ਨਵੀਂ ਦਿੱਲੀ : ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਕਿਹਾ ਕਿ ਅਗਾਮੀ ਅਸੈਂਬਲੀ ਚੋੋਣਾਂ ਤੋਂ ਪਹਿਲਾਂ ਪੰਜਾਬ ਨੂੰ ਪੂਰੇ ਦੇਸ਼ ਲਈ ਵਿਕਾਸ ਦੇ ਮਾਡਲ ਵਜੋਂ ਪੇਸ਼ ਕੀਤਾ ਜਾਵੇਗਾ। ਉਨ੍ਹਾ ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ ਵਿੱਚ ਬਗਾਵਤੀ ਸੁਰਾਂ ਉੱਠਣ ਦੇ ਕਾਂਗਰਸ ਦੇ ਦਾਅਵੇ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ।
ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਖੂਨ-ਪਸੀਨੇ ਨਾਲ ਬਣੀ ਪਾਰਟੀ ਹੈ ਅਤੇ ‘ਆਪ’ ਆਗੂ ਤੇ ਵਰਕਰ ਪਾਰਟੀ ਪ੍ਰਤੀ ਪੂਰੀ ਤਰ੍ਹਾਂ ਸਮਰਪਤ ਹਨ। ਮਾਨ ਇਥੇ ਕਪੂਰਥਲਾ ਹਾਊਸ ਵਿੱਚ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪੰਜਾਬ ਦੇ ਵਜ਼ੀਰਾਂ ਤੇ ਵਿਧਾਇਕਾਂ ਨਾਲ ਬੈਠਕ ਉਪਰੰਤ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਮਾਨ ਨੇ ਕਿਹਾ ਕਿ ਬੈਠਕ ਦੌਰਾਨ ਕੇਜਰੀਵਾਲ ਨੇ ਪੰਜਾਬ ਦੇ ਸਾਰੇ ਮੰਤਰੀਆਂ ਤੇ ਵਿਧਾਇਕਾਂ ਦਾ ਦਿੱਲੀ ਅਸੈਂਬਲੀ ਚੋਣਾਂ ਵਿੱਚ ਕੀਤੇ ਚੋਣ ਪ੍ਰਚਾਰ ਲਈ ਧੰਨਵਾਦ ਕੀਤਾ। ਪੰਜਾਬ ਅਸੈਂਬਲੀ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪਿਛਲੇ ਦਿਨੀਂ ਦਾਅਵਾ ਕੀਤਾ ਸੀ ਕਿ ਸੂਬੇ ਦੀ ਸੱਤਾਧਾਰੀ ਪਾਰਟੀ (ਆਪ) ਦੇ 30 ਤੋਂ ਵੱਧ ਵਿਧਾਇਕ ਕਾਂਗਰਸ ਦੇ ਸੰਪਰਕ ਵਿਚ ਹਨ ਤੇ ਕਿਸੇ ਵੇਲੇ ਵੀ ਪਾਲਾ ਬਦਲ ਸਕਦੇ ਹਨ। ਬਾਜਵਾ ਨੇ ਦਾਅਵਾ ਕੀਤਾ ਸੀ ਕਿ ਇਨ੍ਹਾਂ ਵਿਧਾਇਕਾਂ ਨੂੰ ਅਹਿਸਾਸ ਹੋ ਗਿਆ ਹੈ ਕਿ ਸ਼ਾਇਦ ‘ਆਪ’ ਹੁਣ ਉਨ੍ਹਾਂ ਲਈ ਸਿਆਸੀ ਤੌਰ ’ਤੇ ਲਾਹੇਵੰਦ ਨਹੀਂ। ਮਾਨ ਨੇ ਉਪਰੋਕਤ ਦਾਅਵਿਆਂ ਲਈ ਬਾਜਵਾ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾਬਾਜਵਾ ਨੂੰ ਸਾਡੇ ਵਿਧਾਇਕਾਂ ਦੀ ਗਿਣਤੀ ਕਰਨ ਦੀ ਥਾਂ ਇਹ ਦੇਖਣਾ ਚਾਹੀਦਾ ਹੈ ਕਿ ਉਨ੍ਹਾਂ ਕੋਲ ਦਿੱਲੀ ਵਿਚ ਕਿੰਨੇ ਕਾਂਗਰਸੀ ਵਿਧਾਇਕ ਹਨ।
ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ‘ਆਪ’ ਆਗੂ ਪੂਰੀ ਤਰ੍ਹਾਂ ਸਮਰਪਤ ਹਨ ਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਲੋਭ-ਲਾਲਚ ਨਹੀਂ। ਉਹ (ਬਾਜਵਾ) ਪਹਿਲਾਂ ਵੀ ਦਾਅਵੇ ਕਰਦੇ ਸਨ ਕਿ 20 ਤੋਂ 40 ਵਿਧਾਇਕ ਉਨ੍ਹਾ ਦੇ ਸੰਪਰਕ ਵਿਚ ਹਨ। ਉਨ੍ਹਾ ਨੂੰ ਕਹਿਣ ਦਿਓ। ਅਸੀਂ ਖੂਨ-ਪਸੀਨੇ ਨਾਲ ਇਹ ਪਾਰਟੀ ਬਣਾਈ ਹੈ। ਪਾਲਾ ਬਦਲਣਾ ਕਾਂਗਰਸੀਆਂ ਦਾ ਕਲਚਰ ਹੈ।
