ਗੁਜਰਾਤ ’ਚ ‘ਜ਼ਹਿਰੀਲੀ’ ਸ਼ਰਾਬ ਨਾਲ 3 ਮੌਤਾਂ

0
122

ਨਾਡੀਆਡ : ਗੁਜਰਾਤ ਦੇ ਖੇੜਾ ਜ਼ਿਲ੍ਹੇ ਦੇ ਨਾਡੀਆਡ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਉਨ੍ਹਾਂ ਐਤਵਾਰ ਸ਼ਾਮ ਕਰੀਬ 7 ਵਜੇ ਨਾਡੀਆਡ ਦੇ ਜਵਾਹਰ ਨਗਰ ਇਲਾਕੇ ’ਚ ਸੋਢੇ ਦੀ ਬੋਤਲ ’ਚੋਂ ਸ਼ਰਾਬ ਪੀਤੀ ਅਤੇ ਬੇਹੋਸ਼ ਹੋ ਗਏ। ਡੀ ਐੱਸ ਪੀ ਸ੍ਰੀ ਵੀ ਆਰ ਬਾਜਪਾਈ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮਿ੍ਰਤਕ ਕਰਾਰ ਦਿੱਤਾ ਗਿਆ। ਫੋਰੈਂਸਿਕ ਸਾਇੰਸ ਲੈਬਾਰਟਰੀ ਦੀ ਜਾਂਚ ਵਿੱਚ ਮਿਥੇਨੌਲ ਦਾ ਕੋਈ ਸੁਰਾਗ ਨਾ ਮਿਲਣ ਤੋਂ ਬਾਅਦ ਪੁਲਸ ਨੇ ਇਸ ਨੂੰ ਨਕਲੀ ਸ਼ਰਾਬ ਪੀਣ ਦਾ ਮਾਮਲਾ ਹੋਣ ਤੋਂ ਇਨਕਾਰ ਕੀਤਾ ਹੈ। ਖੇੜਾ ਦੇ ਐੱਸ ਪੀ ਰਾਜੇਸ਼ ਗਾਢੀਆ ਨੇ ਦੱਸਿਆ ਕਿ ਤਰਲ ਵਿੱਚ ਜ਼ਹਿਰੀਲੇ ਪਦਾਰਥ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਕਾਰਨ ਤੁਰੰਤ ਮੌਤਾਂ ਹੋਈਆਂ। ਉਨ੍ਹਾ ਕਿਹਾ ਕਿ ਪੀੜਤਾਂ ਵਿੱਚੋਂ ਇੱਕ ਦੀ ਤਰਲ ਪੀਣ ਦੇ ਤੁਰੰਤ ਬਾਅਦ ਮੌਤ ਹੋ ਗਈ, ਜਦੋਂ ਕਿ ਦੋ ਹੋਰਨਾਂ ਦੀ 5-10 ਮਿੰਟਾਂ ਵਿੱਚ ਮੌਤ ਹੋ ਗਈ। ਉਨ੍ਹਾਂ ਦੇ ਖੂਨ ਦੇ ਨਮੂਨੇ ਫੋਰੈਂਸਿਕ ਲੈਬਾਰਟਰੀ ਵਿੱਚ ਭੇਜੇ ਗਏ, ਜਿਸ ਨੇ ਨਕਲੀ ਸ਼ਰਾਬ ਵਿੱਚ ਵਰਤੇ ਜਾਣ ਵਾਲੇ ਰਸਾਇਣ ਮਿਥੇਨੌਲ ਦੀ ਮੌਜੂਦਗੀ ਨੂੰ ਨਕਾਰ ਦਿੱਤਾ ਹੈ।