25.8 C
Jalandhar
Monday, September 16, 2024
spot_img

ਭਾਜਪਾ ਨੂੰ ‘ਆਪ’ ਦਾ ਡਰ

ਪਿਛਲੇ ਦਿਨੀਂ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਅਤੇ 7 ਰਾਜਾਂ ਦੇ 31 ਟਿਕਾਣਿਆਂ ’ਤੇ ਸੀ ਬੀ ਆਈ ਦੇ ਛਾਪਿਆਂ ਨੇ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਨੂੰ ਆਹਮੋ-ਸਾਹਮਣੇ ਖੜੀਆਂ ਕਰ ਦਿੱਤਾ ਹੈ। ਦੋਵਾਂ ਪਾਰਟੀਆਂ ਦੇ ਆਗੂ ਇੱਕ-ਦੂਜੇ ’ਤੇ ਤਿੱਖੇ ਹਮਲੇ ਕਰ ਰਹੇ ਹਨ। ਅਸਲ ਵਿੱਚ ਤਾਨਾਸ਼ਾਹ ਹਾਕਮਾਂ ਨੂੰ ਆਪਣੀਆਂ ਗੈਰ-ਮਾਨਵੀ ਕਰਤੂਤਾਂ ਕਾਰਨ ਇਹ ਡਰ ਹਮੇਸ਼ਾ ਸਤਾਉਂਦਾ ਰਹਿੰਦਾ ਹੈ ਕਿ ਜੇ ਉਹ ਸੱਤਾ ਤੋਂ ਬੇਦਖ਼ਲ ਹੋ ਗਏ ਤਾਂ ਉਨ੍ਹਾਂ ਦਾ ਕੀ ਬਣੇਗਾ। ਇਸ ਲਈ ਜਦੋਂ ਵੀ ਕਿਸੇ ਅੰਦਰਲੇ ਜਾਂ ਬਾਹਰਲੇ ਸਿਆਸੀ ਆਗੂ ਦਾ ਕੱਦ ਵਧਦਾ ਹੈ ਤਾਂ ਤਾਨਾਸ਼ਾਹ ਹਾਕਮਾਂ ਨੂੰ ਕੰਬਣੀ ਛਿੜ ਪੈਂਦੀ ਹੈ। ਭਾਜਪਾ ਅੰਦਰਲੇ ਉੱਚੇ ਕੱਦ ਵਾਲੇ ਸਭ ਆਗੂਆਂ ਨੂੰ ਤਾਂ ਇੱਕ-ਇੱਕ ਕਰਕੇ ਮੋਦੀ-ਸ਼ਾਹ ਜੋੜੀ ਪਹਿਲਾਂ ਹੀ ਗੁੱਠੇ ਲਾ ਚੁੱਕੀ ਹੈ, ਹੁਣ ਨਿਤਿਨ ਗਡਕਰੀ ਤੇ ਸ਼ਿਵਰਾਜ ਚੌਹਾਨ ਨੂੰ ਵੀ ਮਾਰਗ-ਦਰਸ਼ਕ ਮੰਡਲ ਦੇ ਰਾਹ ਪਾ ਦਿੱਤਾ ਗਿਆ ਹੈ।
ਜਿੱਥੋਂ ਤੱਕ ਵਿਰੋਧੀ ਦਲਾਂ ਵਿਚਲੇ ਆਗੂਆਂ ਦਾ ਸਵਾਲ ਹੈ, ਉਨ੍ਹਾਂ ਵਿੱਚੋਂ ਕੋਈ ਵੀ ਅਜਿਹੀ ਸ਼ਖਸੀਅਤ ਨਹੀਂ ਉਭਰ ਸਕੀ ਸੀ, ਜਿਸ ਤੋਂ ਮੋਦੀ-ਸ਼ਾਹ ਜੋੜੀ ਨੂੰ ਕੋਈ ਖ਼ਤਰਾ ਹੋ ਸਕਦਾ ਹੋਵੇ, ਪਰ ਦਿੱਲੀ ਵਿੱਚ ਭਾਜਪਾ ਦੇ ਪੈਰ ਨਾ ਲੱਗਣ ਦੇਣ ਤੋਂ ਬਾਅਦ ਪੰਜਾਬ ਵਿੱਚ ਪ੍ਰਾਪਤ ਕੀਤੀ ਹੂੰਝਾ-ਫੇਰੂ ਜਿੱਤ ਨੇ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਦਾ ਕੱਦ ਇਕਦਮ ਵਧਾ ਦਿੱਤਾ ਹੈ। ਇਸ ਸਮੇਂ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਤਿੰਨ ਮਹੀਨੇ ਰਹਿੰਦੇ ਹਨ। ਇਹ ਗੁਜਰਾਤ ਹੀ ਸੀ, ਜਿਸ ਦੇ ਵਿਕਾਸ ਮਾਡਲ ਦਾ ਪ੍ਰਚਾਰ ਕਰਕੇ 2014 ਵਿੱਚ ਮੋਦੀ ਕੇਂਦਰ ਦੀ ਸੱਤਾ ਵਿੱਚ ਆਏ ਸਨ। ਇਸ ਸਮੇਂ ਗੁਜਰਾਤ ਮਾਡਲ ’ਤੇ ਦਿੱਲੀ ਮਾਡਲ ਹਾਵੀ ਹੁੰਦਾ ਜਾ ਰਿਹਾ ਹੈ। ਇਸ ਲਈ ਜਦੋਂ ‘ਨਿਊਯਾਰਕ ਟਾਈਮਜ਼’ ਨੇ ਆਪਣੇ ਮੁੱਖ ਪੰਨੇ ’ਤੇ ਦਿੱਲੀ ਦੇ ਸਿੱਖਿਆ ਮਾਡਲ ਦੀ ਪ੍ਰਸੰਸਾ ਕਰਦਾ ਲੇਖ ਛਾਪਿਆ ਤਾਂ ਭਾਜਪਾ ਵਾਲਿਆਂ ਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ। ਉਨ੍ਹਾਂ ਇਸ ਨੂੰ ‘ਪੇਡ ਨਿਊਜ਼’ ਸਾਬਤ ਕਰਨ ਲਈ ਆਪਣੀਆਂ ਸਭ ਤੋਪਾਂ ਦੇ ਮੂੰਹ ਖੋਲ੍ਹੇ, ਪਰ ‘ਨਿਊਯਾਰਕ ਟਾਈਮਜ਼’ ਦੇ ਸਪੱਸ਼ਟੀਕਰਨ ਤੋਂ ਬਾਅਦ ਸਭ ਫਾਇਰ ਮਿਸ ਹੋ ਗਏ।
ਦਰਅਸਲ ਭਾਜਪਾ ਨੂੰ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਹਾਰਨ ਦਾ ਏਨਾ ਡਰ ਨਹੀਂ, ਜਿੰਨਾ ਉਸ ਨੂੰ ਆਮ ਆਦਮੀ ਦੇ ਪੈਰ ਲੱਗ ਜਾਣ ਦਾ ਡਰ ਹੈ। ਭਾਜਪਾ ਗੁਜਰਾਤ ਵਿੱਚ ਪਿਛਲੇ 27 ਸਾਲਾਂ ਤੋਂ ਸੱਤਾ ’ਤੇ ਕਾਬਜ਼ ਹੈ। ਭਾਜਪਾ ਦੇ ਖ਼ਿਲਾਫ਼ ਲਗਾਤਾਰ ਸੱਤਾ ਵਿੱਚ ਰਹਿਣ ਕਾਰਨ ਵਿਰੋਧ ਦੀ ਹਵਾ ਭਾਰੂ ਹੈ। ਕਾਂਗਰਸ ਦੀ ਹਾਲਤ 2017 ਦੀਆਂ ਚੋਣਾਂ ਤੋਂ ਬਹੁਤ ਜ਼ਿਆਦਾ ਖ਼ਰਾਬ ਹੋ ਚੁੱਕੀ ਹੈ। ਪੂਰੀ ਗੁਜਰਾਤ ਕਾਂਗਰਸ ਵੱਲੋਂ ਤਰ੍ਹਾਂ ਗੁੱਟਬੰਦੀ ਦਾ ਸ਼ਿਕਾਰ ਹੈ। ਕਾਂਗਰਸ ਵਰਕਰ ਹੌਸਲਾ ਛੱਡ ਚੁੱਕੇ ਹਨ। ਅਜਿਹੀ ਸਥਿਤੀ ਵਿੱਚ ਕੇਜਰੀਵਾਲ ਕਾਂਗਰਸ ਦੀ ਖਾਲੀ ਕੀਤੀ ਜਾ ਰਹੀ ਥਾਂ ਨੂੰ ਭਰਨ ਦੀ ਕੋਸ਼ਿਸ਼ ਵਿੱਚ ਹਨ। ਯਾਦ ਰਹੇ ਕਿ ਦਿੱਲੀ ਵਿੱਚ ਵੀ ਆਮ ਆਦਮੀ ਪਾਰਟੀ ਕਾਂਗਰਸ ਦੇ ਬਦਲ ਵਜੋਂ ਹੀ ਸੱਤਾ ਵਿੱਚ ਆਈ ਸੀ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਲਗਾਤਾਰ ਤਿੰਨ ਵਾਰ ਸੰਸਾਰ ਦੀ ਸਭ ਤੋਂ ਵੱਡੀ ਪਾਰਟੀ ਕਹਾਉਣ ਵਾਲੀ ਭਾਜਪਾ ਨੂੰ ਬੁਰੀ ਤਰ੍ਹਾਂ ਹਰਾ ਕੇ ਆਪਣੀ ਸਿਆਸੀ ਹੋਂਦ ਦਾ ਝੰਡਾ ਬੁਲੰਦ ਕੀਤਾ ਹੈ।
ਗੁਜਰਾਤ ਵਿਧਾਨ ਸਭਾ ਦੀਆਂ 2017 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਸਮੇਂ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੀ ਕੋਈ ਹੋਂਦ ਨਹੀਂ ਸੀ, ਪ੍ਰੰਤੂ ਪਿਛਲੇ ਸਾਲ ਹੋਈਆਂ ਸੂਰਤ ਨਗਰ ਨਿਗਮ ਚੋਣਾਂ ਵਿੱਚ ਉਸ ਨੇ 23 ਸੀਟਾਂ ਜਿੱਤ ਕੇ ਸਿਆਸਤ ਵਿੱਚ ਤਹਿਲਕਾ ਮਚਾ ਦਿੱਤਾ ਸੀ। ਉਸ ਨੇ ਕਾਂਗਰਸ ਨੂੰ ਪਛਾੜ ਕੇ ਦੂਜੀ ਥਾਂ ਹਾਸਲ ਕਰ ਲਈ ਸੀ। ਇਨ੍ਹਾਂ ਚੋਣਾਂ ਨੇ ਸਾਬਤ ਕਰ ਦਿੱਤਾ ਸੀ ਕਿ ਦਿੱਲੀ ਵਾਂਗ ਹੀ ਆਮ ਆਦਮੀ ਪਾਰਟੀ ਕਾਂਗਰਸ ਦਾ ਬਦਲ ਬਣ ਸਕਦੀ ਹੈ। ਇਸ ਸਮੇਂ ਅਰਵਿੰਦ ਕੇਜਰੀਵਾਲ ਦਾ ਸਾਰਾ ਧਿਆਨ ਗੁਜਰਾਤ ਉੱਤੇ ਲੱਗਾ ਹੋਇਆ ਹੈ। ਆਮ ਆਦਮੀ ਪਾਰਟੀ ਦੇ ਕੌਮੀ ਆਗੂ ਲਗਾਤਾਰ ਗੁਜਰਾਤ ਦੇ ਦੌਰੇ ਕਰ ਰਹੇ ਹਨ। ਕੇਜਰੀਵਾਲ ਖੁਦ ਚਾਲੂ ਮਹੀਨੇ ਦੌਰਾਨ 4 ਵਾਰ ਗੁਜਰਾਤ ਜਾ ਚੁੱਕੇ ਹਨ। ਕੇਜਰੀਵਾਲ ਵੱਲੋਂ ਦਿੱਲੀ ਦੇ ਸਿੱਖਿਆ ਮਾਡਲ, ਮੁਹੱਲਾ ਕਲੀਨਿਕਾਂ, ਮੁਫ਼ਤ ਬਿਜਲੀ ਤੇ ਪਾਣੀ ਵਰਗੇ ਸਿਆਸੀ ਹਥਿਆਰਾਂ ਦੀ ਵਰਤੋਂ ਕਰਕੇ ਮੋਦੀ ਦੇ ਗੁਜਰਾਤ ਮਾਡਲ ਨੂੰ ਖੁੰਢਾ ਕੀਤੀ ਜਾ ਰਿਹਾ ਹੈ। ਹੁਣ ਦਿੱਲੀ ਦੇ ਨਾਲ-ਨਾਲ ਪੰਜਾਬ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੇ ਪ੍ਰਚਾਰ ਨਾਲ ‘ਆਪ’ ਗੁਜਰਾਤ ਦੇ ਲੋਕਾਂ ਦਾ ਭਰੋਸਾ ਕਿਸ ਹੱਦ ਤੱਕ ਜਿੱਤ ਸਕੇਗੀ, ਇਸ ਦਾ ਆਉਣ ਵਾਲੇ ਸਮੇਂ ਦੌਰਾਨ ਪਤਾ ਲੱਗੇਗਾ। ਇੱਕ ਗੱਲ ਤਾਂ ਸਾਫ਼ ਹੈ ਕਿ ਜੇਕਰ ਉਹ ਗੁਜਰਾਤ ਚੋਣਾਂ ਵਿੱਚ ਜਿੱਤ ਹਾਸਲ ਕਰ ਲੈਂਦੀ ਹੈ ਤਾਂ ਆਮ ਆਦਮੀ ਪਾਰਟੀ ਕਾਂਗਰਸ ਨੂੰ ਪਛਾੜ ਕੇ ਭਾਜਪਾ ਤੋਂ ਬਾਅਦ ਦੂਜੀ ਥਾਂ ਹਾਸਲ ਕਰ ਲਵੇਗੀ, ਜਿਸ ਦੀ ਤਿੰਨ ਰਾਜਾਂ ਵਿੱਚ ਸਰਕਾਰ ਹੋਵੇਗੀ। ਇਹ ਨਹੀਂ ਵੀ ਹੁੰਦਾ, ਤਦ ਵੀ ਆਮ ਆਦਮੀ ਪਾਰਟੀ ਜੇਕਰ ਦੋ ਕੁ ਦਰਜਨ ਸੀਟਾਂ ਜਿੱਤ ਜਾਂਦੀ ਹੈ ਤਾਂ ਉਸ ਨੂੰ ਕੌਮੀ ਪਾਰਟੀ ਦਾ ਦਰਜਾ ਹਾਸਲ ਹੋ ਜਾਵੇਗਾ, ਕਿਉਂਕਿ ਉਹ ਗੋਆ ਵਿੱਚ ਵੀ 7 ਫ਼ੀਸਦੀ ਦੇ ਕਰੀਬ ਵੋਟਾਂ ਨਾਲ ਦੋ ਵਿਧਾਇਕ ਜਿਤਾ ਕੇ ਖੇਤਰੀ ਪਾਰਟੀ ਦਾ ਦਰਜਾ ਹਾਸਲ ਕਰ ਚੁੱਕੀ ਹੈ। ਗੁਜਰਾਤ ਵਿੱਚ ਚੰਗਾ ਨਤੀਜਾ ਹਾਸਲ ਕਰਨ ਤੋਂ ਬਾਅਦ ਕੇਜਰੀਵਾਲ ਦਾ ਕੱਦ ਮਮਤਾ ਬੈਨਰਜੀ, ਨਿਤੀਸ਼ ਕੁਮਾਰ, ਅਖਿਲੇਸ਼ ਯਾਦਵ, ਚੰਦਰ ਸ਼ੇਖਰ ਰਾਓ, ਸ਼ਰਦ ਪਵਾਰ ਤੇ ਕਾਂਗਰਸ ਦੇ ਸਭ ਆਗੂਆਂ ਤੋਂ ਉੱਚਾ ਹੋ ਜਾਵੇਗਾ, ਕਿਉਂਕਿ ਇਨ੍ਹਾਂ ਵਿੱਚੋਂ ਬਹੁਤਿਆਂ ਦਾ ਆਪਣੇ-ਆਪਣੇ ਰਾਜ ਤੋਂ ਬਿਨਾਂ ਦੂਜੇ ਰਾਜਾਂ ਵਿੱਚ ਕੋਈ ਪ੍ਰਭਾਵ ਨਹੀਂ ਹੈ। ਉਂਜ ਤਾਂ ਉਨ੍ਹਾਂ ਸਭ ਪਾਰਟੀਆਂ ਦੇ ਆਗੂ ਜਿਨ੍ਹਾਂ ਦਾ ਆਪਣੇ ਰਾਜ ਤੋਂ ਬਾਹਰ ਦੀਵਾ ਵੀ ਨਹੀਂ ਬਲਦਾ, ਪ੍ਰਧਾਨ ਮੰਤਰੀ ਬਣਨ ਦੇ ਸੁਫ਼ਨੇ ਦੇਖਦੇ ਰਹਿੰਦੇ ਹਨ, ਪਰ ਜਦੋਂ ਸੀ ਬੀ ਆਈ ਤੇ ਈ ਡੀ ਦਾ ਸ਼ਿਕੰਜਾ ਕੱਸਿਆ ਜਾਂਦਾ ਹੈ ਤਾਂ ਮੋਦੀ-ਸ਼ਾਹ ਦੇ ਗੋਡੇ ਘੁੱਟਣ ਤੋਂ ਵੀ ਗੁਰੇਜ਼ ਨਹੀਂ ਕਰਦੇ।