ਮੁੱਖ ਮੰਤਰੀ ਨੇ ਕਿਹਾਦਿੱਲੀ ਚੋਣਾਂ ਵਿੱਚ ਪੰਜਾਬ ਦੇ ਸਾਡੇ ਸਾਥੀਆਂ ਨੇ ਬਹੁਤ ਮਿਹਨਤ ਕੀਤੀ, ਇਸ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਪੰਜਾਬ ਵਿੱਚ ਸਾਡੀ ਸਰਕਾਰ ਲੋਕਾਂ ਦੇ ਹਿੱਤ ਵਿੱਚ ਕੰਮ ਕਰ ਰਹੀ ਹੈ, ਜਿਸ ਵਿਚ ਬਿਜਲੀ, ਸਿੱਖਿਆ ਆਦਿ ਖੇਤਰ ਸ਼ਾਮਲ ਹਨ, ਅਸੀਂ ਉਸ ਵਿਚ ਹੋਰ ਤੇਜ਼ੀ ਲਿਆਉਣੀ ਹੈ। ਹਾਰ-ਜਿੱਤ ਹੁੰਦੀ ਰਹਿੰਦੀ ਹੈ, ਅਸੀਂ ਦਿੱਲੀ ਦੀ ਟੀਮ ਦੇ ਤਜਰਬੇ ਨੂੰ ਪੰਜਾਬ ਵਿੱਚ ਲਾਗੂ ਕਰਾਂਗੇ, ਕਿਉਂਕਿ ਸਾਡੀ ਪਾਰਟੀ ਆਪਣੇ ਕੰਮ ਲਈ ਜਾਣੀ ਜਾਂਦੀ ਹੈ ਅਤੇ ਅਸੀਂ ਧਰਮ, ਗੁੰਡਾਗਰਦੀ ਦੀ ਰਾਜਨੀਤੀ ਨਹੀਂ ਕਰਦੇ। ਅੱਜ ਦਿੱਲੀ ਤੇ ਪੰਜਾਬ ਦੀਆਂ ਟੀਮਾਂ ਨੇ ਮਿਲ ਕੇ ਫੈਸਲਾ ਕੀਤਾ ਹੈ ਕਿ ਅਸੀਂ ਪੰਜਾਬ ਨੂੰ ਇੱਕ ਮਾਡਲ ਬਣਾਵਾਂਗੇ ਅਤੇ ਦੇਸ਼ ਨੂੰ ਦਿਖਾਵਾਂਗੇ।ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਪੂਰਥਲਾ ਹਾਊਸ ਵਿੱਚ ਹੋਈ ਬੈਠਕ ਦੇ ਹਵਾਲੇ ਨਾਲ ਕਿਹਾਪੰਜਾਬ ਨੂੰ ਕੌਮੀ ਪੱਧਰ ਦਾ ਮਾਡਲ ਬਣਾਇਆ ਜਾਵੇਗਾ, ਜਿਸ ਸਬੰਧੀ ਅੱਜ ਚਰਚਾ ਹੋਈ ਅਤੇ ਦਿੱਲੀ ਦੀ ਹਾਰ ਨੂੰ ਲੈ ਕੇ ਵੀ ਮੰਥਨ ਹੋਇਆ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੀਟਿੰਗ ਨੂੰ ਲੈ ਕੇ ਕਿਹਾਦਿੱਲੀ ਅਸੈਂਬਲੀ ਚੋਣਾਂ ਮਗਰੋਂ ਪਾਰਟੀ ਦੀ ਪੰਜਾਬ ਇਕਾਈ ਦਿੱਲੀ ਆਈ ਸੀ। ਅਰਵਿੰਦ ਕੇਜਰੀਵਾਲ ਨੇ ਸਭ ਦਾ ਧੰਨਵਾਦ ਕੀਤਾ। ਆਉਣ ਵਾਲੇ ਦੋ ਸਾਲਾਂ ਵਿੱਚ ਪੰਜਾਬ ਵਿੱਚ ਵਿਕਾਸ ਕੰਮਾਂ ਨੂੰ ਹੋਰ ਕਿਵੇਂ ਕੰਮ ਤੇਜ਼ ਕਰਨਾ ਹੈ, ਉਸ ’ਤੇ ਚਰਚਾ ਹੋਈ, ਅਸੀਂ ਹੋਰ ਕੰਮ ਕਰਾਂਗੇ ਅਤੇ ਪੂਰੇ ਦੇਸ਼ ਵਿੱਚ ਪਾਰਟੀ ਦਾ ਵਿਸਤਾਰ ਹੋਵੇਗਾ। ਚੇਤੇ ਰਹੇ ਕਿ ਭਾਜਪਾ ਆਗੂ ਤੇ ਰਾਜੌਰੀ ਗਾਰਡਨ ਤੋਂ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਲੰਘੇ ਦਿਨ ਕਿਹਾ ਸੀ ਕਿ ਕੇਜਰੀਵਾਲ ਵੱਲੋਂ ਸੱਦੀ ਬੈਠਕ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਹੁਦੇ ਤੋਂ ਹਟਾਉਣ ਬਾਰੇ ਚਰਚਾ ਹੋ ਸਕਦੀ ਹੈ। ‘ਆਪ’ ਨੇ ਹਾਲਾਂਕਿ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਸੀ ਕਿ ਬੈਠਕ ਵਿਚ ਦਿੱਲੀ ਚੋਣਾਂ ’ਚ ਹਾਰ ਦੇ ਕਾਰਨਾਂ ਦਾ ਮੁਲਾਂਕਣ ਕੀਤਾ ਜਾਵੇਗਾ।



