ਕੈਨੇਡਾ ’ਚ 135 ਕਰੋੜ ਦੇ ਸੋਨੇ ਦੀ ਚੋਰੀ ਦਾ ਮਸ਼ਕੂਕ ਚੰਡੀਗੜ੍ਹ ’ਚ

0
125

ਚੰਡੀਗੜ੍ਹ : ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਸੋਨੇ ਦੀ ਚੋਰੀ ਦਾ ਮਸ਼ਕੂਕ ਸਿਮਰਨਪ੍ਰੀਤ ਪਨੇਸਰ (31) ਚੰਡੀਗੜ੍ਹ ਦੇ ਬਾਹਰਵਾਰ ਆਪਣੇ ਪਰਵਾਰ ਨਾਲ ਰਹਿ ਰਿਹਾ। ਪਨੇਸਰ 2.2 ਕਰੋੜ ਕੈਨੇਡੀਅਨ ਡਾਲਰ (ਕਰੀਬ 135 ਕਰੋੜ ਰੁਪਏ) ਮੁੱਲ ਦੀਆਂ ਸੋਨੇ ਦੀਆਂ ਛੜਾਂ ਦੀ ਚੋਰੀ ਵਿੱਚ ਕਥਿਤ ਤੌਰ ’ਤੇ ਸ਼ਾਮਲ ਸੀ। ਪਨੇਸਰ ਏਅਰ ਕੈਨੇਡਾ ਦਾ ਸਾਬਕਾ ਮੈਨੇਜਰ ਹੈ। ਕੈਨੇਡੀਅਨ ਪੁਲਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ। ਹੁਣ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਪਨੇਸਰ ਆਪਣੇ ਪਰਵਾਰ ਨਾਲ ਚੰਡੀਗੜ੍ਹ ਨਜ਼ਦੀਕ ਰਹਿ ਰਿਹਾ।
‘ਦਿ ਇੰਡੀਅਨ ਐੱਕਸਪ੍ਰੈੱਸ’ ਅਤੇ ਕੈਨੇਡਾ ਦੇ ‘ਸੀ ਬੀ ਸੀ ਨਿਊਜ਼ : ਦਿ ਫਿਫਥ ਅਸਟੇਟ’ ਵੱਲੋਂ ਕੀਤੀ ਗਈ ਸਾਂਝੀ ਜਾਂਚ ਤੋਂ ਪਤਾ ਲੱਗਾ ਹੈ ਕਿ ਸਿਮਰਨਪ੍ਰੀਤ ਪਨੇਸਰ ਚੰਡੀਗੜ੍ਹ ਦੇ ਬਾਹਰਵਾਰ ਆਪਣੇ ਪਰਵਾਰ ਨਾਲ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ। ਪਨੇਸਰ ਦੀ ਪਤਨੀ ਪ੍ਰੀਤੀ ਪਨੇਸਰ ਸਾਬਕਾ ਮਿਸ ਇੰਡੀਆ ਯੂਗਾਂਡਾ, ਗਾਇਕਾ ਅਤੇ ਅਦਾਕਾਰਾ ਹੈ। ਜਦੋਂ ਇੰਡੀਅਨ ਐਕਸਪ੍ਰੈਸ ਦੀ ਟੀਮ ਪਨੇਸਰ ਨੂੰ ਮਿਲੀ, ਤਾਂ ਉਸ ਨੇ ਕਾਨੂੰਨੀ ਅਤੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਸੂਤਰਾਂ ਅਨੁਸਾਰ ਪਨੇਸਰ ਪਿਛਲੇ ਸਾਲ ਜੂਨ ਵਿੱਚ ਆਤਮ-ਸਮਰਪਣ ਕਰਨ ਵਾਲਾ ਸੀ, ਪਰ ਅਜਿਹਾ ਨਹੀਂ ਹੋਇਆ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੈਨੇਡੀਅਨ ਸਰਕਾਰ ਭਾਰਤ ਤੋਂ ਉਸ ਦੀ ਹਵਾਲਗੀ ਦੀ ਮੰਗ ਕਰੇਗੀ ਜਾਂ ਨਹੀਂ। ਇਸ ਵੇਲੇ ਪਨੇਸਰ ਆਪਣੇ ਪਰਵਾਰ ਨਾਲ ਆਮ ਜ਼ਿੰਦਗੀ ਜੀਅ ਰਿਹਾ ਹੈ, ਪਰ ਉਸ ਦੀ ਮੌਜੂਦਗੀ ਨੇ ਸੁਰੱਖਿਆ ਏਜੰਸੀਆਂ ਨੂੰ ਚੌਕਸ ਕਰ ਦਿੱਤਾ ਹੈ।
17 ਅਪਰੈਲ, 2023 ਨੂੰ ਟੋਰਾਂਟੋ ਦੇ ਪੀਅਰਸਨ ਕੌਮਾਂਤਰੀ ਹਵਾਈ ਅੱਡੇ ’ਤੇ ਉਤਰਨ ਤੋਂ ਬਾਅਦ ਸਵਿਟਜ਼ਰਲੈਂਡ ਦੇ ਜ਼ਿਊਰਿਖ ਤੋਂ ਏਅਰ ਕੈਨੇਡਾ ਦੀ ਇੱਕ ਉਡਾਣ ਦੇ ਕਾਰਗੋ ਵਿੱਚੋਂ ਜਾਲ੍ਹੀ ਦਸਤਾਵੇਜ਼ਾਂ ਦੀ ਮਦਦ ਨਾਲ 400 ਕਿੱਲੋਗ੍ਰਾਮ ਵਜ਼ਨ ਦੀਆਂ 6,600 ਸ਼ੁੱਧ ਸੋਨੇ ਦੀਆਂ ਛੜਾਂ ਅਤੇ 25 ਲੱਖ ਡਾਲਰ ਦੀ ਵਿਦੇਸ਼ੀ ਮੁਦਰਾ ਚੋਰੀ ਹੋ ਗਈ ਸੀ। ਪੁਲਸ ਨੂੰ ਇਸ ਚੋਰੀ ਬਾਰੇ ਅਗਲੇ ਦਿਨ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ। ਪੁਲਸ ਨੇ ਇਸ ਮਾਮਲੇ ਵਿੱਚ ਛੇ ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਸੀ, ਜਿਨ੍ਹਾਂ ਵਿੱਚ ਭਾਰਤੀ ਮੂਲ ਦੇ ਅਰਚਿਤ ਗਰੋਵਰ, ਪਰਮਪਾਲ ਸਿੱਧੂ ਅਤੇ ਅਮਿਤ ਜਲੋਟਾ ਸ਼ਾਮਲ ਸਨ। ਇਸ ਤੋਂ ਇਲਾਵਾ ਅਹਿਮਦ ਚੌਧਰੀ, ਅਲੀ ਰਜ਼ਾ ਅਤੇ ਪ੍ਰਸਾਥ ਪਰਮਾਲਿੰਗਮ ਨੂੰ ਵੀ ਗਿ੍ਰਫ਼ਤਾਰ ਕੀਤਾ ਗਿਆ ਸੀ। ਕੈਨੇਡੀਅਨ ਪੁਲਸ ਨੇ ਚੋਰੀ ਦੇ ਮਾਮਲੇ ਵਿੱਚ ਦੋ ਜਣਿਆਂ ਸਿਮਰਨਪ੍ਰੀਤ ਪਨੇਸਰ (ਬਰੈਂਪਟਨ) ਅਤੇ ਅਰਸਲਾਨ ਚੌਧਰੀ (ਮਿਸੀਸਾਗਾ) ਵਿਰੁੱਧ ਲੋੜੀਂਦੇ ਨੋਟਿਸ ਜਾਰੀ ਕੀਤੇ ਸਨ।
ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ 89 ਹਜ਼ਾਰ ਡਾਲਰ ਦਾ 1 ਕਿੱਲੋ ਸੋਨਾ, ਸੋਨਾ ਪਿਘਲਾਉਣ ਵਾਲਾ ਉਪਕਰਣ ਅਤੇ 4.34 ਲੱਖ ਕੈਨੇਡੀਅਨ ਡਾਲਰ ਦੀ ਨਕਦੀ ਬਰਾਮਦ ਕੀਤੀ ਹੈ। ਹਾਲਾਂਕਿ, 400 ਕਿੱਲੋਗ੍ਰਾਮ ਚੋਰੀ ਹੋਇਆ ਸੋਨਾ ਅਜੇ ਵੀ ਗਾਇਬ ਹੈ।