ਮੁਹਾਲੀ : ਸੋਮਵਾਰ ਰਾਤ ਕਰੀਬ ਸਾਢੇ 11 ਵਜੇ ਲੁਧਿਆਣਾ ਦੇ ਮਾਛੀਵਾੜਾ ਇਲਾਕੇ ’ਚ ਪਵਾਤ ਤੇ ਬਹਿਲੋਪੁਰ ਪਿੰਡਾਂ ਵਿਚਾਲੇ ਸਰਹੰਦ ਨਹਿਰ ਵਿੱਚ ਡਿੱਗੀ ਇਕ ਐੱਸ ਯੂ ਵੀ ’ਚ ਸਵਾਰ 5 ਵਿਅਕਤੀਆਂ ਨੂੰ ਕਾਰਗਿਲ ਜੰਗ ਦੇ ਸਾਬਕਾ ਫੌਜੀ ਹਰਜਿੰਦਰ ਸਿੰਘ (49) ਅਤੇ ਉਸ ਦੇ ਦੋ ਨਾਬਾਲਗ ਪੁੱਤਰਾਂ ਨੇ ਡੁੱਬਣ ਤੋਂ ਬਚਾ ਲਿਆ। ਇਸ ਹਾਦਸੇ ’ਚ ਇਕ ਵਿਅਕਤੀ ਦੀ ਜਾਨ ਨਹੀਂ ਬਚ ਸਕੀ। ਸਾਬਕਾ ਫੌਜੀ, ਜੋ ਹੁਣ ਮੁਕੇਸ਼ ਅੰਬਾਨੀ ਦੀ ਕੋਠੀ ਐਂਟੀਲੀਆ ਦੇ ਸੁਰੱਖਿਆ ਵਿਭਾਗ ਵਿੱਚ ਨੌਕਰੀ ਕਰ ਰਿਹਾ ਹੈ ਅਤੇ ਛੁੱਟੀਆਂ ਮਨਾਉਣ ਘਰ ਆਇਆ ਹੋਇਆ ਸੀ, ਸੋਮਵਾਰ ਆਪਣੇ ਪੁੱਤਰਾਂ ਗੁਰਲੀਨਪ੍ਰੀਤ ਸਿੰਘ (18) ਅਤੇ ਹਰਕੀਰਤ ਸਿੰਘ (17) ਦੇ ਨਾਲ ਬਠਿੰਡਾ ਵਿੱਚ ਇੱਕ ਸਮਾਗਮ ’ਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਆ ਰਿਹਾ ਸੀ। ਉਸ ਨੇ ਦੱਸਿਆਮੈਂ ਆਪਣੀ ਕਾਰ ਦੀ ਪਿਛਲੀ ਸੀਟ ’ਤੇ ਸੌਂ ਰਿਹਾ ਸੀ, ਜਦੋਂ ਕਾਰ ਚਲਾ ਰਹੇ ਮੇਰੇ ਪੁੱਤਰਾਂ ਨੇ ਸਵਾਰੀਆਂ ਸਮੇਤ ਇਕ ਵਾਹਨ ਨੂੰ ਨਹਿਰ ’ਚ ਡੁੱਬਦਾ ਦੇਖ ਕੇ ਗੱਡੀ ਰੋਕੀ। ਕਰੀਬ 25 ਸਾਲ ਦੇ ਉਮਰ ਦੇ ਛੇ ਨੌਜਵਾਨ ਗੱਡੀ ਵਿੱਚੋਂ ਬਾਹਰ ਨਿਕਲਣ ਲਈ ਸੰਘਰਸ਼ ਕਰ ਰਹੇ ਸਨ।
ਹਰਜਿੰਦਰ ਨੇ ਆਪਣੇ ਪੁੱਤਰਾਂ ਨਾਲ ਮਿਲ ਕੇ ਖਿੜਕੀਆਂ ਦੇ ਸ਼ੀਸ਼ੇ ਤੋੜ ਕੇ ਵਿਅਕਤੀਆਂ ਨੂੰ ਬਚਾਇਆ। ਤਿੰਨਾਂ ਨੇ ਪੀੜਤਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਪੁਲਸ ਨੂੰ ਬੁਲਾਇਆ। ਘਟਨਾ ਤੋਂ ਬਾਅਦ ਹਸਪਤਾਲ ਦਾਖਲ ਕਰਵਾਏ ਗਏ ਇਕ ਵਿਅਕਤੀ ਨੂੰ ਮਿ੍ਰਤਕ ਐਲਾਨ ਦਿੱਤਾ ਗਿਆ। ਸਥਾਨਕ ਲੋਕਾਂ ਨੇ ਸਾਬਕਾ ਫੌਜੀ ਦੀ ਦਲੇਰੀ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਹਰਜਿੰਦਰ ਨੇ 25 ਅਗਸਤ 2008 ਨੂੰ ਇਸ ਨਹਿਰ ਵਿੱਚ ਇੱਕ ਕਿਲੋਮੀਟਰ ਦੂਰ ਛਾਲ ਮਾਰਨ ਵਾਲੀ 25 ਸਾਲਾ ਮੁਟਿਆਰ ਨੂੰ ਬਚਾਇਆ ਸੀ। ਉਸ ਦੀ ਜਾਨ ਬਚਾਉਣ ਵਿੱਚ ਮਿਸਾਲੀ ਬਹਾਦਰੀ ਦਿਖਾਉਣ ਲਈ ਸੂਬਾ ਸਰਕਾਰ ਵੱਲੋਂ ਉਸ ਨੂੰ ਸਨਮਾਨਤ ਕੀਤਾ ਗਿਆ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਸਾਬਕਾ ਕਮਾਂਡੋ ਨੇ ਪਿੰਡ ਦੇ ਕਈ ਬੱਚਿਆਂ ਅਤੇ ਨੌਜਵਾਨਾਂ ਨੂੰ ਤੈਰਾਕੀ ਸਿੱਖਣ ਵਿੱਚ ਮਦਦ ਕੀਤੀ ਹੈ।
ਹਰਜਿੰਦਰ ਸਿੰਘ ਨੇ ਕਿਹਾਤੁਸੀਂ ਲੋਕਾਂ ਨੂੰ ਅੱਖਾਂ ਦੇ ਸਾਹਮਣੇ ਡੁੱਬਦੇ ਕਿਵੇਂ ਦੇਖ ਸਕਦੇ ਹੋ। ਰੱਬ ਨੇ ਮੈਨੂੰ ਕਿਸੇ ਦੀ ਮਦਦ ਕਰਨ ਦੀ ਸਮਰੱਥਾ ਦਿੱਤੀ ਹੈ। ਮੈਂ ਚਾਹੁੰਦਾ ਹਾਂ ਕਿ ਮੇਰੇ ਨੌਜਵਾਨ ਪੁੱਤਰ ਰੱਬ ਦਾ ਡਰ ਰੱਖਣ ਅਤੇ ਕਿਸੇ ਲੋੜਵੰਦ ਵਿਅਕਤੀ ਨੂੰ ਬਚਾਉਣ ਦੀ ਹਿੰਮਤ ਕਰਨ।





