ਚੰਡੀਗੜ੍ਹ : ਭਾਜਪਾ ਵਿਰੁੱਧ ਐਤਵਾਰ ਰੋਸ ਮੁਜ਼ਾਹਰਾ ਕਰ ਰਹੇ ਚੰਡੀਗੜ੍ਹ ਯੂਥ ਕਾਂਗਰਸੀਆਂ ’ਤੇ ਪੁਲਸ ਵੱਲੋਂ ਲਾਠੀਚਾਰਜ ਕੀਤਾ ਗਿਆ ਹੈ। ਚੰਡੀਗੜ੍ਹ ਯੂਥ ਕਾਂਗਰਸ ਵੱਲੋਂ ਦੇਸ਼ ਵਿੱਚ ਵਧ ਰਹੀ ਬੇਰੁਜ਼ਗਾਰੀ, ਅਮਰੀਕਾ ਵੱਲੋਂ ਭਾਰਤੀ ਨੌਜਵਾਨਾਂ ਨੂੰ ਬੇਰਹਿਮੀ ਨਾਲ ਡਿਪੋਰਟ ਕਰਨ, ਦੇਸ਼ ਵਿੱਚ ਵਧ ਰਹੀ ਮਹਿੰਗਾਈ ਤੇ ਚੰਡੀਗੜ੍ਹ ਵਿੱਚ ਮੁੜਵਸੇਬਾ ਕਾਲੋਨੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਮਾਲਕਾਨਾ ਹੱਕ ਨਾ ਦੇਣ ਅਤੇ ਲਾਲ ਡੋਰੇ ਤੋਂ ਬਾਹਰ ਵਾਲੇ ਘਰਾਂ ਨੂੰ ਤੋੜਨ ਦੀ ਕੋਸ਼ਿਸ਼ ਨੂੰ ਲੈ ਕੇ ਸੈਕਟਰ 35 ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਮੁਜ਼ਾਹਰੇ ਦੀ ਅਗਵਾਈ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਉਦੇ ਭਾਨੂ ਚਿੱਬ, ਚੰਡੀਗੜ੍ਹ ਯੂਥ ਕਾਂਗਰਸ ਪ੍ਰਧਾਨ ਦੀਪਕ ਲੁਬਾਣਾ ਅਤੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚ ਐੱਸ ਲੱਕੀ ਕਰ ਰਹੇ ਸਨ। ਉਹ ਸੈਕਟਰ 35 ਵਿੱਚ ਚੰਡੀਗੜ੍ਹ ਟੈਰੀਟੋਰੀਅਲ ਕਾਂਗਰਸ ਭਵਨ ਦੇ ਬਾਹਰ ਇਕੱਠੇ ਹੋ ਕੇ ਸੈਕਟਰ 33 ਵਿੱਚ ਭਾਜਪਾ ਦਫਤਰ ਦਾ ਘਿਰਾਓ ਕਰਨ ਲਈ ਅੱਗੇ ਵਧਣ ਲੱਗੇ ਤਾਂ ਪੁਲਸ ਨੇ ਕੁਝ ਦੂਰੀ ’ਤੇ ਹੀ ਪ੍ਰਦਰਸ਼ਨਕਾਰੀਆਂ ਨੂੰ ਰੋਕ ਦਿੱਤਾ। ਨਾ ਰੁਕਣ ’ਤੇ ਪ੍ਰਦਰਸ਼ਨਕਾਰੀਆਂ ’ਤੇ ਪਹਿਲਾਂ ਪਾਣੀ ਦੀਆਂ ਬੁਛਾੜਾਂ ਮਾਰੀਆਂ ਅਤੇ ਫਿਰ ਲਾਠੀਚਾਰਜ ਕੀਤਾ। ਉਸ ਤੋਂ ਬਾਅਦ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ।