ਹੁਣ ਜਦੋਂ ਮੋਦੀ-ਸ਼ਾਹ ਨੇ ਕੇਜਰੀਵਾਲ ਦੀ ਪਾਰਟੀ ਦੇ ਆਗੂਆਂ ਮਗਰ ਸੀ ਬੀ ਆਈ, ਈ ਡੀ ਤੇ ਐੱਨ ਆਈ ਏ ਵਰਗੀਆਂ ਸਭ ਏਜੰਸੀਆਂ ਨੂੰ ਲਾ ਦਿੱਤਾ ਹੈ ਤਾਂ ਆਮ ਆਦਮੀ ਪਾਰਟੀ ਥਿੜਕਣ ਦੀ ਬਜਾਏ ਪੂਰੀ ਤਾਕਤ ਨਾਲ ਮੁਕਾਬਲੇ ਦੇ ਰੌਂਅ ਵਿੱਚ ਹੈ। ਮਨੀਸ਼ ਸਿਸੋਦੀਆ ਨੇ ਤਾਂ ਖੁੱਲ੍ਹੇਆਮ ਕਹਿ ਦਿੱਤਾ ਹੈ, ‘ਹੁਣ ਲੜਾਈ ਮੋਦੀ ਬਨਾਮ ਕੇਜਰੀਵਾਲ ਬਣ ਚੁੱਕੀ ਹੈ। ਪਹਿਲਾਂ ਲੋਕ ਕਹਿੰਦੇ ਹੁੰਦੇ ਸੀ ਕਿ ਮੋਦੀ ਨਹੀਂ ਤਾਂ ਕੌਣ? ਹੁਣ ਕਹਿੰਦੇ ਹਨ ਕਿ ਇੱਕ ਮੌਕਾ ਕੇਜਰੀਵਾਲ ਨੂੰ।’
ਮਨੀਸ਼ ਸਿਸੋਦੀਆ ’ਤੇ ਕੇਸ ਦਰਜ ਕਰਨ ਤੋਂ ਪਹਿਲਾਂ ਸਤਿੰਦਰ ਜੈਨ ਨੂੰ ਫਸਾਇਆ ਗਿਆ ਸੀ। ਉਸ ’ਤੇ ਦੋਸ਼ ਸਾਬਤ ਨਾ ਹੋਣ ਦੇ ਬਾਵਜੂਦ ਮੁਢਲੇ ਸਬੂਤਾਂ ਦੇ ਅਧਾਰ ’ਤੇ ਹੀ ਉਸ ਨੂੰ ਜੇਲ੍ਹ ਵਿੱਚ ਸੁੱਟਿਆ ਹੋਇਆ ਹੈ। ਆਪ ਆਗੂ ਕੇਂਦਰੀ ਏਜੰਸੀਆਂ ਦੀਆਂ ਇਨ੍ਹਾਂ ਕਾਰਵਾਈਆਂ ਨੂੰ ਕੇਂਦਰ ਸਰਕਾਰ ਦੀ ਆਮ ਆਦਮੀ ਪਾਰਟੀ ਦੇ ਦਿੱਲੀ ਮਾਡਲ ਦੀ ਸਫ਼ਲਤਾ ਤੋਂ ਬੁਖਲਾਹਟ ਸਾਬਤ ਕਰਨ ਲਈ ਜੁੱਟ ਗਏ ਹਨ। ਆਉਂਦੇ ਦਿਨੀਂ ਆਪ ਦੇ ਹੋਰ ਆਗੂਆਂ ਸਮੇਤ ਕੇਜਰੀਵਾਲ ਦੇ ਉੱਤੇ ਸੀ ਬੀ ਆਈ ਤੇ ਈ ਡੀ ਦਾ ਸ਼ਿਕੰਜਾ ਕੱਸਿਆ ਜਾ ਸਕਦਾ ਹੈ, ਪਰ ਇਹ ਭਾਜਪਾਈ ਹਾਕਮਾਂ ਨੂੰ ਮਹਿੰਗਾ ਪੈ ਸਕਦਾ ਹੈ।
-ਚੰਦ ਫਤਿਹਪੁਰੀ

Related Articles

LEAVE A REPLY

Please enter your comment!
Please enter your name here

Latest Articles