ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਦੇ ਰੈਜ਼ੋਲਯੂਟ ਡੈੱਸਕ ਪਿੱਛੇ ਬੈਠੇ ਖਰਬਾਂਪਤੀ ਐਲਨ ਮਸਕ ਦੀ ਸਰਵਰਕ ’ਤੇ ਫੋਟੋ ਛਾਪ ਕੇ ਪੰਦਰਵਾੜਾ ‘ਟਾਈਮ’ ਰਸਾਲੇ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਗੁੱਸੇ ਕਰ ਦਿੱਤਾ ਹੈ। ਟਰੰਪ ਨੇ ਸਰਕਾਰੀ ਖਰਚੇ ਘਟਾਉਣ ਲਈ ਨਵੇਂ ਬਣਾਏ ਵਿਭਾਗ ‘ਡਿਪਾਰਟਮੈਂਟ ਆਫ ਗਵਰਮੈਂਟ ਐਫੀਸ਼ੀਐਂਸੀ’ (ਡੀ ਓ ਜੀ ਈ) ਦਾ ਮੁਖੀ ਮਸਕ ਨੂੰ ਬਣਾਇਆ ਹੈ। ਜਦੋਂ ਇਕ ਰਿਪੋਰਟਰ ਨੇ ਟਰੰਪ ਨੂੰ ਇਸ ਤਸਵੀਰ ਬਾਰੇ ਪੁੱਛਿਆ ਤਾਂ ਟਰੰਪ ਨੇ ਕਿਹਾ ਕਿ ਟਾਈਮ ਰਸਾਲਾ ਅਜੇ ਵੀ ਨਿਕਲ ਰਿਹਾ? ਉਸ ਨੇ ਦੇਖਿਆ ਨਹੀਂ। ਇਹ ਉਹੀ ਟਰੰਪ ਹਨ, ਜਿਨ੍ਹਾਂ ਦੀ 2024 ਵਿੱਚ ਰਾਸ਼ਟਰਪਤੀ ਚੋਣ ਜਿੱਤਣ ’ਤੇ ਟਾਈਮ ਨੇ ‘ਸਾਲ 2024 ਦੀ ਸ਼ਖਸੀਅਤ’ ਵਜੋਂ ਤਸਵੀਰ ਛਾਪੀ ਸੀ। ਟਾਈਮ ਨੇ 2016 ਦੀ ਰਾਸ਼ਟਰਪਤੀ ਚੋਣ ਵਿੱਚ ਹਿਲੇਰੀ ਕਲਿੰਟਨ ਨੂੰ ਹਰਾਉਣ ਤੋਂ ਬਾਅਦ ਟਰੰਪ ਨੂੰ ਵਰ੍ਹੇ ਦੀ ਸ਼ਖਸੀਅਤ ਦੱਸਿਆ ਸੀ। ਟਾਈਮ ਨੇ ਨਵੀਂ ਤਸਵੀਰ ਵਿੱਚ ਮਸਕ ਨੂੰ ਰਾਸ਼ਟਰਪਤੀ ਦੇ ਝੰਡੇ ਤੇ ਅਮਰੀਕੀ ਝੰਡੇ ਵਿਚਾਲੇ ਕੌਫੀ ਦੇ ਮੱਗ ਨਾਲ ਦਿਖਾਇਆ ਹੈ। ਰਸਾਲੇ ਨੇ ਇਸ ਨਾਲ ਸਿਮੋਨ ਸ਼ੂਸਟਰ ਤੇ ਬ੍ਰੀਅਨ ਬੈਨੇਟ ਦਾ ਲੇਖ ਛਾਪਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਟਰੰਪ ਨੇ ਆਪਣੇ ਹੱਕ ਵਿੱਚ ਪ੍ਰਚਾਰ ਕਰਨ ਵਾਲੇ ਮਸਕ ਨੂੰ ਸਰਕਾਰ ਨੂੰ ਆਪਣੇ ਏਜੰਡੇ ਮੁਤਾਬਕ ਚਲਾਉਣ ਦੀਆਂ ਤਾਕਤਾਂ ਦੇ ਦਿੱਤੀਆਂ ਹਨ। (ਰੈਜ਼ੋਲਯੂਟ ਡੈੱਸਕ ਜਹਾਜ਼ ਐੱਚ ਐੱਮ ਐੱਸ ਰੈਜ਼ੋਲਯੂਟ ਵਿੱਚ ਲੱਗੀ ਓਕ ਦੀ ਲੱਕੜੀ ਦਾ ਬਣਿਆ ਹੈ ਅਤੇ ਬਰਤਾਨੀਆ ਦੀ ਮਹਾਰਾਣੀ ਵਿਕਟੋਰੀਆ ਨੇ 1880 ਵਿੱਚ ਅਮਰੀਕੀ ਰਾਸ਼ਟਰਪਤੀ ਰਦਰਫੋਰਡ ਬੀ ਹੇਸ ਨੂੰ ਤੋਹਫੇ ਵਿੱਚ ਦਿੱਤਾ ਸੀ। ਉਦੋਂ ਤੋਂ ਅਮਰੀਕੀ ਰਾਸ਼ਟਰਪਤੀ ਇਸ ਨੂੰ ਵਰਤਦੇ ਆ ਰਹੇ ਹਨ, ਪਰ ਲਿੰਡਨ ਬੀ ਜੌਨਸਨ, ਰਿਚਰਡ ਨਿਕਸਨ ਤੇ ਗੇਰਾਲਡ ਆਰ ਫੋਰਡ ਨੇ ਨਹੀਂ ਵਰਤਿਆ। ਟਰੰਪ ਨੇ ਚੋਣ ਪ੍ਰਚਾਰ ਦੌਰਾਨ ਕਿਹਾ ਸੀ ਕਿ ਉਹ ਇਸ ਡੈੱਸਕ ਨੂੰ ਨਹੀਂ ਵਰਤਣਗੇ ਕਿਉਕਿ ਰਾਸ਼ਟਰਪਤੀ ਜੋਅ ਬਾਇਡੇਨ ਨੇ ਉਸ ਨੂੰ ਗੰਦਾ ਕਰ ਦਿੱਤਾ ਹੈ।)



