ਅੰਮਿ੍ਰਤਸਰ (ਜਸਬੀਰ ਸਿੰਘ ਪੱਟੀ, ਨਰਿੰਦਰਜੀਤ ਸਿੰਘ)
ਮੁੱਖ ਮੰਤਰੀ ਭਗਵੰਤ ਮਾਨ ਨੇ ਸਨਿੱਚਰਵਾਰ ਮੁੜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਜਾ ਰਹੇ ਪ੍ਰਵਾਸੀ ਭਾਰਤੀਆਂ ਨੂੰ ਅੰਮਿ੍ਰਤਸਰ ਦੇ ਹਵਾਈ ਅੱਡੇ ਦੀ ਥਾਂ ’ਤੇ ਦੇਸ਼ ਦੇ ਕਿਸੇ ਹੋਰ ਹਵਾਈ ਅੱਡੇ ’ਤੇ ਉਤਾਰਿਆ ਜਾਵੇ। ਉਨ੍ਹਾ ਸਪੱਸ਼ਟ ਕਿਹਾ ਕਿ ਅੰਮਿ੍ਰਤਸਰ ਦੇ ਹਵਾਈ ਅੱਡੇ ਨੂੰ ਡਿਪੋਰਟ ਅੱਡਾ ਨਾ ਬਣਾਇਆ ਜਾਵੇ, ਇਹ ਸ਼ਹਿਰ ਇੱਕ ਰੂਹਾਨੀ ਕੇਂਦਰ ਹੈ ਅਤੇ ਇਸ ਨੂੰ ਅਧਿਆਤਮਕ ਕੇਂਦਰ ਹੀ ਰਹਿਣ ਦਿੱਤਾ ਜਾਵੇ। ਹਵਾਈ ਅੱਡੇ ’ਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਪ੍ਰਵਾਸੀ ਭਾਰਤੀਆਂ ਨੂੰ ਲੈ ਕੇ ਆ ਰਹੇ ਅਮਰੀਕਾ ਦੇ ਜਹਾਜ਼ ਵਿੱਚ 67 ਵਿਅਕਤੀ ਪੰਜਾਬ ਦੇ ਵਾਸੀ ਹਨ। ਉਨ੍ਹਾ ਦੱਸਿਆ ਕਿ ਇਨ੍ਹਾਂ ਦੇ ਵੇਰਵੇ ਜਾਂਚ ਲਏ ਗਏ ਹਨ ਅਤੇ ਇਹ ਸਾਰੇ ਹੀ ਬਿਨਾਂ ਅਪਰਾਧਕ ਪਿਛੋਕੜ ਵਾਲੇ ਹਨ। ਇਨ੍ਹਾਂ ਨੂੰ ਘਰ-ਘਰ ਪਹੁੰਚਾਉਣ ਵਾਸਤੇ ਵਾਹਨਾਂ ਦਾ ਪ੍ਰਬੰਧ ਕਰ ਲਿਆ ਗਿਆ ਹੈ। ਜੇ ਵਾਪਸ ਪਰਤੇ ਵਿਅਕਤੀ ਹਰਿਮੰਦਰ ਸਾਹਿਬ ਨਤਮਸਤਕ ਹੋਣਾ ਚਾਹੁੰਣਗੇ ਤਾਂ ਇਸ ਵਾਸਤੇ ਵੀ ਲੋੜੀਂਦਾ ਪ੍ਰਬੰਧ ਕੀਤਾ ਗਿਆ ਹੈ। ਬਾਕੀ ਸਾਰੇ ਪਰਤ ਰਹੇ ਪ੍ਰਵਾਸੀ ਭਾਰਤੀਆਂ ਵਾਸਤੇ ਵੀ ਹਵਾਈ ਅੱਡੇ ਵਿਖੇ ਲੰਗਰ ਅਤੇ ਕੁਝ ਦੇਰ ਠਹਿਰਨ ਦਾ ਪ੍ਰਬੰਧ ਕੀਤਾ ਗਿਆ ਹੈ। ਪੰਜਾਬ ਅਤੇ ਹਰਿਆਣਾ ਦੇ ਪਰਤ ਰਹੇ ਭਾਰਤੀਆਂ ਨੂੰ ਛੱਡ ਕੇ ਬਾਕੀ ਹੋਰਨਾਂ ਸੂਬਿਆਂ ਦੇ ਭਾਰਤੀ ਨਾਗਰਿਕਾਂ ਨੂੰ ਹਵਾਈ ਅੱਡੇ ਦੇ ਅੰਦਰ ਹੀ ਰੱਖਿਆ ਜਾਵੇਗਾ ਅਤੇ ਸਵੇਰੇ 6 ਵਜੇ ਤੋਂ ਬਾਅਦ ਉਨ੍ਹਾਂ ਨੂੰ ਵੱਖਰੀ ਉਡਾਣ ਰਾਹੀ ਦਿੱਲੀ ਲਿਜਾਇਆ ਜਾਵੇਗਾ, ਜਿੱਥੋਂ ਅਗਾਂਹ ਉਨ੍ਹਾਂ ਦੇ ਸੂਬਿਆਂ ਵਿੱਚ ਭੇਜਿਆ ਜਾਵੇਗਾ। ਉਨ੍ਹਾ ਇੱਕ ਵਾਰ ਮੁੜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਜਾ ਰਹੇ ਪ੍ਰਵਾਸੀ ਭਾਰਤੀਆਂ ਨੂੰ ਅੰਮਿ੍ਰਤਸਰ ਦੇ ਹਵਾਈ ਅੱਡੇ ’ਤੇ ਉਤਾਰਨ ਦੀ ਥਾਂ ਦੇਸ਼ ਦੇ ਹੋਰ ਹਵਾਈ ਅੱਡਿਆਂ ’ਤੇ ਉਤਾਰਿਆ ਜਾਵੇ। ਉਨ੍ਹਾ ਭਾਜਪਾ ਆਗੂ ਆਰ ਪੀ ਸਿੰਘ ਦੀ ਇਸ ਦਲੀਲ ਨੂੰ ਰੱਦ ਕੀਤਾ ਕਿ ਅੰਮਿ੍ਰਤਸਰ ਦਾ ਹਵਾਈ ਅੱਡਾ ਨੇੜੇ ਪੈਂਦਾ ਹੈ। ਉਨ੍ਹਾ ਕਿਹਾ ਕਿ ਜੇ ਇਹ ਹਵਾਈ ਅੱਡਾ ਨੇੜੇ ਪੈਂਦਾ ਹੈ ਤਾਂ ਫਿਰ ਇੱਥੋਂ ਅਮਰੀਕਾ ਤੇ ਕੈਨੇਡਾ ਨੂੰ ਸਿੱਧੀਆਂ ਹਵਾਈ ਉਡਾਣਾਂ ਸ਼ੁਰੂ ਕਰਨ ਵਿੱਚ ਕੀ ਸਮੱਸਿਆ ਹੈ। ਜੇ ਡਿਪੋਰਟ ਕੀਤੇ ਵਿਅਕਤੀਆਂ ਵਿੱਚ ਕੋਈ ਵੈਟੀਕਨ ਸਿਟੀ ਦਾ ਨਾਗਰਿਕ ਹੋਵੇਗਾ ਤਾਂ ਕੀ ਉੱਥੇ ਹਵਾਈ ਜਹਾਜ਼ ਉਤਾਰਨ ਦੀ ਆਗਿਆ ਦਿੱਤੀ ਜਾਵੇਗੀ। ਅੰਮਿ੍ਰਤਸਰ ਅਧਿਆਤਮਕ ਕੇਂਦਰ ਹੈ, ਵਪਾਰਕ ਕੇਂਦਰ ਹੈ ਅਤੇ ਇਸ ਨੂੰ ਡਿਪੋਰਟ ਅੱਡਾ ਨਾ ਬਣਾਇਆ ਜਾਵੇ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾ ਕਿਹਾ ਕਿ ਵਾਪਸ ਪਰਤਣ ਵਾਲੇ ਵਿਅਕਤੀਆਂ ਕੋਲੋਂ ਉਨ੍ਹਾਂ ਨੂੰ ਵਿਦੇਸ਼ ਭੇਜਣ ਵਾਲੇ ਏਜੰਟਾਂ ਬਾਰੇ ਪਤਾ ਲਾਇਆ ਜਾਵੇਗਾ ਅਤੇ ਅਜਿਹੇ ਮਨੁੱਖੀ ਤਸਕਰੀ ਕਰਨ ਵਾਲੇ ਏਜੰਟਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਪੰਜਾਬ ਸਰਕਾਰ ਇਸ ਤੋਂ ਪਹਿਲਾਂ ਵਾਪਸ ਪਰਤੇ ਪੰਜਾਬੀਆਂ ਦੀ ਸ਼ਿਕਾਇਤ ’ਤੇ ਏਜੰਟਾਂ ਖਿਲਾਫ ਕੇਸ ਦਰਜ ਕਰ ਚੁੱਕੀ ਹੈ ਅਤੇ ਕਾਰਵਾਈ ਸ਼ੁਰੂ ਕੀਤੀ ਜਾ ਚੁੱਕੀ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾ ਕਿਹਾ ਕਿ ਵਾਪਸ ਪਰਤਣ ਵਾਲਿਆਂ ਕੋਲੋਂ ਉਨ੍ਹਾਂ ਦੀ ਯੋਗਤਾ, ਤਜਰਬਾ ਤੇ ਰੁਚੀ ਆਦਿ ਬਾਰੇ ਜਾਨਣ ਤੋਂ ਬਾਅਦ ਉਨ੍ਹਾਂ ਦੇ ਮੁੜਵਸੇਬੇ ਲਈ ਵੀ ਢੁਕਵੇਂ ਪ੍ਰਬੰਧ ਕਰਨ ਦਾ ਯਤਨ ਕੀਤਾ ਜਾਵੇਗਾ। ਉਨ੍ਹਾ ਦੱਸਿਆ ਕਿ ਅਮਰੀਕਾ ਦਾ ਜਹਾਜ਼ ਰਾਤ ਲਗਭਗ 10 ਵਜੇ ਅੰਮਿ੍ਰਤਸਰ ਦੇ ਹਵਾਈ ਅੱਡੇ ’ਤੇ ਪੁੱਜੇਗਾ, ਉਹ ਵਾਪਸ ਪਰਤਣ ਵਾਲੇ ਸਮੂਹ ਭਾਰਤੀਆਂ ਦਾ ਸਵਾਗਤ ਕਰਨਗੇ। ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਨ੍ਹਾ ਕਿਹਾ ਕਿ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਵਾਪਸ ਪਰਤ ਰਹੇ ਭਾਰਤੀਆਂ ਨੂੰ ਪਹਿਲਾਂ ਵਾਂਗ ਹੀ ਹੱਥਕੜੀਆਂ ਅਤੇ ਬੇੜੀਆਂ ਲਾਈਆਂ ਹੋਈਆਂ ਹਨ ਜਾਂ ਨਹੀਂ। ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕਾ ਦੌਰੇ ਦੌਰਾਨ ਰਾਸ਼ਟਰਪਤੀ ਟਰੰਪ ਨਾਲ ਇਸ ਬਾਰੇ ਗੱਲ ਕਰਨੀ ਚਾਹੀਦੀ ਸੀ ਅਤੇ ਵਾਪਸ ਪਰਤ ਰਹੇ ਭਾਰਤੀਆਂ ਵਾਸਤੇ ਆਪਣੇ ਦੇਸ਼ ਤੋਂ ਵਿਸ਼ੇਸ਼ ਜਹਾਜ਼ ਭੇਜ ਕੇ ਉਨ੍ਹਾਂ ਨੂੰ ਵਾਪਸ ਲਿਆਉਣਾ ਚਾਹੀਦਾ ਸੀ। ਭਾਵੇਂ ਵਾਪਸ ਭੇਜੇ ਜਾ ਰਹੇ ਭਾਰਤੀਆਂ ਕੋਲੋਂ ਗਲਤੀ ਹੋਈ ਹੈ, ਪਰ ਉਹ ਅਪਰਾਧੀ ਨਹੀਂ ਹਨ। ਉਹ ਸਿਸਟਮ ਤੋਂ ਖਫਾ ਹੋ ਕੇ ਵਿਦੇਸ਼ ਗਏ ਸਨ। ਵਾਪਸ ਪਰਤ ਰਹੇ ਪ੍ਰਵਾਸੀ ਭਾਰਤੀਆਂ ਨੂੰ ਹਵਾਈ ਅੱਡੇ ’ਤੇ ਮਿਲਣ ਪੁੱਜ ਰਹੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਆਮਦ ਬਾਰੇ ਉਨ੍ਹਾ ਵਿਅੰਗਮਈ ਢੰਗ ਨਾਲ ਆਖਿਆ ਕਿ ਰੇਲ ਮੰਤਰੀ ਨੇ ਹਵਾਈ ਅੱਡੇ ’ਤੇ ਕੀ ਕਰਨਾ ਹੈ, ਉਨ੍ਹਾ ਨੂੰ ਰੇਲ ਵਿਭਾਗ ਦੇ ਕੰਮ ਨੂੰ ਦੇਖਣਾ ਚਾਹੀਦਾ ਹੈ।





