ਫੋਕੇ ਸ਼ਬਦ ਨਹੀਂ, ਮਜ਼ਬੂਤ ਉਤਪਾਦਨ ਆਧਾਰ ਲੋੜੀਂਦਾ : ਰਾਹੁਲ

0
135

ਨਵੀਂ ਦਿੱਲੀ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸਨਿੱਚਰਵਾਰ ਕਿਹਾ ਕਿ ਭਾਰਤ ਕੋਲ ਭਾਵੇਂ ਪ੍ਰਤਿਭਾ ਹੈ, ਪਰ ਇਸ ਨੂੰ ਆਪਣੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਨਵੀਂ ਤਕਨਾਲੋਜੀ ਵਿੱਚ ਉਦਯੋਗਿਕ ਮੁਹਾਰਤ ਪੈਦਾ ਕਰਨ ਲਈ ਫੋਕੇ ਸ਼ਬਦਾਂ ਦੀ ਨਹੀਂ, ਬਲਕਿ ਮਜ਼ਬੂਤ ਉਤਪਾਦਨ ਅਧਾਰ ਦੀ ਲੋੜ ਹੈ। ਉਨ੍ਹਾ ਐੱਕਸ ’ਤੇ ਇੱਕ ਪੋਸਟ ਵਿੱਚ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਿਵੇਂ ਚੀਨ ਨੇ ਡਰੋਨ ਬਣਾਉਣਾ ਸ਼ੁਰੂ ਕਰ ਦਿੱਤਾ ਹੈ, ਜੋ ਕੁੱਲ ਆਲਮ ਵਿਚ ਜੰਗ ’ਚ ਇਨਕਲਾਬ ਲਿਆ ਰਹੇ ਹਨ। ਭਾਰਤ ਨੂੰ ਇਸ ਖੇਤਰ ਵਿੱਚ ਕੰਪੀਟੀਟਰ ਬਣਨ ਲਈ ਇੱਕ ਰਣਨੀਤੀ ਵਿਕਸਤ ਕਰਨ ਦੀ ਲੋੜ ਹੈ। ਕਾਂਗਰਸ ਆਗੂ ਨੇ ਕਿਹਾਡਰੋਨਾਂ ਨੇ ਜੰਗ ਵਿੱਚ ਇਨਕਲਾਬ ਲਿਆਂਦਾ ਹੈ, ਬੈਟਰੀਆਂ, ਮੋਟਰਾਂ ਅਤੇ ਆਪਟਿਕਸ ਨੂੰ ਜੋੜ ਕੇ ਜੰਗ ਦੇ ਮੈਦਾਨ ਵਿੱਚ ਬੇਮਿਸਾਲ ਤਰੀਕਿਆਂ ਨਾਲ ਸੰਚਾਰ ਕੀਤਾ ਹੈ, ਪਰ ਡਰੋਨ ਸਿਰਫ਼ ਇੱਕ ਤਕਨਾਲੋਜੀ ਨਹੀਂ, ਇਹ ਇੱਕ ਮਜ਼ਬੂਤ ਉਦਯੋਗਿਕ ਪ੍ਰਣਾਲੀ ਦੁਆਰਾ ਪੈਦਾ ਕੀਤੇ ਗਏ ਹੇਠਲੇ ਪੱਧਰ ਦੀਆਂ ਨਵੀਨਤਾਵਾਂ ਹਨ।
ਉਨ੍ਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਕਿਹਾਬਦਕਿਸਮਤੀ ਨਾਲ, ਪ੍ਰਧਾਨ ਮੰਤਰੀ ਮੋਦੀ ਇਸ ਨੂੰ ਸਮਝਣ ਵਿੱਚ ਅਸਫਲ ਰਹੇ ਹਨ, ਜਦੋਂ ਕਿ ਉਹ ਏ ਆਈ ’ਤੇ ‘ਟੈਲੀਪ੍ਰੋਂਪਟਰ’ ਭਾਸ਼ਣ ਦਿੰਦੇ ਹਨ, ਸਾਡੇ ਰਵਾਇਤੀ ਕੰਪੀਟੀਟਰ ਨਵੀਆਂ ਤਕਨਾਲੋਜੀਆਂ ਵਿੱਚ ਮੁਹਾਰਤ ਹਾਸਲ ਕਰ ਰਹੇ ਹਨ। ਭਾਰਤ ਨੂੰ ਫੋਕੇ ਸ਼ਬਦਾਂ ਦੀ ਨਹੀਂ, ਇੱਕ ਮਜ਼ਬੂਤ ਉਤਪਾਦਨ ਅਧਾਰ ਦੀ ਲੋੜ ਹੈ। ਭਾਰਤ ਕੋਲ ਬਹੁਤ ਪ੍ਰਤਿਭਾ, ਪੈਮਾਨਾ ਅਤੇ ਤਾਕਤ ਹੈ। ਸਾਡੇ ਕੋਲ ਇੱਕ ਸਪੱਸ਼ਟ ਦਿ੍ਰਸ਼ਟੀਕੋਣ ਹੋਣਾ ਚਾਹੀਦਾ ਹੈ ਅਤੇ ਆਪਣੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਅਤੇ ਭਾਰਤ ਨੂੰ ਭਵਿੱਖ ਵਿੱਚ ਲਿਜਾਣ ਲਈ ਅਸਲ ਉਦਯੋਗਿਕ ਹੁਨਰ ਪੈਦਾ ਕਰਨਾ ਚਾਹੀਦਾ ਹੈ। ਕਾਂਗਰਸ ਆਗੂ ਨੇ ਪੋਸਟ ਨਾਲ ਡਰੋਨ ਤਕਨਾਲੋਜੀ ਬਾਰੇ ਨੌਂ ਮਿੰਟ ਦਾ ਇੱਕ ਵੀਡੀਓ ਵੀ ਟੈਗ ਕੀਤਾ, ਜਿਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਕੋਲ ਭਵਿੱਖ ਲਈ ਅਜਿਹੀ ਤਕਨਾਲੋਜੀ ਵਿਕਸਤ ਕਰਨ ਦੀ ਪ੍ਰਤਿਭਾ ਅਤੇ ਇੰਜੀਨੀਅਰਿੰਗ ਹੁਨਰ ਹਨ।