ਛੱਤੀਸਗੜ੍ਹ ’ਚ 31 ਨਕਸਲੀ ਮਾਰੇ

0
135

ਰਾਇਪੁਰ : ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਦੇ ਜੰਗਲ ’ਚ ਪੁਲਸ ਨੇ ਐਤਵਾਰ 31 ਨਕਸਲੀ ਮਾਰ ਦਿੱਤੇ। ਦੋ ਜਵਾਨ ਵੀ ਮਾਰੇ ਗਏ ਤੇ ਦੋ ਜ਼ਖਮੀ ਹੋ ਗਏ।
ਉਪ ਮੁੱਖ ਮੰਤਰੀ ਵਿਜੇ ਸ਼ਰਮਾ ਨੇ ਦੱਸਿਆ ਕਿ 650 ਤੋਂ ਵੱਧ ਜਵਾਨਾਂ ਨੇ ਇੰਦਰਾਵਤੀ ਨੈਸ਼ਨਲ ਪਾਰਕ ਏਰੀਏ ਵਿੱਚ ਕਈ ਪਾਸਿਆਂ ਤੋਂ ਦਾਖਲ ਹੋ ਕੇ 31 ਨਕਸਲੀਆਂ ਨੂੰ ਉਨ੍ਹਾਂ ਦੇ ਘੁਰਨੇ ’ਚ ਖਤਮ ਕਰ ਦਿੱਤਾ। ਮੁੱਖ ਮੰਤਰੀ ਵਿਸ਼ਣੂ ਦਿਓ ਸਾਏ ਨੇ ਕਿਹਾ ਕਿ ਸੂਬੇ ਤੇ ਦੇਸ਼ ਵਿੱਚ ਨਕਸਲਵਾਦ ਦਾ ਖਾਤਮਾ ਯਕੀਨੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਿੱਚ ਸੂਬਾ ਮਾਰਚ 2026 ਤੱਕ ਨਕਸਲ-ਮੁਕਤ ਹੋ ਜਾਵੇਗਾ। ਸੁਰੱਖਿਆ ਬਲਾਂ ਨੂੰ ਲਗਾਤਾਰ ਸਫਲਤਾ ਮਿਲ ਰਹੀ ਹੈ। ਕੈਂਸਰ ਰੂਪੀ ਨਕਸਲਵਾਦ ਯਕੀਨਨ ਖਤਮ ਕਰ ਦਿੱਤਾ ਜਾਵੇਗਾ।
ਇਨ੍ਹਾਂ 31 ਨਕਸਲੀਆਂ ਨੂੰ ਮਾਰਨ ਦੇ ਨਾਲ ਸੁਰੱਖਿਆ ਬਲ ਮੁਕਾਬਲਿਆਂ ਵਿੱਚ ਇਸ ਸਾਲ ਹੁਣ ਤਕ 81 ਨਕਸਲੀਆਂ ਨੂੰ ਮਾਰ ਚੁੱਕੇ ਹਨ। ਇਨ੍ਹਾਂ ਵਿੱਚੋਂ 65 ਬਸਤਰ ਡਵੀਜ਼ਨ ਵਿੱਚ ਮਾਰੇ ਗਏ ਹਨ। ਪਿਛਲੇ ਸਾਲ 219 ਨਕਸਲੀ ਮਾਰੇ ਗਏ ਸਨ। ਚਾਰ ਅਕਤੂਬਰ ਨੂੰ ਬਸਤਰ ਖੇਤਰ ’ਚ ਨਾਰਾਇਣਪੁਰ-ਦਾਂਤੇਵਾੜਾ ਜ਼ਿਲ੍ਹਿਆਂ ਦੀ ਹੱਦ ’ਤੇ 38 ਨਕਸਲੀ ਮਾਰੇ ਗਏ ਸਨ।
ਬਸਤਰ ਰੇਂਜ ਦੇ ਆਈ ਜੀ ਪੁਲਸ ਸੁੰਦਰਰਾਜ ਨੇ ਦੱਸਿਆ ਕਿ ਜਦੋਂ ਐਂਟੀ-ਨੈਕਸਲਾਈਟ ਅਪ੍ਰੇਸ਼ਨ ਤਹਿਤ ਜਵਾਨ ਸਵੇਰੇ ਪਾਰਕ ਦੇ ਇੱਕ ਜੰਗਲ ’ਚ ਦਾਖਲ ਹੋਏ ਤਾਂ ਗੋਲੀਬਾਰੀ ਸ਼ੁਰੂ ਹੋ ਗਈ। ਅਪ੍ਰੇਸ਼ਨ ’ਚ ਡਿਸਟਿ੍ਰਕਟ ਰਿਜ਼ਰਵ ਗਾਰਡ (ਡੀ ਆਰ ਜੀ), ਸਪੈਸ਼ਲ ਟਾਸਕ ਫੋਰਸ (ਐੱਸ ਟੀ ਐੱਫ) ਤੇ ਬਸਤਰ ਫਾਈਟਰਜ਼ ਦੇ ਜਵਾਨ ਸ਼ਾਮਲ ਸਨ। ਇਹ ਸਭ ਸੂਬਾਈ ਪੁਲਸ ਦੇ ਯੂਨਿਟ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਗੋਲੀਬਾਰੀ ਤੋਂ ਬਾਅਦ ਸਰਚ ਦੌਰਾਨ ਵਰਦੀਧਾਰੀ 31 ਨਕਸਲੀਆਂ ਦੀਆਂ ਲਾਸ਼ਾਂ ਮਿਲੀਆਂ। ਏ ਕੇ-47, ਇਨਸਾਸ, ਐੱਸ ਐੱਲ ਆਰ, ਥ੍ਰੀ ਨਾਟ ਥ੍ਰੀ ਰਾਈਫਲਾਂ ਤੇ ਬੈਰਲ ਗ੍ਰੇਨੇਡ ਲਾਂਚਰਾਂ (ਬੀ ਜੀ ਐੱਲ) ਵਰਗੇ ਕਾਫੀ ਹਥਿਆਰ ਤੇ ਬੰਬ ਵੀ ਬਰਾਮਦ ਹੋਏ। ਡੀ ਆਰ ਜੀ ਤੇ ਐੱਸ ਟੀ ਐੱਫ ਦੇ ਇੱਕ-ਇੱਕ ਜਵਾਨ ਦੀ ਜਾਨ ਗਈ ਤੇ ਦੋ ਹੋਰ ਜ਼ਖਮੀ ਹੋ ਗਏ, ਜਿਹੜੇ ਖਤਰੇ ਤੋਂ ਬਾਹਰ ਹਨ। ਇਲਾਕੇ ਵਿੱਚ ਹੋਰ ਨਫਰੀ ਘੱਲੀ ਗਈ ਹੈ ਤੇ ਸਰਚ ਅਪ੍ਰੇਸ਼ਨ ਜਾਰੀ ਹੈ।