ਮੋਗਾ (ਇਕਬਾਲ ਸਿੰਘ ਖਹਿਰਾ)
ਮੋਗਾ-ਫਿਰੋਜ਼ਪੁਰ ਰੋਡ ਸਥਿਤ ਥਾਣਾ ਘੱਲ ਕਲਾਂ ਦੇ ਨੇੜੇ ਸੜਕ ਹਾਦਸੇ ਦੌਰਾਨ ਇਕ ਤੇਜ਼ ਰਫਤਾਰ ਇੰਡੈਵਰ ਵੱਲੋਂ ਸਕੂਟਰੀ ਨੂੰ ਟੱਕਰ ਮਾਰੀ ਗਈ, ਜਿਸ ਕਾਰਨ ਇੱਕ ਮਹਿਲਾ ਦੀ ਮੌਕੇ ’ਤੇ ਮੌਤ ਹੋ ਗਈ ਤੇ ਉਸ ਦਾ ਪਤੀ ਗੰਭੀਰ ਜ਼ਖਮੀ ਹੋ ਗਿਆ। ਸਰਕਾਰੀ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਉਪਰੰਤ ਉਸ ਨੂੰ ਲੁਧਿਆਣੇ ਰੈਫਰ ਕਰ ਦਿੱਤਾ ਗਿਆ।ਜਿੱਥੇ ਉਸ ਦੀ ਵੀ ਮੌਤ ਹੋ ਗਈ। ਸਰਕਾਰੀ ਹਸਪਤਾਲ਼ ਦੇ ਡਾਕਟਰ ਨੇ ਦੱਸਿਆ ਕਿ ਮਿ੍ਰਤਕ ਔਰਤ ਵੀ ਗਰਭਵਤੀ ਸੀ।ਥਾਣਾ ਮੁਖੀ ਗੁਰਸੇਵਕ ਸਿੰਘ ਨੇ ਦੱਸਿਆ ਕਿ ਪਿੰਡ ਨਿਧਾਵਾਲਾ ਨਿਵਾਸੀ ਬਲਕਾਰ ਸਿੰਘ ਜੋ ਸੈਲੋ ਪਲਾਟ ਵਿਖੇ ਨੌਕਰੀ ਕਰਦਾ ਸੀ, ਆਪਣੀ ਪਤਨੀ ਲਵਜੀਤ ਕੌਰ ਨਾਲ ਮੋਗਾ ਤੋਂ ਵਿਆਹ ਸਮਾਗਮ ਨੂੰ ਲੈ ਕੇ ਖ੍ਰੀਦੋ-ਫਰੋਖਤ ਕਰਕੇ ਆਪਣੇ ਪਿੰਡ ਜਾ ਰਿਹਾ ਸੀ ਕਿ ਜਦੋਂ ਉਹ ਘੱਲ ਕਲਾਂ ਤੋਂ ਡਰੋਲੀ ਦੇ ਵਿਚਕਾਰ ਪੈਟਰੋਲ ਪੰਪ ਕੋਲ ਪੁੱਜਾ ਤਾਂ ਅਚਾਨਕ ਪਿੱਛੇ ਤੋਂ ਆ ਰਹੀ ਗੱਡੀ ਨੇ ਫੇਟ ਮਾਰ ਦਿੱਤੀ।ਉਨ੍ਹਾਂ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਲਵਜੀਤ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਬਲਕਾਰ ਸਿੰਘ ਬਾਅਦ ’ਚ ਦਮ ਤੋੜ ਗਿਆ।ਦੂਜੇ ਪਾਸੇ ਥਾਣਾ ਅੱਗੇ ਧਰਨਾ ਲਾ ਕੇ ਪਿੰਡ ਵਾਸੀਆਂ ਨੇ ਗੱਡੀ ਚਲਾਉਣ ਵਾਲੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਮਿ੍ਰਤਕ ਬਲਕਾਰ ਸਿੰਘ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਕਾਰ ਨਾਨਕਸਰ ਵਾਲੇ ਬਾਬਿਆਂ ਦੀ ਹੈ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਾਰੀ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ।ਥਾਣਾ ਸਦਰ ਪੁਲਸ ਵੱਲੋਂ ਮੇਜਰ ਸਿੰਘ ਪੁੱਤਰ ਬਹਾਦਰ ਸਿੰਘ ਪੁੱਤਰ ਸੰਤਾ ਸਿੰਘ ਵਾਸੀ ਨਿਧਾਵਾਲਾ ਦੇ ਬਿਆਨਾਂ ’ਤੇ ਧਰਮਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਕੋਠੇ ਸ਼ੇਰਜੰਗ ਜਗਰਾੳਂੁ ਹਾਲ ਅਬਾਦ ਨਾਨਕਸਰ ਕਲੇਰਾਂ ਅਤੇ ਸੰਤ ਬਾਬਾ ਲੱਖਾ ਸਿੰਘ ਵਾਸੀ ਨਾਨਕਸਰ ਠਾਠ ਖਿਲਾਫ ਕੇਸ ਰਜਿਸਟਰ ਹੋਇਆ ਹੈ। ਮੇਜਰ ਸਿੰਘ ਨੇ ਦੱਸਿਆ ਹੈ ਕਿ ਮੇਰਾ ਲੜਕਾ ਬਲਕਾਰ ਸਿੰਘ ਅਤੇ ਉਸਦੀ ਪਤਨੀ ਲਵਜੀਤ ਕੌਰ ਆਪਣੀ ਸਕੂਟਰੀ ਨੰਬਰੀ 2-76-1-7965 ਐਕਟਿਵਾ ’ਤੇ ਸਵਾਰ ਹੋ ਕੇ ਮੋਗੇ ਤੋਂ ਵਾਪਸ ਆ ਰਹੇ ਸੀ ਕਿ ਜਦ ਮੇਰਾ ਲੜਕਾ ਬਲਕਾਰ ਸਿੰਘ ਸਮੇਤ ਮੇਰੀ ਨੂੰਹ ਦੇ ਮੋਗਾ ਫਿਰੋਜਪੁਰ ਜੀ.ਟੀ ਰੋਡ ’ਤੇ ਥਾਣਾ ਸਦਰ ਮੋਗਾ ਤੇ ਕਰੀਬ 500 ਮੀਟਰ ਪਿੱਛੇ ਪੁੱਜਾ ਤਾਂ ਇੱਕ ਗੱਡੀ ਇੰਨਡੇਵਰ ਨੰਬਰੀ 2-10-8-8202 ਰੰਗ ਚਿੱਟਾ ਪਿੱਛੇ ਤੋਂ ਬੜੀ ਤੇਜ਼ ਰਫਤਾਰ ਨਾਲ ਆਈ ਤੇ ਸਕੂਟਰੀ ਦੇ ਪਿੱਛੇ ਟੱਕਰ ਮਾਰ ਦਿੱਤੀ, ਜਿਸ ਕਾਰਨ ਲੜਕੇ ਬਲਕਾਰ ਸਿੰਘ ਅਤੇ ਉਸਦੀ ਪਤਨੀ ਲਵਪ੍ਰੀਤ ਕੌਰ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮੇਰੀ ਨੁੰਹ ਗਰਭਵਤੀ ਸੀ। ਥਾਣਾ ਸਦਰ ਪੁਲਸ ਵੱਲੋਂ ਧਰਮਿੰਦਰ ਸਿੰਘ ਅਤੇ ਸੰਤ ਬਾਬਾ ਲੱਖਾ ਸਿੰਘ ਦੇ ਖਿਲਾਫ ਮਿਤੀ 14.02.2025 ਅ/ਧ 106 (1), 281, 125 (ਏ), 125-(ਬੀ), 324 (4) ਬੀ ਐਨ ਐਸ ਥਾਣਾ ਸਦਰ ਮੋਗਾ ਦਰਜ ਕੀਤਾ ਗਿਆ ਹੈ।





