ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਆਪਣੇ ਸਾਲਾਨਾ ‘ਪਰੀਕਸ਼ਾ ਪੇ ਚਰਚਾ’ ਦੀ ਅੱਠਵੀਂ ਲੜੀ ਦੇ ਪ੍ਰਸਾਰਣ ਦੌਰਾਨ ਕਈ ਮੁੱਦਿਆਂ ’ਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਮੋਦੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਗਿਆਨ ਅਤੇ ਪ੍ਰੀਖਿਆਵਾਂ ਦੋ ਵੱਖ-ਵੱਖ ਚੀਜ਼ਾਂ ਹਨ। ਕਿਸੇ ਨੂੰ ਵੀ ਇਮਤਿਹਾਨਾਂ ਨੂੰ ਜੀਵਨ ਵਿੱਚ ਸਭ ਦੇ ਬਰਾਬਰ ਅਤੇ ਅੰਤ ਵਜੋਂ ਨਹੀਂ ਦੇਖਣਾ ਚਾਹੀਦਾ। ਦੇਸ਼ ਭਰ ਦੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਆਏ ਵਿਦਿਆਰਥੀਆਂ ਨਾਲ ਇੱਕ ਗੱਲਬਾਤ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸੀਮਤ ਨਹੀਂ ਰੱਖਿਆ ਜਾਣਾ ਚਾਹੀਦਾ ਅਤੇ ਉਨ੍ਹਾਂ ਨੂੰ ਆਪਣੇ ਜਨੂੰਨ ਦੀ ਪੜਚੋਲ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾ ਵਿਦਿਆਰਥੀਆਂ ਨੂੰ ਯੋਜਨਾਬੱਧ ਤਰੀਕੇ ਨਾਲ ਆਪਣੇ ਸਮੇਂ ਦੀ ਵਰਤੋਂ ਕਰਨ ਲਈ ਕਿਹਾ। ਇਸ ਚਰਚਾ ਵਿਚ ਰਵਾਇਤੀ ਟਾਊਨ ਹਾਲ ਦੇ ਫਾਰਮੈਟ ਤੋਂ ਬਦਲਦੇ ਹੋਏ ਮੋਦੀ ਇਸ ਵਾਰ ਵਧੇਰੇ ਗੈਰਰਸਮੀ ਮਾਹੌਲ ਨੂੰ ਤਰਜੀਹ ਦਿੰਦਿਆਂ ਲਗਭਗ 35 ਵਿਦਿਆਰਥੀਆਂ ਨੂੰ ਇੱਥੇ ਸੁੰਦਰ ਨਰਸਰੀ ਵਿੱਚ ਲੈ ਕੇ ਗਏ ਅਤੇ ਸੁਤੰਤਰ ਗੱਲਬਾਤ ਕੀਤੀ।



