿਸਤਰਾ ਬੰਨ੍ਹਣ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਾਰੀ ਹੈ।
ਬਿੱਟੂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਆਤਿਸ਼ੀ ਦੀ ਮੁੱਖ ਮੰਤਰੀ ਰਿਹਾਇਸ਼ ‘ਸ਼ੀਸ਼ ਮਹਿਲ’ ਨੂੰ ਹੁਣ ਲੋਕਾਂ ਨੇ ਖਾਲੀ ਕਰ ਦਿੱਤਾ ਹੈ। ਹੁਣ ਭਗਵੰਤ ਮਾਨ ਨੂੰ ਆਪਣਾ ਸਾਮਾਨ ਬੰਨ੍ਹਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਜਦੋਂ ਪੰਜਾਬ ਵਿੱਚ ਭਾਜਪਾ ਸੱਤਾ ਵਿੱਚ ਆਵੇਗੀ, ਤਾਂ ਕਿਸੇ ਨੂੰ ਵੀ ਵਿਦੇਸ਼ ਜਾਣ ਲਈ ਆਪਣਾ ਘਰ, ਜਾਇਦਾਦ ਜਾਂ ਜ਼ਮੀਨ ਵੇਚਣ ਦੀ ਲੋੜ ਨਹੀਂ ਪਵੇਗੀ, ਇੱਥੇ ਸਾਰਿਆਂ ਨੂੰ ਕੰਮ ਮਿਲੇਗਾ। ਇਹ ਨਰਿੰਦਰ ਮੋਦੀ ਦਾ ਵਿਜ਼ਨ ਹੈ।ਇਸ ਦੌਰਾਨ ਪੰਜਾਬ ਭਾਜਪਾ ਦੇ ਮੁਖੀ ਸੁਨੀਲ ਜਾਖੜ ਨੇ ਵੀ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਹੁਣ ਪੰਜਾਬ ਨੂੰ ਵੀ ‘ਆਪ-ਦਾ’ (ਆਫ਼ਤ) ਮੁਕਤ ਕਰਨਾ ਪਵੇਗਾ।
ਜਾਖੜ ਨੇ ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ’ ਹੋਈ ਇਸ ਜਿੱਤ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਪਾਰਟੀ ਦੇ ਕੌਮੀ ਪ੍ਰਧਾਨ ਜੇ ਪੀ ਨੱਢਾ ਅਤੇ ਭਾਜਪਾ ਵਰਕਰਾਂ ਨੂੰ ਮੁਬਾਰਕਬਾਦ ਦਿੱਤੀ, ਜਿਨ੍ਹਾਂ ਦੀ ਮਿਹਨਤ ਸਦਕਾ 27 ਸਾਲਾਂ ਬਾਅਦ ਦਿੱਲੀ ਵਿੱਚ ਕਮਲ ਖਿੜਿਆ ਹੈ। ਉਨ੍ਹਾ ਕਿਹਾਹੁਣ ਪ੍ਰਧਾਨ ਮੰਤਰੀ ਨੂੰ ਪੰਜਾਬ ਨੂੰ ਵੀ ‘ਆਪ-ਦਾ’ ਮੁਕਤ ਬਣਾਉਣ ਦਾ ਕੰਮ ਸੰਭਾਲਣਾ ਪਵੇਗਾ। ਪੰਜਾਬੀ ਹੁਣ ਮੋਦੀ ਜੀ ਵੱਲ ਦੇਖ ਰਹੇ ਹਨ ਕਿ ਕਦੋਂ ਉਨ੍ਹਾ ਦੀ ਅਗਵਾਈ ਵਿੱਚ ਪੰਜਾਬ ਵਿੱਚ ਫੈਲਿਆ ਸਹਿਮ ਦਾ ਮਾਹੌਲ ਖਤਮ ਹੋਵੇਗਾ ਅਤੇ ਲੋਕ ਅਮਨ ਨਾਲ ਰਹਿ ਸਕਣਗੇ।