ਨਵੀਂ ਦਿੱਲੀ : ਲਖੀਮਪੁਰ ਖੀਰੀ ਤੋਂ ਦਿੱਲੀ ਆ ਰਹੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੂੰ ਦਿੱਲੀ ਪੁਲਸ ਨੇ ਹਿਰਾਸਤ ’ਚ ਲੈ ਲਿਆ। ਰਾਕੇਸ਼ ਟਿਕੈਤ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾ ਟਵੀਟ ’ਚ ਕਿਹਾ ਕਿ ਸਰਕਾਰ ਦੇ ਇਸ਼ਾਰੇ ’ਤੇ ਕੰਮ ਕਰ ਰਹੀ ਦਿੱਲੀ ਪੁਲਸ ਕਿਸਾਨਾਂ ਦੀ ਆਵਾਜ਼ ਨੂੰ ਨਹੀਂ ਦਬਾਅ ਸਕਦੀ। ਇਹ ਸੰਘਰਸ਼ ਆਖਰੀ ਸਾਹ ਤੱਕ ਜਾਰੀ ਰਹੇਗਾ। ਉਨ੍ਹਾ ਕਿਹਾ ਕਿ ਨਾ ਰੁਕੇਂਗੇ, ਨਾ ਝੁਕੇਂਗੇ, ਸੰਘਰਸ਼ ਜਾਰੀ ਰਹੇਗਾ। ਰਾਕੇਸ਼ ਟਿਕੈਤ ਆਪਣੇ ਸਮਰਥਕਾਂ ਨਾਲ ਦਿੱਲੀ ਜਾਣਾ ਚਾਹੁੰਦੇ ਸਨ, ਪਰ ਦਿੱਲੀ ਪੁਲਸ ਨੇ ਮਨਾ ਕਰ ਦਿੱਤਾ, ਜਿਸ ਤੋਂ ਬਾਅਦ ਟਿਕੈਤ ਸਮਰਥਕ ਸੜਕ ’ਤੇ ਬੈਠ ਕੇ ਪ੍ਰਦਰਸ਼ਨ ਕਰਨ ਲੱਗੇ, ਜਿਸ ਤੋਂ ਬਾਅਦ ਦਿੱਲੀ ਪੁਲਸ ਸਾਰਿਆਂ ਨੂੰ ਮਧੂ ਵਿਹਾਰ ਐੱਸ ਪੀ ਦਫ਼ਤਰ ਲੈ ਗਈ ਤੇ ਥੋੜ੍ਹੇ ਸਮੇਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ। ਰਾਕੇਸ਼ ਟਿਕੈਤ ਨੇ ਇੱਕ ਵੀਡੀਓ ਸੰਦੇਸ਼ ’ਚ ਕਿਹਾ ਕਿ ਉਹ ਜੰਤਰ ਮੰਤਰ ’ਚ ਹੋ ਰਹੇ ਅੰਦੋਲਨ ’ਚ ਜਾ ਰਹੇ ਸਨ, ਉਥੇ ਬੇਰੁਜ਼ਗਾਰੀ ’ਤੇ ਅੰਦੋਲਨ ਚੱਲ ਰਿਹਾ ਸੀ। ਟਿਕੈਤ ਨੇ ਕਿਹਾ ਕਿ ਇਹ ਕੋਈ ਸਿਆਸੀ ਅੰਦੋਲਨ ਨਹੀਂ ਅਤੇ ਨਾ ਹੀ ਮੇਰੇ ਬੈਨਰ ਹੇਠ ਹੋ ਰਿਹਾ ਹੈ। ਉਨ੍ਹਾ ਕਿਹਾ ਕਿ ਕੋਈ ਹਰਾ ਗਮਛਾ ਅਤੇ ਚਾਦਰ ਬੰਨ੍ਹ ਕੇ ਦਿੱਲੀ ਜਾ ਨਹੀਂ ਸਕਦਾ?